ਰਾਜਪੁਰਾ ਦੇ ਮਾਲ ‘ਚ ਬਿਨ੍ਹਾਂ ਮਨਜੂਰੀ ਗੀਤ ਦੀ ਸ਼ੂਟਿੰਗ ਤੇ ਕੋਵਿਡ-19 ਇਹਤਿਆਤ ਦੀ ਉਲੰਘਣਾ ਕਰਨ ਦਾ ਮਾਮਲਾ
ਕੋਵਿਡ-19 ਦੇ ਨੇਮਾਂ ਦੀ ਉਲੰਘਣਾਂ ਦਾ ਮਾਮਲਾ ਦਰਜ-ਐਸ.ਐਸ.ਪੀ. ਸਿੱਧੂ
ਰਾਜੇਸ਼ ਗੌਤਮ ਪਟਿਆਲਾ
ਪਟਿਆਲਾ ਪੁਲਿਸ ਨੇ ਅੱਜ ਸ਼ਾਮ ਗਾਇਕ ਗੁਰਨਾਮ ਭੁੱਲਰ ਅਤੇ ਵੀਡੀਓ ਡਾਇਰੈਕਟਰ ਖੁਸ਼ਪਾਲ ਸਿੰਘ ਸਮੇਤ ਰਾਜਪੁਰਾ ਦੇ ਪ੍ਰਾਈਮ ਮਾਲ ਦੇ ਮਾਲਕ ਅਸ਼ਵਿਨ ਸੂਰੀ ਅਤੇ 41 ਹੋਰਨਾਂ ਵਿਰੁੱਧ ਕੋਵਿਡ-19 ਪ੍ਰੋਟੋਕਾਲ ਦੀ ਉਲੰਘਣਾ ਕਰਨ ਸਬੰਧੀਂ ਪੁਲਿਸ ਕੇਸ ਦਰਜ ਕੀਤਾ ਹੈ। ਇਹ ਜਾਣਕਾਰੀ ਪਟਿਆਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਦਿੱਤੀ।
ਐਸ.ਐਸ.ਪੀ. ਸ. ਸਿੱਧੂ ਨੇ ਦੱਸਿਆ ਕਿ ਰਾਜਪੁਰਾ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰਾਜਪੁਰਾ ਦੇ ਪ੍ਰਾਈਮ ਮਾਲ ਵਿਖੇ ਗੁਰਨਾਮ ਭੁੱਲਰ, ਵੀਡੀਓ ਡਾਇਰੈਕਟਰ ਖੁਸ਼ਪਾਲ ਸਿੰਘ ਅਤੇ 40 ਦੇ ਕਰੀਬ ਹੋਰਨਾਂ ਵਿਅਕਤੀਆਂ ਵੱਲੋਂ ਕੋਵਿਡ-19 ਦੇ ਨੇਮਾਂ ਦੀ ਉਲੰਘਣਾ ਕਰਦਿਆਂ ਬਿਨ੍ਹਾਂ ਪ੍ਰਵਾਨਗੀ ਕਿਸੇ ਗਾਣੇ ਦੀ ਸ਼ੂਟਿੰਗ ਕੀਤੀ ਜਾ ਰਹੀ ਹੈ।
ਸ. ਸਿੱਧੂ ਨੇ ਦੱਸਿਆ ਕਿ ਇਸ ‘ਤੇ ਤੁਰੰਤ ਕਾਰਵਾਈ ਕਰਦਿਆਂ ਐਸ.ਐਚ.ਓ. ਥਾਣਾ ਰਾਜਪੁਰਾ ਕਰਨਬੀਰ ਸਿੰਘ
ਨੇ ਐਸ.ਪੀ. ਅਕਾਸ਼ਦੀਪ ਸਿੰਘ ਔਲਖ ਦੀ ਅਗਵਾਈ ਹੇਠ ਤੁਰੰਤ ਕਾਰਵਾਈ ਕਰਦਿਆਂ ਮੌਕੇ ‘ਤੇ ਜਾ ਕੇ ਜਦੋਂ ਪ੍ਰਾਈਮ ਸਿਨੇਮਾ ਦਾ ਮੁਆਇਨਾ ਕੀਤਾ ਤਾਂ ਸ਼ੂਟਿੰਗ ਚੱਲ ਰਹੀ ਸੀ।
ਐਸ.ਐਸ.ਪੀ. ਨੇ ਦੱਸਿਆ ਕਿ ਗਾਇਕ ਤੇ ਡਾਇਰੈਕਟਰ ਕੋਲ ਇਸ ਸ਼ੂਟਿੰਗ ਦੀ ਕੋਈ ਪ੍ਰਵਾਨਗੀ ਨਾ ਹੋਣ ਕਰਕੇ ਅਤੇ ਨਾ ਹੀ ਕਿਸੇ ਵੱਲੋਂ ਸਮਾਜਿਕ ਦੂਰੀ ਅਤੇ ਹੋਰ ਕੋਵਿਡ-19 ਸਬੰਧੀਂ ਸਰਕਾਰ ਵੱਲੋਂ ਜਾਰੀ ਨੇਮਾਂ ਦੀ ਪਾਲਣਾ ਕੀਤੀ ਜਾ ਰਹੀ ਸੀ, ਜਿਸ ਕਰਕੇ ਕੋਰੋਨਾਵਾਇਰਸ ਮਹਾਂਮਾਰੀ ਫੈਲਣ ਦਾ ਖ਼ਤਰਾ ਦੇਖਦਿਆਂ ਸ਼ੂਟਿੰਗ ਬੰਦ ਕਰਵਾ ਕੇ ਸ਼ੂਟਿੰਗ ਦਾ ਸਾਰਾ ਸਾਜੋ ਸਮਾਨ ਵੀ ਪੁਲਿਸ ਨੇ ਕਬਜੇ ‘ਚ ਲੈ ਲਿਆ।
ਐਸ.ਐਸ.ਪੀ. ਨੇ ਦੱਸਿਆ ਕਿ ਥਾਣਾ ਸਦਰ ਰਾਜਪੁਰਾ ਵਿਖੇ ਪੁਲਿਸ ਨੇ ਐਫ.ਆਈ.ਆਰ. ਨੰਬਰ 88 ਮਿਤੀ 11/07/2020 ਆਈ.ਪੀ.ਸੀ. ਦੀ ਧਾਰਾ 188, ਡਿਜਾਸਟਰ ਮੈਨੇਜਮੈਂਟ ਐਕਟ ਦੀ ਧਾਰਾ 51, ਐਪੀਡੈਮਿਕ ਐਕਟ 1897 ਦੀ ਧਾਰਾ 3 ਤਹਿਤ ਗੁਰਨਾਮ ਭੁੱਲਰ, ਖੁਸ਼ਪਾਲ ਸਿੰਘ, ਸਤੀਸ਼ ਅਹੂਜਾ ਸਮੇਤ ਮਾਲਕ ਅਸ਼ਵਿਨ ਸੂਰੀ ਅਤੇ 40 ਹੋਰਨਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਸ. ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ, ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਟਿਆਲਾ ਪੁਲਿਸ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭੇ ਮਿਸ਼ਨ ਫ਼ਤਿਹ ਤਹਿਤ ਕੋਵਿਡ-19 ਨੇਮਾਂ ਦੀ ਪਾਲਣਾ ਕਰਨ ਅਤੇ ਕਰਵਾਉਣ ਲਈ ਤਤਪਰ ਹੈ ਤਾਂ ਕਿ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।