ਰਘਬੀਰ ਹੈਪੀ, ਬਰਨਾਲਾ, 4 ਨਵੰਬਰ 2023
ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਦੇ ਹੁਕਮਾਂ ਮੁਤਾਬਿਕ ਪਾਰਟੀ ਦੀ ਜ਼ਿਲ੍ਹਾ ਬਰਨਾਲਾ ਜਥੇਬੰਦੀ ਦੇ ਵਫਦ ਵੱਲੋਂ ਜਥੇਬੰਦਕ ਸਕੱਤਰ ਗੋਵਿੰਦ ਸਿੰਘ ਸੰਧੂ ਦੀ ਅਗਵਾਈ ਹੇਠ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਂਅ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮੰਗ ਪੱਤਰ ਸੌਂਪ ਕੇ 13 ਸਾਲ ਬਾਅਦ ਹੋ ਰਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਰਨਲ ਚੋਣਾਂ ਸੰਬੰਧੀ ਵੋਟਾਂ ਪੈਣ ਦੀ ਤਾਰੀਖ ਦਾ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਕੀਤੀ ਗਈ | ਵਫਦ ਵਿੱਚ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਗੁਰਜੰਟ ਸਿੰਘ ਕੱਟੂ ਪੀਏ ਐਮ.ਪੀ. ਸੰਗਰੂਰ, ਜ਼ਿਲ੍ਹਾ ਮੀਤ ਪ੍ਰਧਾਨ ਅਵਤਾਰ ਸਿੰਘ ਭੈਣੀ ਫੱਤਾ, ਓਕਾਂਰ ਸਿੰਘ ਬਰਾੜ, ਜ਼ਿਲ੍ਹਾ ਕਿਸਾਨ ਵਿੰਗ ਪ੍ਰਧਾਨ ਗੁਰਤੇਜ ਸਿੰਘ, ਸਰਪੰਚ ਸੁਖਵਿੰਦਰ ਸਿੰਘ ਕਲਕੱਤਾ, ਸਰਪੰਚ ਸੁਖਪਾਲ ਸਿੰਘ ਸ਼ਹਿਣਾ, ਕੁਲਦੀਪ ਸਿੰਘ ਕਾਲਾ ਉਗੋਕੇ, ਜੱਸਾ ਸਿੰਘ ਮਾਣਕੀ, ਗੁਰਜੀਤ ਸਿੰਘ ਸ਼ਹਿਣਾ, ਸੁਖਚੈਨ ਸਿੰਘ ਸੰਘੇੜਾ ਜ਼ਿਲ੍ਹਾ ਮੀਤ ਪ੍ਰਧਾਨ, ਜਸਵੀਰ ਸਿੰਘ ਬਿੱਲਾ, ਗੁਰਦਿੱਤ ਸਿੰਘ ਮੀਡੀਆ ਇੰਚਾਰਜ ਸਮੇਤ ਹੋਰ ਆਗੂ ਅਤੇ ਵਰਕਰ ਮੌਜੂਦ ਸਨ | ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਸਾਡੇ ਦੇਸ਼ ਦਾ ਵਿਧਾਨ ਜਮਹੂਰੀਅਤ ਦੀ ਜੋਰਦਾਰ ਪੈਰਵੀ ਕਰਦਾ ਹੈ, ਜਿਸ ਕਰਕੇ ਹਰ ਤਰ੍ਹਾਂ ਦੀਆਂ ਚੋਣ ਨਿਰਧਾਰਤ 5 ਸਾਲ ਬਾਅਦ ਕਰਵਾਈਆਂ ਜਾਂਦੀਆਂ ਹਨ ਪਰ ਅਫਸੋਸ ਦੀ ਗੱਲ ਹੈ ਕਿ ਗੁਰਦੁਆਰਾ ਐਕਟ ਤਹਿਤ 1925 ਤੋਂ ਹੋਂਦ ਵਿੱਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਲੰਬਾ ਲੰਬਾ ਸਮਾਂ ਨਹੀਂ ਕਰਵਾਈਆਂ ਜਾਂਦੀਆਂ | 1947 ਵਿੱਚ ਦੇਸ਼ ਦੀ ਆਜਾਦੀ ਤੋਂ ਬਾਅਦ ਦੇਸ਼ ਦੀ ਪਾਰਲੀਮੈਂਟ ਦੀਆਂ ਚੋਣਾਂ ਵੀ 17 ਵਾਰ ਹੋ ਚੁੱਕੀਆਂ ਹਨ, ਜਦੋਂਕਿ ਐਸਜੀਪੀਸੀ ਦੀਆਂ ਚੋਣਾਂ 1925 ਤੋਂ ਲੈ ਕੇ ਹੁਣ ਤੱਕ ਮਸਾਂ 8 ਵਾਰ ਕਰਵਾਈਆਂ ਗਈਆਂ ਹਨ | ਹੁਣ ਤੱਕ ਸੱਤਾ ‘ਤੇ ਕਾਬਜ ਰਹੀ ਕਿਸੇ ਵੀ ਪਾਰਟੀ ਨੇ ਸਿੱਖ ਕੌਮ ਦੇ ਲੰਬੇ ਸਮੇਂ ਤੋਂ ਕੁਚਲੇ ਜਾ ਰਹੇ ਜਮਹੂਰੀਅਤ ਦੇ ਹੱਕ ਨੂੰ ਬਹਾਲ ਕਰਵਾਉਣ ਲਈ ਸਹੀ ਜਿੰਮੇਵਾਰੀ ਨਹੀਂ ਨਿਭਾਈ | ਹੁਣ ਜਦੋਂ ਸਿੱਖ ਕੌਮ ਦੀ ਆਵਾਜ ਬੁਲੰਦ ਹੋਣ ਉਪਰੰਤ ਕੇਂਦਰੀ ਗ੍ਰਹਿ ਵਿਭਾਗ ਵੱਲੋਂ ਗੁਰਦੁਆਰਾ ਸਾਹਿਬ ਦੇ ਚੋਣ ਕਮਿਸ਼ਨ ਨੂੰ ਸਿੱਖਾਂ ਦੀਆਂ ਨਵੀਆਂ ਵੋਟਾ ਬਨਾਉਣ, ਵੋਟ ਸੂਚੀ ਤਿਆਰ ਕਰਨ ਅਤੇ ਚੋਣਾਂ ਕਰਵਾਉਣ ਨੂੰ 13 ਸਾਲ ਬਾਅਦ ਹਰੀ ਝੰਡੀ ਦੇ ਦਿੱਤੀ ਹੈ ਤਾਂ ਚੋਣਾਂ ਦੀ ਤਾਰੀਖ ਸੰਬੰਧੀ ਵੀ ਨੋਟੀਫਿਕੇਸ਼ਨ ਤੁਰੰਤ ਜਾਰੀ ਕੀਤਾ ਜਾਵੇ, ਤਾਂ ਜੋ ਸਿੱਖ ਕੌਮ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਚੋਣਾਂ ਦੀ ਤਾਰੀਖ ਸੰਬੰਧੀ ਪੂਰੀ ਜਾਣਕਾਰੀ ਪ੍ਰਾਪਤ ਹੋ ਸਕੇ |
ਆਗੂਆਂ ਨੇ ਉਮੀਦ ਪ੍ਰਗਟਾਈ ਕਿ ਗ੍ਰਹਿ ਵਿਭਾਗ ਵੱਲੋਂ ਜਲਦੀ ਹੀ ਐਸਜੀਪੀਸੀ ਦੀਆਂ ਚੋਣਾਂ ਦੀ ਤਾਰੀਖ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਅਤੇ ਯੂ.ਟੀ. ਤੇ ਹਿਮਾਸਲ ਵਿੱਚ ਜਿੱਥੇ ਐਸਜੀਪੀਸੀ ਦਾ ਇੱਕ-ਇੱਕ ਹਲਕਾ ਹੈ, ਉੱਥੇ ਹੀ ਵੋਟਾਂ ਬਨਾਉਣ ਲਈ ਅਤੇ ਅਗਲੀ ਪ੍ਰਕਿਰਿਆ ਲਈ ਅਮਲ ਸ਼ੁਰੂ ਕਰਵਾਓਗੇ |