ਅਸ਼ੋਕ ਵਰਮਾ , ਬਠਿੰਡਾ 27 ਦਸੰਬਰ 2023 ਟੀਚਰਜ਼ ਹੋਮ ਵਿਖੇ ਚੱਲ ਰਹੇ ਪੀਪਲਜ਼ ਲਿਟਰੇਰੀ ਫੈਸਟੀਵੈਲ ਦੌਰਾਨ ਲੇਖਕ ਗੁਰਪ੍ਰੇਮ ਲਹਿਰੀ ਦੀ ਨਵੀਂ ਪੁਸਤਕ ‘ਸਵਿਟਜ਼ਰਲੈਂਡ ਆਫ ਨਾਗਾਲੈਂਡ-ਈਸਟ’ ਰਿਲੀਜ਼ ਕੀਤੀ ਗਈ। ਪੁਸਤਕ ਲੋਕ ਅਰਪਣ ਕਰਨ ਦੀ ਰਸਮ ਸਤੀਸ਼ ਵਰਮਾ, ਸੈਮੂਅਲ ਜੌਹਾਨ, ਪ੍ਰੋ: ਰਜਿੰਦਰ ਸਿੰਘ ਬਰਾੜ, ਰਾਜੀਵ ਸ਼ਰਮਾ ਅਤੇ ਖੁਸ਼ਵੰਤ ਬਰਗਾੜੀ ਨੇ ਨਿਭਾਈ । ਇਸ ਮੌਕੇ ਇਸ ਪੁਸਤਕ ਨੂੰ ਖੁਸ਼ਆਮਦੀਦ ਆਖਦਿਆਂ ਸਤੀਸ਼ ਵਰਮਾ ਨੇ ਕਿਹਾ ਕਿ ਜਿੰਨਾ ਚਿਰ ਪੰਜਾਬੀ ਸਾਹਿਤ ਵਿੱਚ ਅਜਿਹੀਆਂ ਪੁਸਤਕਾਂ ਪ੍ਰਕਾਸ਼ਿਤ ਹੁੰਦੀਆਂ ਰਹਿਣਗੀਆਂ, ਪੰਜਾਬੀ ਸਾਹਿਤ ਦਾ ਵਿਕਾਸ ਹੁੰਦਾ ਰਹੇਗਾ। ਅਭਿਨੇਤਾ ਸੈਮੂਅਲ ਜੌਹਨ ਨੇ ਕਿਹਾ ਕਿ ਨਾਗਾਲੈਂਡ ਬਾਰੇ ਕਈ ਗਲਤ ਧਾਰਨਾਵਾਂ ਫੈਲਾਈਆਂ ਗਈਆਂ ਸਨ ਕਿ ਨਾਗਾ ਲੋਕ ਉੱਥੇ ਰਹਿੰਦੇ ਹਨ ਅਤੇ ਲੋਕਾਂ ਨੂੰ ਖਾਧਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਧਾਰਨਾ ਦੌਰਾਨ ਸਾਹਮਣੇ ਆਈ ਪੁਸਤਕ ਜਿਸ ਵਿੱਚ ਨਾਗਾਲੈਂਡ ਨੂੰ ਪੂਰਬ ਦਾ ਸਵਿਟਜ਼ਰਲੈਂਡ ਕਿਹਾ ਗਿਆ ਹੈ ਸੱਚਮੁੱਚ ਇਹਨਾਂ ਗਲਤ ਧਾਰਨਾਵਾਂ ਦਾ ਇੱਕ ਸ਼ਾਨਦਾਰ ਜਵਾਬ ਹੈ। ਖੁਸ਼ਵੰਤ ਬਰਗਾੜੀ ਨੇ ਕਿਹਾ ਕਿ ਪੰਜਾਬੀ ਵਿੱਚ ਸਫ਼ਰਨਾਮਿਆਂ ਦੀ ਘਾਟ ਹੈ। ਜੇਕਰ ਉੱਤਰ-ਪੂਰਬ ਦੀ ਗੱਲ ਕਰੀਏ ਤਾਂ ਇਸ ਦੇ ਸਫ਼ਰਨਾਮੇ ਅਣਗੌਲੇ ਹਨ। ਅਜਿਹੇ ਵਿੱਚ ਗੁਰਪ੍ਰੇਮ ਲਹਿਰੀ ਦੀ ਇਹ ਪੁਸਤਕ ਪੰਜਾਬੀ ਸਾਹਿਤ ਵਿੱਚ ਇੱਕ ਚੰਗਾ ਕਦਮ ਸਾਬਤ ਹੋਵੇਗੀ। ਪੰਜਾਬੀ ਮਾਂ ਬੋਲੀ ਨਾਲ ਆਈਏਐਸ ਪਾਸ ਕਰਨ ਵਾਲੇ ਪੰਜਾਬ ਦੇ ਸੀਨੀਅਰ ਅਧਿਕਾਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਇਸ ਪੁਸਤਕ ਵਿੱਚ ਜਿੱਥੇ ਮੋਟਰਸਾਈਕਲ ਯਾਤਰਾ ਦੌਰਾਨ ਦੇਖੇ ਗਏ ਨਾਗਾਲੈਂਡ ਯਾਤਰਾ ਦੇ ਬਿਰਤਾਂਤ ਨੂੰ ਸ਼ਾਮਲ ਕੀਤਾ ਗਿਆ ਹੈ, ਉੱਥੇ ਹੀ ਨਾਗਾਲੈਂਡ ਦੇ ਕਬੀਲਿਆਂ ਦੀ ਉਤਪਤੀ ਅਤੇ ਵਿਕਾਸ ਬਾਰੇ ਖੋਜ ਕਾਰਜ ਵੀ ਸ਼ਾਮਲ ਹਨ। ਭੁਪਿੰਦਰ ਮਾਨ ਨੇ ਦੱਸਿਆ ਕਿ ਉਹ ਵੀ ਇਸ ਯਾਤਰਾ ਵਿੱਚ ਸ਼ਾਮਲ ਸਨ ਅਤੇ ਮੋਟਰਸਾਈਕਲ ’ਤੇ ਨਾਗਾਲੈਂਡ ਦੀ ਯਾਤਰਾ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਪੁਸਤਕ ਯਾਤਰਾ ਦੇ ਸ਼ੌਕੀਨਾਂ ਲਈ ਵਰਦਾਨ ਸਾਬਤ ਹੋਵੇਗੀ। ਕਿਉਂਕਿ ਉੱਤਰ-ਪੂਰਬ ਬਾਰੇ ਬਹੁਤੀ ਲਿਖਤੀ ਜਾਣਕਾਰੀ ਨਹੀਂ ਹੈ। ਗੁਰਪ੍ਰੇਮ ਲਹਿਰੀ ਨੇ ਦੱਸਿਆ ਕਿ ਇਹ ਪੁਸਤਕ ਪੰਜਾਬੀ ਅਡਵੈਂਚਰਜ਼ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ ਜਦਕਿ ਮਾਰਕੀਟਿੰਗ ਸਾਦਿਕ ਪ੍ਰਕਾਸ਼ਨ ਕਰ ਰਿਹਾ ਹੈ।