ਵਿਦੇਸ਼ ਜਾਣ ਦੇ ਲਾਲਚ ਚ, ਗੁਆ ਲਏ ਲੱਖਾਂ ਰੁਪਏ, ਪਤਨੀ ਸਣੇ ਸੌਹਰੇ ਪਰਿਵਾਰ ਦੇ 4 ਜਣਿਆਂ ਤੇ ਕੇਸ ਦਰਜ਼
ਹਰਿੰਦਰ ਨਿੱਕਾ ਬਰਨਾਲਾ 9 ਜੁਲਾਈ 2020
ਲੋਕ ਗਾਇਕ ਤੋਂ ਸੰਸਦ ਦੀਆਂ ਪੌੜੀਆਂ ਤੱਕ ਪਹੁੰਚੇ ਮੁਹੰਮਦ ਸਦੀਕ ਦਾ ਗਾਇਆ ,, ਲੱਡੂ ਮੁੱਕ ਗਏ ,ਯਾਰਾਨੇ ਟੁੱਟ ਗਏ, ਗੀਤ ਰੂੜੇਕੇ ਕਲਾਂ ਦੇ ਰਹਿਣ ਵਾਲੇ ਚਮਕੌਰ ਸਿੰਘ ਦੀ ਵਿਆਹੁਤਾ ਜਿੰਦਗੀ ਤੇ ਬਿਲਕੁਲ ਠੀਕ ਢੁੱਕਦਾ ਹੈ। ਹੋਇਆ ਇਉਂ ਕਿ ਚਮਕੌਰ ਸਿੰਘ ਹਰ ਕੀਮਤ ਦੇ ਵਿਦੇਸ਼ੀ ਧਰਤੀ ਤੇ ਪਹੁੰਚਣਾ ਚਾਹੁੰਦਾ ਸੀ, ਵਿਦੇਸ਼ ਜਾਣ ਦੇ ਲਾਲਚ ਚ, ਹੀ ਉਹ ਆਪਣੇ ਪਰਿਵਾਰ ਦੇ ਮਿੱਟੀ ਨਾਲ ਮਿੱਟੀ ਹੋ ਕੇ ਕਮਾਏ ਲੱਖਾਂ ਰੁਪਏ ਗੁਆ ਵੀ ਚੁੱਕਾ ਹੈ। ਜਦੋਂ ਗੱਲ ਵਿਗੜ ਕੇ ਪੁਲਿਸ ਕੋਲ ਪਹੁੰਚੀ ਤਾਂ ਪੁਲਿਸ ਨੇ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਚਮਕੌਰ ਸਿੰਘ ਦੀ ਪਤਨੀ ਤੇ ਸੌਹਰੇ ਪਰਿਵਾਰ ਦੇ 3 ਹੋਰ ਮੈਂਬਰਾਂ ਖਿਲਾਫ ਅਪਰਾਧਿਕ ਸਾਜਿਸ਼ ਤਹਿਤ ਧੋਖਾਧੜੀ ਦਾ ਕੇਸ ਦਰਜ਼ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਚ, ਚਮਕੌਰ ਸਿੰਘ ਪੁੱਤਰ ਮਹਿੰਦਰ ਸਿੰਘ ਨਿਵਾਸੀ ਰੂੜੇਕੇ ਕਲਾਂ ਨੇ ਦੱਸਿਆ ਕਿ ਉਹ ਵਿਦੇਸ਼ ਜਾਣਾ ਚਾਹੁੰਦਾ ਸੀ। ਸਾਲ 2017 ਚ, ਉਸ ਦੀ ਮੁਲਾਕਾਤ ਬਹਾਲ ਸਿੰਘ ਨਾਲ ਵਿਚੋਲੇ ਬਲੌਰ ਸਿੰਘ ਨਿਵਾਸੀ ਪਿੰਡ ਛੰਨਾ ਭੈਣੀ ਦੇ ਜਰੀਏ ਹੋਈ। ਬਹਾਲ ਸਿੰਘ ਨੇ ਮੇਰੇ ਪਰਿਵਾਰ ਨੂੰ ਦੱਸਿਆ ਕਿ ਉਸ ਦੀ ਦੋਹਤੀ ਸੁਮਨਪ੍ਰੀਤ ਕੌਰ ਦਾ ਨਰਸਿੰਗ ਦਾ ਕੋਰਸ ਕੀਤਾ ਹੋਇਆ ਹੈ। ਬਹਾਲ ਸਿੰਘ ਨੇ ਮੁਦਈ ਦੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਜੇਕਰ ਉਹ ਉਸ ਦੀ ਦੋਹਤੀ ਦੀ ਵਿਦੇਸ਼ ਦੀ ਪੜ੍ਹਾਈ ਅਤੇ ਵਿਆਹ ਦਾ ਖਰਚ ਕਰਨਗੇ ਤਾਂ ਉਹ ਆਪਣੀ ਦੋਹਤੀ ਦਾ ਵਿਆਹ ਮੁਦਈ ਨਾਲ ਕਰ ਦੇਵੇਗਾ। ਵਿਆਹ ਤੋਂ ਬਾਅਦ ਉਸ ਨੂੰ ਬਤੌਰ ਪਤੀ ਵਿਦੇਸ਼ ਲੈ ਜਾਣ ਦਾ ਭਰੋਸਾ ਵੀ ਦਿੱਤਾ ਗਿਆ । ਦੋਸ਼ਣ ਪਤਨੀ ਸੁਮਨਪ੍ਰੀਤ ਕੌਰ, ਸੌਹਰੇ ਸੰਤੋਖ ਸਿੰਘ, ਸੱਸ ਸਰਬਜੀਤ ਕੌਰ ਤੇ ਸਾਲੇ ਗੁਰਪ੍ਰੀਤ ਸਿੰਘ ਨਿਵਾਸੀ ਸੋਹੀਆਂ, ਜਿਲ੍ਹਾ ਲੁਧਿਆਣਾ ਨੇ ਵੀ ਬਹਾਲ ਸਿੰਘ ਦੀਆਂ ਸ਼ਰਤਾਂ ਮੁਤਾਬਿਕ ਵਿਆਹ ਕਰਨ ਦੀ ਹਾਮੀ ਭਰ ਦਿੱਤੀ।
ਵਿਆਹ ਅਤੇ ਵਿਦੇਸ਼ ਦੀ ਪੜ੍ਹਾਈ ਤੇ ਖਰਚ ਕੀਤੇ 14 ਲੱਖ ਰੁਪਏ ਪਰ ,,,
ਚਮਕੌਰ ਸਿੰਘ ਨੇ ਦੱਸਿਆ ਕਿ ਸੌਹਰੇ ਪਰਿਵਾਰ ਦੀਆਂ ਸ਼ਰਤਾਂ ਮੁਤਾਬਿਕ ਸੁਮਨਪ੍ਰੀਤ ਕੌਰ ਦੀ ਸ਼ਾਦੀ 16 ਨਵੰਬਰ 2017 ਨੂੰ ਕਰ ਦਿੱਤੀ ਗਈ। ਵਿਆਹ ਦਾ ਪੂਰਾ ਖਰਚਾ ਵੀ ਮੁਦਈ ਦੇ ਪਰਿਵਾਰ ਨੇ ਹੀ ਕੀਤਾ। ਪਰੰਤੂ ਪਤਨੀ ਸੁਮਨਪ੍ਰੀਤ ਕੌਰ ਦਾ ਵੀਜ਼ਾ ਕਿਸੇ ਕਾਰਣ ਪਹਿਲਾਂ 3 ਜਨਵਰੀ, ਫਿਰ 13 ਜਨਵਰੀ 2020 ਨੂੰ ਰਫਿਊਜ ਹੋ ਗਿਆ । ਸੁਮਨਪ੍ਰੀਤ ਕੌਰ ਨੇ ਉਸ ਦੇ ਖਾਤੇ ਚ, ਵਿਦੇਸ਼ ਦੀ ਪੜ੍ਹਾਈ ਲਈ ਮੇਰੇ ਜਮ੍ਹਾਂ ਕਰਵਾਏ 12 ਲੱਖ ਰੁਪਏ ਫੰਡ ਵੀ ਰਿਫੰਡ ਕਰਵਾ ਲਏ ਅਤੇ ਉਸ ਨਾਲ ਬਤੌਰ ਪਤਨੀ ਰਹਿਣ ਅਤੇ ਮੇਰੇ ਘਰ ਰਹਿਣ ਤੋਂ ਵੀ ਸਾਫ ਇਨਕਾਰ ਕਰ ਦਿੱਤਾ। ਇਸ ਤਰਾਂ ਉਕਤ ਸਾਰੇ ਦੋਸ਼ੀਆਂ ਨੇ ਉਸ ਨਾਲ ਅਪਰਾਧਿਕ ਸਾਜ਼ਿਸ਼ ਰਚ ਕੇ ਲੱਖਾਂ ਰੁਪਏ ਦੀ ਠੱਗੀ ਕਰ ਲਈ।
ਐਫ.ਆਈ.ਆਰ. ਚੋਂ ਗਾਇਬ ਦੋਸ਼ੀ ਸਾਜ਼ਿਸ਼ ਮੋਢੀ
ਚਮਕੌਰ ਸਿੰਘ ਨੇ ਦੱਸਿਆ ਕਿ ਉਸ ਨੇ ਇਸ ਘਟਨਾਕ੍ਰਮ ਸਬੰਧੀ ਸ਼ਿਕਾਇਤ ਪਹਿਲਾਂ 14 ਫਰਵਰੀ ਨੂੰ ਥਾਣਾ ਰੂੜੇਕੇ ਕਲਾਂ ਚ, ਦਿੱਤੀ। ਪਰ ਸ਼ਿਕਾਇਤ ਦੇ ਕਰੀਬ ਤਿੰਨ ਮਹੀਨਿਆਂ ਦੇ ਸਮੇਂ ਚ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਜਿਸ ਤੋਂ ਬਾਅਦ ਦੁਖੀ ਹੋ ਕੇ ਉਸ ਨੇ 21 ਮਈ ਨੂੰ ਹੋਰ ਸ਼ਿਕਾਇਤ ਐਸਐਸਪੀ ਸੰਦੀਪ ਗੋਇਲ ਨੂੰ ਦਿੱਤੀ, ਜਿਨ੍ਹਾਂ ਇਸ ਦੀ ਪੜਤਾਲ ਡੀਐਸਪੀ ਬਲਜੀਤ ਸਿੰਘ ਬਰਾੜ ਨੂੰ ਸੌਂਪ ਦਿੱਤੀ। ਉਨ੍ਹਾਂ ਕਿਹਾ ਕਿ ਇਸ ਠੱਗੀ ਦਾ ਮੁੱਢ ਬੰਨਣ ਵਾਲਾ ਸਾਜਿਸ਼ ਦਾ ਮੁੱਖ ਧੁਰਾ ਸੁਮਨਪ੍ਰੀਤ ਕੌਰ ਦਾ ਨਾਨਾ ਬਹਾਲ ਸਿੰਘ ਹੀ ਹੈ। ਹੈਰਾਨੀ ਦੀ ਗੱਲ ਇਹ ਸਾਹਮਣੇ ਆਈ ਕਿ ਆਖਿਰ ਪੁਲਿਸ ਨੇ ਥਾਣਾ ਰੂੜੇਕੇ ਕਲਾਂ ਚ, ਦਰਜ਼ ਐਫਆਈਆਰ ਨੰਬਰ 68 ਵਿੱਚ ਬਹਾਲ ਸਿੰਘ ਨੂੰ ਦੋਸ਼ੀ ਨਾਮਜ਼ਦ ਹੀ ਨਹੀਂ ਕੀਤਾ ਗਿਆ। ਚਮਕੌਰ ਸਿੰਘ ਨੇ ਬਹਾਲ ਸਿੰਘ ਦੇ ਖਿਲਾਫ ਕੇਸ ਦਰਜ਼ ਨਾ ਹੋਣ ਤੇ ਅਫਸੋਸ ਜਾਹਿਰ ਕੀਤਾ। ਉਨ੍ਹਾਂ ਕਿਹਾ ਕਿ ਮੈਂ ਇਸ ਸਬੰਧੀ ਆਪਣੇ ਵਕੀਲ ਨਾਲ ਰਾਇ ਕਰਕੇ ਬਹਾਲ ਸਿੰਘ ਖਿਲਾਫ ਕੇਸ ਦਰਜ਼ ਕਰਵਾਉਣ ਲਈ ਅਗਲੀ ਕਾਰਵਾਈ ਸ਼ੁਰੂ ਕਰਾਂਗਾ।
ਕੇਸ ਦਰਜ਼, ਦੋਸ਼ੀਆਂ ਦੀ ਗਿਰਫਕਾਰੀ ਦੇ ਯਤਨ ਜਾਰੀ
ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਜੋਗਿੰਦਰ ਸਿੰਘ ਨੇ ਦੱਸਿਆ ਕਿ ਦੁਰਖਾਸਤ ਨੰਬਰੀ 1216/ਵੀ ਪੀ ਮਿਤੀ 21/5/2020 ਦੀ ਪੜਤਾਲ ਉਪਰੰਤ ਸ਼ਿਕਾਇਤ ਕਰਤਾ ਦੀ ਪਤਨੀ ਸੁਮਨਪ੍ਰੀਤ ਕੌਰ, ਸੰਤੋਖ ਸਿੰਘ ਸੌਹਰਾ, ਸਰਬਜੀਤ ਕੌਰ ਸੱਸ ਅਤੇ ਗੁਰਪ੍ਰੀਤ ਸਿੰਘ ਸਾਲਾ ਦੇ ਖਿਲਾਫ ਅਧੀਨ ਜੁਰਮ 420/120 B IPC ਦੇ ਤਹਿਤ ਥਾਣਾ ਰੂੜੇਕੇ ਕਲਾਂ ਚ, ਕੇਸ ਦਰਜ਼ ਕਰਕੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਜਲਦ ਹੀ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।