ਹਰਿੰਦਰ ਨਿੱਕਾ , ਬਰਨਾਲਾ 29 ਅਕਤੂਬਰ 2023
ਜਿਲ੍ਹੇ ਅੰਦਰ ਨਸ਼ਾ ਤਸਕਰਾਂ ਦੇ ਵਧਦੇ ਕਦਮਾਂ ਨੂੰ ਹਿੱਕ ਡਾਹ ਕੇ ਰੋਕਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਆ ਰਹੇ ਸੀਆਈਏ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੇ ਆਪਣੀ ਟੀਮ ਸਣੇ ਹੁਣ ਮਿਲਾਵਟਖੋਰਾਂ ਖਿਲਾਫ ਵੀ ਵੱਡਾ ਹੱਲਾ ਬੋਲ ਦਿੱਤਾ ਹੈ। ਇਸ ਦਾ ਨਤੀਜਾ ਇਹ ਨਿੱਕਲਿਆ ਕਿ ਤਪਾ ਇਲਾਕੇ ਅੰਦਰ ਮਿਲਾਵਟੀ ਘਿਉ ਅਤੇ ਸਰੋਂ ਦੇ ਤੇਲ ਦਾ ਗੋਦਾਮ ਵੀ ਸੀਆਈਏ ਦੀ ਪੈਣੀ ਨਜ਼ਰ ਤੋਂ ਬਚ ਨਹੀਂ ਸਕਿਆ। ਪੁਲਿਸ ਨੇ 2 ਮਿਲਾਵਟਖੋਰਾਂ ਖਿਲਾਫ ਸੰਗੀਨ ਜੁਰਮਾਂ ਤਹਿਤ ਕੇਸ ਦਰਜ਼ ਕਰਕੇ,ਉਨਾਂ ਦੀ ਤਲਾਸ਼ ਵਿੱਢ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੀ.ਆਈ.ਏ. ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੂੰ ਮੁਖਬਰ ਤੋਂ ਸੂਚਨਾ ਮਿਲੀ ਕਿ ਸੁਰੇਸ਼ ਕੁਮਾਰ ਪੁੱਤਰ ਸ਼ਾਮ ਲਾਲ ਅਤੇ ਹਿਮਾਸ਼ੂ ਗਰਗ ਪੁੱਤਰ ਸੁਰੇਸ ਕੁਮਾਰ ਵਾਸੀ ਤਪਾ ਹਾਲ ਆਬਾਦ ਗਲੀ ਨੰਬਰ 7 ਲੱਖੀ ਕਲੋਨੀ ਬਰਨਾਲਾ ਨੇ ਢਿੱਲਵਾ ਪੱਖੋ ਕੈਚੀਆਂ ਰੋਡ ਪਰ ਬਾਹੱਦ ਢਿੱਲਵਾ ਵਿਖੇ ਇੱਕ ਗੋਦਾਮ ਕਿਰਾਏ ਪਰ ਲਿਆ ਹੋਇਆ ਹੈ । ਇਸ ਗੋਦਾਮ ਵਿੱਚ ਇਹ ਦੋਵੇਂ ਵਿਅਕਤੀ ਰਲ- ਮਿਲਕੇ ਮਿਲਾਵਟੀ ਦੇਸੀ ਘਿਉ ਅਤੇ ਸਰੋਂ ਦਾ ਤੇਲ ਤਿਆਰ ਕਰਦੇ ਹਨ। ਮਿਲਾਵਟੀ ਘਿਉ ਅਤੇ ਮਿਲਾਵਟੀ ਤੇਲ ਪਰ ਵੱਖ ਵੱਖ ਕੰਪਨੀਆ ਦੇ ਜਾਅਲੀ ਫਰਜੀ ਤਿਆਰ ਕੀਤੇ ਰੈਪਰ ਲਾ ਕੇ ਜਾਅਲੀ ਬਿੱਲਾਂ ਤੇ ਮਾਰਕੀਟ / ਬਜਾਰ ਵਿੱਚ ਸਪਲਾਈ ਕਰਦੇ ਹਨ । ਸੂਚਨਾ ਪੁਖਤਾ ਅਤੇ ਭਰੋਸੇਯੋਗ ਹੋਣ ਕਾਰਣ ਥਾਣਾ ਤਪਾ ਵਿਖੇ ਸੁਰੇਸ਼ ਕੁਮਾਰ ਅਤੇ ਹਿਮਾਂਸ਼ੂ ਗਰਗ ਦੇ ਬਰਖਿਲਾਫ ਅਧੀਨ ਜ਼ੁਰਮ 272 / 273 / 420/465/468/471/ 120ਬੀ ਤਹਿਤ ਇੰਸਪੈਕਟਰ ਬਲਜੀਤ ਸਿੰਘ ਦੀ ਸ਼ਕਾਇਤ ਦੇ ਅਧਾਰ ਪਰ ਐਫ.ਆਈ.ਆਰ. ਦਰਜ ਕਰਕੇ,ਪੁਲਿਸ ਪਾਰਟੀ ਨੇ ਦੋਵਾਂ ਦੋਸ਼ੀਆਂ ਦੀ ਗਿਰਫਤਾਰੀ ਲਈ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ ਹੈ। ਪੁਲਿਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਲਦ ਹੀ ਦੋਸ਼ੀ ਪੁਲਿਸ ਦੀ ਗਿਰਫਤ ਵਿੱਚ ਹੋਣਗੇ।