27 ਜੁਲਾਈ ਤੋਂ ਮੁਕੰਮਲ ਕੰਮ ਬੰਦ ਕਰਕੇ ਹੜਤਾਲ ਤੇ ਚਲੇ ਜਾਣਗੇ ਰਾਸਟਰੀ ਸਿਹਤ ਮਿਸ਼ਨ ਦੇ ਮੁਲਾਜਮ
ਲੋਕੇਸ਼ ਕੌਸ਼ਲ ਪਟਿਆਲਾ 23 ਜੁਲਾਈ 2020
ਰਾਸਟਰੀ ਸਿਹਤ ਮਿਸ਼ਨ ਪੰਜਾਬ ਅਧੀਨ ਕੰਮ ਕਰਦੇ ਮੁਲਾਜਮਾਂ ਦੀਆਂ ਸਮੁੱਚੀਆਂ ਐਸੋਸੀਏਸ਼ਨਾਂ ਅਤੇ ਵੱਖ-ਵੱਖ ਕੈਡਰਾਂ ਦੇ ਆਗੂਆਂ ਦੀ ਸਾਂਝੇ ਸੱਦੇ ਤੇ ਮੁਲਾਜਮਾ ਦੀਆਂ ਜਾਇਜ ਮੰਗਾਂ ਦੇ ਸਰਕਾਰ ਪੱਧਰ ਤੇ ਪੂਰਾ ਨਾ ਹੋਣ ਦੇ ਰੋਸ ਵਜੋਂ ਵੀਰਵਾਰ ਨੂੰ ਸਮੁੱਚੇ ਪੰਜਾਬ ਦੇ ਰਾਸ਼ਟਰੀ ਸਿਹਤ ਮਿਸ਼ਨ ਮੁਲਾਜਮਾਂ ਵੱਲੋਂ ਹੜਤਾਲ ਕੀਤੀ ਗਈ। ਸਰਕਾਰ ਦੀਆਂ ਮੁਲਾਜਮ ਮਾਰੂ ਨੀਤੀਆਂ ਦਾ ਲੰਮੇ ਸਮੇਂ ਤੋਂ ਸ਼ਿਕਾਰ ਹੋ ਰਹੇ , ਇਨ੍ਹਾਂ ਮੁਲਾਜਮਾਂ ਦਾ ਭਰਵਾਂ ਹੁੰਗਾਰਾ ਮਿਲਿਆ ਅਤੇ ਮੁਲਾਜਮਾ ਨੇ ਇਸ ਹੜਤਾਲ ਵਿੱਚ ਵਧ-ਚੜ੍ਹ ਕੇ ਹਿੱਸਾ ਲਿਆ।
ਮੁਲਾਜਮਾਂ ਨੇ ਜਿਲ੍ਹਾ ਅਤੇ ਬਲਾਕ ਪੱਧਰ ਤੇ ਇਕੱਠੇ ਹੋ ਕੇ ਸਰਕਾਰ ਦੇ ਖਿਲਾਫ ਨਾਰੇਬਾਜੀ ਕੀਤੀ ਇਸ ਮੌਕੇ ਤੇ ਸਾਂਝਾ ਬਿਆਨ ਜਾਰੀ ਕਰਦਿਆਂ ਐਨ.ਆਰ.ਐਚ.ਐਮ. ਇੰਪਲਾਇਜ ਐਸੋਸੀਏਸ਼ਨ ਪੰਜਾਬ ਅਤੇ ਐਨ.ਆਰ.ਐਚ.ਐਮ. ਇੰਪਲਾਇਜ ਯੂਨੀਅਨ ਪਜਾਬ ਤੋਂ ਡਾਕਟਰ ਇੰਦਰਜੀਤ ਸਿੰਘ ਰਾਣਾ ਅਤੇ ਅਮਰਜੀਤ ਸਿੰਘ ਨੇ ਕਿਹਾ ਕਿ ਇਸ ਔਖੇ ਸਮੇਂ ਵਿੱਚ ਮੁਲਾਜਮ ਆਪਣੀ ਜਾਨ ਤਲੀ ਤੇ ਧਰ ਕੇ ਲੋਕਾਂ ਨੂੰ ਬਚਾਉਣ ਲਈ ਕੋਵਿਡ-19 ਮਾਹਾਮਾਰੀ ਖਿਲਾਫ ਲੜ ਰਹੇ ਹਨ। ਇਸ ਲੜਾਈ ਦੌਰਾਨ ਕਈ ਮੁਲਾਜਮ ਆਪ ਇਸ ਮਹਾਂਮਾਰੀ ਦਾ ਸ਼ਿਕਾਰ ਹੋ ਗਏ ਹਨ। ਪਰ ਸਰਕਾਰ ਇਨ੍ਹਾਂ ਮੁਲਾਜਮਾਂ ਦੇ ਸ਼ੋਸਣ ਕਰਨ ਦਾ ਕੋਈ ਮੌਕਾ ਨਹੀ ਛੱਡ ਰਹੀ।
ਉਨਾਂ ਕਿਹਾ ਕਿ ਸਰਕਾਰ ਦੀਆਂ ਮੁਲਾਜਮ ਮਾਰੂ ਨੀਤੀਆਂ ਤੋਂ ਤੰਗ ਆ ਕੇ ਆਪਣੇ ਹੱਕ ਲੈਣ ਲਈ ਮੁਲਾਜਮਾਂ ਨੇ ਆਰ-ਪਾਰ ਦੇ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ। ਇਸ ਲਈ ਸਿਰਫ ਤੇ ਸਿਰਫ ਮੌਜੂਦਾ ਸਰਕਾਰ ਜਿੰਮੇਵਾਰ ਹੈ. ਆਗੂਆਂ ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਉਹ ਨਿੱਜੀ ਦਖਲ ਦੇ ਕੇ ਮੁਲਾਜਮਾਂ ਨਾਲ ਹੋ ਰਹੀ ਧੱਕੇ ਸ਼ਾਹੀ ਨੂੰ ਖਤਮ ਕਰਵਾਉਣ । ਇਨ੍ਹਾਂ ਤਜੁਰਬੇਕਾਰ ਮੁਲਾਜਮਾਂ ਨੂੰ ਪਹਿਲ ਦੇ ਆਧਾਰ ਤੇ ਪੱਕਾ ਕੀਤਾ ਜਾਵੇ ਅਤੇ ਨਵੀਆਂ ਭਰਤੀਆਂ ਲਈ ਦਿੱਤਾ ਗਿਆ ਇਸ਼ਤਿਹਾਰ ਤੁਰੰਤ ਰੱਦ ਕੀਤਾ ਜਾਵੇ। ਆਉਟਸੋਰਸ ਕਰਮਚਾਰੀਆਂ ਨੂੰ ਵਿਭਾਗ ਵਿੱਚ ਮਰਜ਼ ਕੀਤਾ ਜਾਵੇ ਅਤੇ ਐਨ ਐਚ ਐਮ ਕਰਮਚਾਰੀਆਂ ਨੂੰ ਮਿਲਦੇ ਲਾਭ ਵੀ ਦਿਤੇ ਜਾਣ। ਇਸ ਸਬੰਧ ਵਿੱਚ ਜਲਦੀ ਤੋਂ ਜਲਦੀ ਯੂਨੀਅਨ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਲਈ ਸਮਾਂ ਦਿੱਤਾ ਜਾਵੇ । ਅਜਿਹਾ ਨਾ ਹੋਣ ਦੀ ਸਥਿਤੀ ਵਿੱਚ ਮੁਲਾਜਮ ਸੋਮਵਾਰ ਮਿਤੀ 27-07-2020 ਤੋਂ ਮੁਕੰਮਲ ਕੰਮ ਬੰਦ ਕਰਕੇ ਹੜਤਾਲ ਤੇ ਚਲੇ ਜਾਣਗੇ।