ਰਘਬੀਰ ਹੈਪੀ, ਬਰਨਾਲਾ, 19 ਨਵੰਬਰ 2023
ਪਰਾਲੀ ਪ੍ਰਬੰਧਨ ਲਈ ਜਿੱਥੇ ਸਰਕਾਰੀ ਅਫ਼ਸਰ ਅਤੇ ਕਰਮਚਾਰੀ ਪਿੰਡ ਪਿੰਡ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਨ ਓਥੇ ਹੀ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਨ ਵਾਲੇ ਕਿਸਾਨ ਇਨ੍ਹਾਂ ਟੀਮਾਂ ਨਾਲ ਆਪਣੇ ਤਜ਼ਰਬੇ ਸਾਂਝੇ ਕਰ ਰਹੇ ਹਨ। ਪਿੰਡ ਫਤਿਹਗੜ੍ਹ ਛੰਨਾ ਵਿਖੇ ਜਦ ਅੱਜ ਉੱਪ ਮੰਡਲ ਮਜਿਸਟ੍ਰੇਟ ਬਰਨਾਲਾ ਸ੍ਰੀ ਗੋਪਾਲ ਸਿੰਘ ਦੀ ਅਗਵਾਈ ਹੇਠ ਜਦ ਟੀਮ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਪੁੱਜੀ ਤਾਂ ਪਿੰਡ ਵਾਸੀ ਯਾਦਵਿੰਦਰ ਸਿੰਘ ਪੁੱਤਰ ਜਗਤ ਸਿੰਘ ਨੇ ਦੱਸਿਆ ਕਿ ਉਹ ਇਟਲੀ ਦਾ ਪੱਕਾ ਵਸਨੀਕ ਹੈ ਅਤੇ ਹਰ ਸਾਲ ਝੋਨੇ ਦੀ ਵਾਢੀ ਵਾਲੇ ਦਿਨਾਂ ‘ਚ ਆਪਣੇ ਪਿੰਡ ਆਉਂਦਾ ਹੈ ਤਾਂ ਜੋ ਆਪਣੇ ਪਰਿਵਾਰ ਨਾਲ ਰਲ ਕੇ ਪਰਾਲੀ ਸੰਭਾਲਦਾ ਹੈ। ਉਸ ਨੇ ਦੱਸਿਆ ਕਿ ਉਹ ਪਿਛਲੇ 10 ਸਾਲਾਂ ਤੋਂ ਝੋਨੇ ਦੀ ਪਰਾਲੀ ਬਿਨਾਂ ਅੱਗ ਲਗਾਏ ਉਸ ਦੀ ਸੰਭਾਲ ਕਰ ਰਹੇ ਹਨ। ਤੂੜੀ ਬਣਾਉਣ ਦੇ ਨਾਲ ਨਾਲ ਉਹ ਪਰਾਲੀ ਦਾ ਇਸਤੇਮਾਲ ਜਾਨਵਰਾਂ ਲਈ ਬਣਾਏ ਜਾਣ ਵਾਲੇ ਆਚਾਰ ਚ ਵੀ ਇਸਤੇਮਾਲ ਕਰਦੇ ਹਨ।
ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਕਿਸਾਨ ਤੋਂ ਬਾਕੀ ਦੇ ਕਿਸਾਨ ਵੀਰ ਸੇਧ ਲੈ ਸਕਦੇ ਹਨ ਤਾਂ ਜੋ ਪਰਾਲੀ ਨੂੰ ਬਿਨਾਂ ਅੱਗ ਲਗਾਏ ਉਸ ਦਾ ਪ੍ਰਬੰਧਨ ਕੀਤਾ ਜਾ ਸਕੇ। ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਦੀਆਂ ਟੀਮਾਂ ਨਿਰੰਤਰ ਪਿੰਡਾਂ ‘ਚ ਆਪ ਕੰਮ ਕਰ ਰਹੀਆਂ ਹਨ ਜਿੱਥੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਆ ਜਾ ਰਿਹਾ ਹੈ ਅਤੇ ਮੌਕੇ ਉੱਤੇ ਲੱਗੀ ਅੱਗ ਬੁਝਾਈ ਜਾ ਰਿਹਾ ਹੈ।
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸਤਵੰਤ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਪਿੰਡ ਗੰਗੋਹਰ, ਸਹਿਜੜਾ, ਮਹਿਲ ਕਲਾਂ, ਮਹਿਲ ਖੁਰਦ, ਕਿਰਪਾਲ ਸਿੰਘ ਵਾਲਾ, ਪੰਡੋਰੀ ਆਦਿ ਦਾ ਦੌਰਾ ਕੀਤਾ। ਇਸੇ ਤਰ੍ਹਾਂ ਉੱਪ ਮੰਡਲ ਮਜਿਸਟ੍ਰੇਟ ਬਰਨਾਲਾ ਸ੍ਰੀ ਗੋਪਾਲ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਪਿੰਡ ਫਤਿਹਗੜ੍ਹ ਛੰਨਾ, ਪੰਧੇਰ, ਭੈਣੀ ਜੱਸਾ, ਅਸਪਾਲ ਖੁਰਦ ਅਤੇ ਹੋਰ ਪਿੰਡਾਂ ਦਾ ਦੌਰਾ ਕੀਤਾ। ਇਨ੍ਹਾਂ ਤੋਂ ਇਲਾਵਾ ਖੇਤੀਬਾੜੀ, ਸਹਿਕਾਰਤਾ, ਬੀ ਐਂਡ ਆਰ, ਤਹਿਸੀਲਦਾਰ, ਨਾਇਬ ਤਹਿਸੀਲਦਾਰ ਅਤੇ ਹੋਰ ਵਿਭਾਗਾਂ ਦੀਆਂ ਟੀਮਾਂ ਨੇ ਵੀ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ।