ਕੈਪਟਨ ਨੂੰ ਸਵਾਲ- ਫੇਸਬੁੱਕ ਲਾਈਵ ਸੈਸ਼ਨ ਦੌਰਾਨ ਲੁਧਿਆਣਾ ਵਾਸੀਆਂ ਦੇ ਸਵਾਲਾਂ ਦੇ ਜੁਆਬ ਦਿੱਤੇ
ਡੀ.ਐਸ.ਪੀਜ ਅਤੇ ਸਬ ਇੰਸਪੈਕਟਰਾਂ ਦੀ ਭਰਤੀ ਵੀ ਕੀਤੀ ਜਾਵੇਗੀ-ਕੈਪਟਨ
ਦਵਿੰਦਰ ਡੀ.ਕੇ. ਲੁਧਿਆਣਾ, 12 ਜੁਲਾਈ 2020
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੈਪਟਨ ਨੂੰ ਸਵਾਲ ਪ੍ਰੋਗਾਰਮ ਦੌਰਾਨ ਪੁੱਛੇ ਇਕ ਸਵਾਲ ਕਿ ਸੁਖਦੇਵ ਸਿੰਘ ਢੀਂਡਸਾ ਵੱਲੋਂ ਹਾਲ ਹੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਬਣਾਉਣ ਪਿਛੇ ਕੀ ਕਾਂਗਰਸ ਦਾ ਕੋਈ ਹੱਥ ਤਾਂ ਨਹੀਂ, ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਪਾਰਟੀ ਵਿੱਚ ਕੀ ਵਾਪਰਦਾ ਹੈ ‘ਇਸ ਨਾਲ ਸਾਡਾ ਕੋਈ ਸਬੰਧ ਨਹੀਂ ਹੈ’।
ਉਨਾਂ ਵਿਅੰਗ ਕਸਦਿਆਂ ਕਿਹਾ ਕਿ, ”ਉਹ ਲੜਦੇ ਰਹੇ ਹਨ..ਇਤਿਹਾਸ ਦੱਸਦਾ ਹੈ ਕਿ ਉਹ ਵੰਡੇ ਜਾਂਦੇ ਰਹੇ ਹਨ। ਇਸ ਵਿੱਚ ਕੁਝ ਵੀ ਨਵਾਂ ਨਹੀਂ। ਇਕ ਸਮੇਂ ਸੱਤ ਅਕਾਲੀ ਦਲ ਸਨ। ਅਕਾਲੀ ਪਾਰਟੀ ਰਬੜ ਬੈਂਡ ਵਰਗੀ ਹੈ-ਜੋ ਪਸਰਦੀ ਤੇ ਸੁੰਗੜਦੀ ਹੈ। ਉਨਾਂ ਅੱਗੇ ਕਿਹਾ ਕਿ ਅਜਿਹੀਆਂ ਘਟਨਾਵਾਂ ਇਸ ਪਾਰਟੀ ਦਾ ਆਮ ਵਰਤਾਰਾ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ”ਜੇਕਰ ਢੀਂਡਸਾ ਸਾਰੀ ਉਮਰ ਅਕਾਲੀ ਦਲ ਦਾ ਹਿੱਸਾ ਰਹਿ ਕੇ ਉਨਾਂ ਨਾਲ ਨਹੀਂ ਰਹਿ ਸਕਿਆ, ਇਸ ਸਬੰਧੀ ਕੋਈ ਕੀ ਕਹਿ ਸਕਦਾ ਹੈ”। ਉਨਾਂ ਕਿਹਾ ਕਿ ਇਹ ਲੋਕਤੰਤਰ ਦੀ ਖੂਬਸੂਰਤੀ ਹੈ ਕਿ ਕੋਈ ਕਿਸੇ ਵੀ ਸਮੇਂ ਕਿਸੇ ਵੀ ਪਾਰਟੀ ਨਾਲ ਜੁੜ ਸਕਦਾ ਹੈ।
ਲਾਈਵ ਸੈਸ਼ਨ ਦੌਰਾਨ ਖੰਨਾ ਵਾਸੀ ਸ੍ਰੀ ਸਤੀਸ਼ ਕੁਮਾਰ ਦੁਆਰਾ ਚੁੱਕੇ ਗਏ ਸਵਾਲ ਕੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਰਟੀਫਿਕੇਟ ਅਸਟ੍ਰੇਲੀਆ ਵਰਗੇ ਕੁਝ ਦੇਸ਼ਾਂ ਵਿੱਚ ਅੰਤਰਰਾਸ਼ਟਰੀ ਅਧਿਐਨਾਂ ਲਈ ਮਾਨਤਾ ਪ੍ਰਾਪਤ ਨਹੀਂ ਹੈ, ਦੇ ਸਬੰਧ ਵਿੱਚ ਕਿਹਾ ਕਿ ਉਹ ਇਸ ਮੁੱਦੇ ਨੂੰ ਅਸਟ੍ਰੇਲੀਆ ਸਰਕਾਰ ਕੋਲ ਉਠਾਉਣਗੇ ਅਤੇ ਉਨ੍ਹਾਂ ਨੂੰ ਅਪੀਲ ਕਰਨਗੇ ਕਿ ਉਹ ਆਪਣੇ ਦੇਸ਼ ਤੋਂ ਉੱਚ ਸਿੱਖਿਆ ਦੀ ਡਿਗਰੀ ਪ੍ਰਾਪਤ ਕਰਨ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਡਿਗਰੀ ਨੂੰ ਬਣਦੀ ਮਾਨਤਾ ਦੇਣ।
ਡੀ.ਐਸ.ਪੀਜ ਅਤੇ ਸਬ-ਇੰਸਪੈਕਟਰਾਂ ਦੀ ਭਰਤੀ ਉਮਰ ਹੱਦ ਨੂੰ 28 ਤੋਂ ਵਧਾ ਕੇ 32 ਸਾਲ ਕਰਨ ਬਾਰੇ ਲੁਧਿਆਣਾ ਤੋਂ ਸ੍ਰੀ ਅਮਰਪਾਲ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਇਸ ਸਬੰਧੀ ਜਲਦ ਹੀ ਅਧਿਕਾਰਤ ਐਲਾਨ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਡੀ.ਐਸ.ਪੀਜ ਅਤੇ ਸਬ ਇੰਸਪੈਕਟਰਾਂ ਦੀ ਭਰਤੀ ਵੀ ਕੀਤੀ ਜਾਵੇਗੀ ਅਤੇ ਨਾਲ ਹੀ ਉਨ੍ਹਾਂ ਦੀ ਇਸ ਸਬੰਧੀ ਤਿਆਰੀ ਲਈ ਸੁ਼ਭ ਕਾਮਨਾਵਾਂ ਵੀ ਦਿੱਤੀਆ।