ਬਿੱਟੂ ਜਲਾਲਾਬਾਦੀ, ਫਾਜਿ਼ਲਕਾ, 2 ਨਵੰਬਰ 2023
ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਦੱਸਿਆ ਹੈ ਕਿ ਜਿ਼ਲ੍ਹੇ ਵਿਚ ਇਸ ਸਾਲ ਪੰਜਾਬ ਸਰਕਾਰ ਨੇ 3817 ਮਸ਼ੀਨਾਂ ਤੇ ਸਬਸਿਡੀ ਦੇਣ ਲਈ ਕਿਸਾਨਾਂ ਦੀਆਂ ਅਰਜੀਆਂ ਪ੍ਰਵਾਨ ਕੀਤੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਵਿਚੋਂ ਹੁਣ ਤੱਕ 1971 ਮਸ਼ੀਨਾਂ ਕਿਸਾਨਾਂ ਵੱਲੋਂ ਖਰੀਦ ਵੀ ਕਰ ਲਈਆਂ ਗਈਆਂ ਹਨ ਜਦਕਿ ਖੇਤੀਬਾੜੀ ਵਿਭਾਗ ਵੱਲੋਂ ਮਸ਼ੀਨਾਂ ਦੀ ਭੌਤਿਕ ਪੜਤਾਲ ਵੀ ਆਰੰਭ ਕਰ ਦਿੱਤੀ ਗਈ ਹੈ ਅਤੇ ਹੁਣ ਤੱਕ 393 ਮਸ਼ੀਨਾਂ ਦੀ ਭੌਤਿਕ ਪੜਤਾਲ ਵਿਭਾਗ ਮੁਕੰਮਲ ਕਰ ਚੁੱਕਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸਤੋਂ ਪਹਿਲਾਂ ਵੀ ਜਿ਼ਲ੍ਹੇ ਵਿਚ ਪਿੱਛਲੇ ਸਾਲਾਂ ਦੌਰਾਨ ਵੀ ਸਰਕਾਰ ਵੱਲੋਂ ਸਬਸਿਡੀ ਤੇ 6000 ਤੋਂ ਜਿਆਦਾ ਮਸ਼ੀਨਾਂ ਉਪਲਬੱਧ ਕਰਵਾਈਆਂ ਗਈਆਂ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਸ਼ੀਨਾਂ ਨਾਲ ਪਰਾਲੀ ਦਾ ਨਿਪਟਾਰਾ ਸੌਖ ਨਾਲ ਹੋ ਜਾਂਦਾ ਹੈ। ਇਨ੍ਹਾਂ ਵਿਚ ਖੇਤ ਵਿਚ ਹੀ ਪਰਾਲੀ ਨੂੰ ਰੱਖਦੇ ਹੋਏ ਇਸਦਾ ਪ੍ਰਬੰਧਨ ਕਰਨ ਅਤੇ ਪਰਾਲੀ ਨੂੰ ਖੇਤਾਂ ਵਿਚੋਂ ਕੱਢਣ ਵਾਲੀਆਂ ਮਸ਼ੀਨਾਂ ਦੋਨੋਂ ਸ਼ਾਮਿਲ ਹਨ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਬੇਲਰ ਅਤੇ ਰੇਕਰ ਦੀਆਂ ਜਿੰਨਿ੍ਹਆਂ ਵੀ ਮਸ਼ੀਨਾਂ ਲਈ ਅਰਜੀਆਂ ਆਈਆਂ ਸਨ ਉਹ ਸਾਰੀਆਂ ਪ੍ਰਵਾਨ ਕਰ ਦਿੱਤੀਆਂ ਗਈਆਂ ਹਨ। ਇਸੇ ਤਰਾਂ ਸਰਫੇਸ ਸੀਡਰ ਲਈ ਵੀ ਸਾਰੀਆਂ ਅਰਜੀਆਂ ਪ੍ਰਵਾਨ ਕੀਤੀਆਂ ਗਈਆਂ ਹਨ। ਇਸੇ ਤਰਾਂ ਸਹਿਕਾਰੀ ਸਭਾਵਾਂ ਦੀਆਂ ਸਾਰੀਆਂ ਅਰਜੀਆਂ ਵੀ ਪ੍ਰਵਾਨ ਕੀਤੀਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿੰਨ੍ਹਾਂ ਨੂੰ ਮਸ਼ੀਨ ਖਰੀਦਣ ਲਈ ਸੈਕਸ਼ਨ ਪੱਤਰ ਜਾਰੀ ਕੀਤਾ ਗਿਆ ਹੈ ਉਹ ਜਲਦ ਜ਼ੋਂ ਜਲਦ ਖਰੀਦ ਕਰ ਲੈਣ। ਉਨ੍ਹਾਂ ਨੇ ਕਿਹਾ ਕਿ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਸਰਕਾਰ ਹਰ ਤਰੀਕੇ ਨਾਲ ਕਿਸਾਨਾਂ ਦੀ ਮਦਦ ਕਰ ਰਹੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨ ਆਈ ਖੇਤ ਐਪ ਰਾਹੀਂ ਵੀ ਨੇੜੇ ਕਿਰਾਏ ਤੇ ਲੈਣ ਲਈ ਉਪਲਬੱਧ ਮਸ਼ੀਨ ਦੀ ਜਾਣਕਾਰੀ ਲੈ ਸਕਦੇ ਹਨ।
ਇਸ ਮੌਕੇ ਖੇਤੀਬਾੜੀ ਇੰਜਨੀਅਰ ਸ੍ਰੀ ਕਮਲ ਗੋਇਲ ਨੇ ਦੱਸਿਆ ਕਿ ਜਿ਼ਲ੍ਹੇ ਵਿਚ 7 ਇੰਡਸਟਰੀ ਵੱਲੋਂ ਵੀ ਪਰਾਲੀ ਦੀ ਖਰੀਦ ਕੀਤੀ ਜਾ ਰਹੀ ਹੈ ਜਦ ਕਿ ਕਿਸਾਨ ਪਰਾਲੀ ਨੂੰ ਖੇਤ ਵਿਚ ਮਿਲਾ ਕੇ ਵੀ ਵੱਡੀ ਪੱਧਰ ਤੇ ਕਣਕ ਦੀ ਬਿਜਾਈ ਕਰ ਰਹੇ ਹਨ।ਇਸਤੋਂ ਬਿਨ੍ਹਾਂ ਗਊਸ਼ਾਲਾਵਾਂ ਵਿਚ ਵੀ ਪਰਾਲੀ ਭੇਜੀ ਜਾ ਰਹੀ ਹੈ।