ਬਿੱਟੂ ਜਲਾਲਾਬਾਦੀ, ਫ਼ਿਰੋਜ਼ਪੁਰ, 3 ਨਵੰਬਰ 2023
ਵਿਜੀਲੈਂਸ ਬਿਊਰੋ ਵੱਲੋਂ ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਦੇ ਰੈੱਡ ਰਿਬਨ ਕਲੱਬਾਂ ਦੇ ਸਹਿਯੋਗ ਨਾਲ ਭਾਰਤ ਸਰਕਾਰ ਵੱਲੋਂ ਮਨਾਏ ਜਾ ਰਹੇ ਵਿਜੀਲੈਂਸ ਜਾਗਰੂਕਤਾ ਹਫਤੇ ਤਹਿਤ ਭਾਸ਼ਨ ਪ੍ਰਤੀਯੋਗਤਾ ਦਾ ਆਜੋਯਨ ਕੀਤਾ ਗਿਆ। ਜਿਸ ਵਿੱਚ ਵੱਖ-ਵਖ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਜ਼ਿਕਰਯੋਗ ਹੈ ਕਿ ਭ੍ਰਿਸ਼ਟਾਚਾਰ ਨੂੰ ਰੋਕਣ ਸਬੰਧੀ ਹਰ ਸਾਲ ਅਕਤੂਬਰ ਦੇ ਅਖੀਰਲੇ ਹਫ਼ਤੇ ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਇਆ ਜਾਂਦਾ ਹੈ ਤਾਂ ਜੋ ਸਾਰੇ ਦੇਸ਼ ਵਾਸੀਆਂ ਨੂੰ ਭ੍ਰਿਸ਼ਟਾਚਾਰ ਦੀ ਰੋਕਥਾਮ ਅਤੇ ਇਸ ਵਿਰੁੱਧ ਲੜਾਈ ਵਿੱਚ ਸਮੂਹਿਕ ਤੌਰ ‘ਤੇ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਇਸ ਦੀ ਮੌਜੂਦਗੀ, ਕਾਰਨਾਂ ਅਤੇ ਗੰਭੀਰਤਾ ਅਤੇ ਖਤਰੇ ਬਾਰੇ ਜਨਤਕ ਜਾਗਰੂਕਤਾ ਪੈਦਾ ਕੀਤੀ ਜਾ ਸਕੇ।
ਇਸ ਭਾਸ਼ਣ ਪ੍ਰਤੀਯੋਗਿਤਾ ਵਿੱਚ ਡੀ.ਐਸ.ਪੀ. ਵਿਜੀਲੈਂਸ ਬਿਊਰੋ ਰੇਂਜ ਫ਼ਿਰੋਜ਼ਪੁਰ ਸ਼੍ਰੀ ਰਾਜ ਕੁਮਾਰ ਸਾਮਾ, ਡੀ.ਐਸ.ਪੀ. ਵਿਜੀਲੈਂਸ ਬਿਊਰੋ ਯੁਨਿਟ ਫ਼ਿਰੋਜ਼ਪੁਰ ਸ਼੍ਰੀ ਕੇਵਲ ਕ੍ਰਿਸ਼ਨ, ਜ਼ਿਲਾ ਵੋਕੇਸ਼ਨਲ ਕੋਆਰਡੀਨੇਟਰ ਲਖਵਿੰਦਰ ਸਿੰਘ ਤੇ ਯੂਨੀਵਰਸਿਟੀ ਰਜਿਸਟ੍ਰਾਰ ਡਾ. ਗਜ਼ਲਪ੍ਰੀਤ ਸਿੰਘ ਅਰਣੇਜਾ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਵੱਖ-ਵੱਖ ਸਕੂਲਾਂ ਤੇ ਕਾਲਜਾਂ ਤੋਂ ਇਸ ਪ੍ਰਤਿਯੋਗਤਾ ‘ਚ ਸ਼ਾਮਿਲ ਹੋਣ ਲਈ ਪਹੁੰਚੇ ਵਿਦਿਆਰਥੀਆਂ ਵਲੋਂ ਭ੍ਰਿਸ਼ਟਾਚਾਰ ਨੂੰ ਫੈਲਣ ਤੋਂ ਰੋਕਣ ਲਈ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ ਗਏ। ਇਸ ਪ੍ਰਤੀਯੋਗਤਾ ਵਿੱਚ ਪਹਿਲਾ ਸਥਾਨ ਟਰੇਸਾ ਸਾਨੀਆ, ਕਲਾਸ ਗਿਆਰਵੀਂ, ਸੀਨੀਅਰ ਸੈਕੰਡਰੀ ਸਕੂਲ ਬਾਜ਼ੀਦਪੁਰ, ਦੂਜਾ ਸਥਾਨ ਭਾਵਿਕਾ, ਕਲਾਸ ਗਿਆਰਵੀਂ ਐੱਚ.ਐਮ. ਡੀ.ਏ.ਵੀ. ਪਬਲਿਕ ਸਕੂਲ ਫ਼ਿਰੋਜ਼ਪੁਰ, ਤੀਜਾ ਸਥਾਨ ਦਬੋਰਾ, ਕਲਾਸ ਗਿਆਰਵੀਂ ਸਾਰਾਗੜ੍ਹੀ ਮੈਮੋਰੀਅਲ ਮੈਰੀਟੋਰੀਅਸ ਸਕੂਲ ਫਿਰੋਜ਼ਪੁਰ ਨੇ ਪ੍ਰਾਪਤ ਕੀਤਾ।
ਇਸ ਮੌਕੇ ਸ਼੍ਰੀ ਰਾਜ ਕੁਮਾਰ ਸਾਮਾ ਵੱਲੋਂ ਜੇਤੂਆਂ ਨੂੰ ਇਨਾਮ ਵੰਡਦਿਆਂ ਉਨ੍ਹਾਂ ਦੀ ਸੋਚ ਦੀ ਸਰਾਹਨਾ ਕਰਦਿਆਂ ਕਿਹਾ ਕਿ ਅਜਿਹੇ ਨੌਜਵਾਨਾਂ ਨੂੰ ਭ੍ਰਿਸ਼ਟਾਚਾਰ ਰੋਕਣ ਲਈ ਅੱਗੇ ਆਉਣ ਦੀ ਲੋੜ ਹੈ। ਉਨ੍ਹਾਂ ਵਿਜੀਲੈਂਸ ਵਿਭਾਗ ਵੱਲੋਂ ਭ੍ਰਿਸ਼ਟਾਚਾਰ ਦੀਆਂ ਦਰਜ਼ ਕੀਤੀਆਂ ਜਾਂਦੀਆਂ ਸ਼ਿਕਾਇਤਾਂ ਸੰਬੰਧੀ ਕੀਤੇ ਜਾਂਦੇ ਨਿਪਟਾਰੇ ਅਤੇ ਸਜਾਵਾਂ ‘ਤੇ ਵਿਸਥਾਰ ਸਹਿਤ ਰੌਸ਼ਨੀ ਪਾਈ। ਇਸ ਮੌਕੇ ਰੈੱਡ ਰਿਬਨ ਕਲੱਬਾਂ ਦੇ ਨੋਡਲ ਅਫਸਰ ਗੁਰਪ੍ਰੀਤ ਸਿੰਘ, ਨਵਦੀਪ ਕੌਰ ਤੇ ਯਸ਼ਪਾਲ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।