ਹਰਿੰਦਰ ਨਿੱਕਾ , ਬਰਨਾਲਾ 2 ਅਕਤੂਬਰ 2023
ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਮਾੜੇ ਪ੍ਰਬੰਧ ਨੂੰ ਲੈ ਕੇ ਕਾਲਜ ਬਚਾਓ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਲੱਗਿਆ ਪੱਕਾ ਮੋਰਚਾ 46 ਵੇਂ ਦਿਨ ਵਿਚ ਦਾਖਲ ਹੋ ਗਿਆ । ਪ੍ਰਦਰਸ਼ਨਕਾਰੀਆਂ ਨੇ ਰੋਸ ਵਜੋਂ ਭੋਲਾ ਸਿੰਘ ਵਿਰਕ ਦਾ ਕਾਲਜ ਦੇ ਗੇਟ ਅੱਗੇ ਪੁਤਲਾ ਫੂਕਿਆ ਅਤੇ ਕਾਲਜ ਪ੍ਰਬੰਧਕਾਂ ਦੇ ਖਿਲਾਫ ਜ਼ੋਰਦਾਰ ਨਾਅਰੇਬਾਜੀ ਵੀ ਕੀਤੀ । ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਭੋਲਾ ਸਿੰਘ ਵਿਰਕ, ਇੱਕ ਪਾਸੇ ਤਾਂ ਮੀਡੀਆ ‘ਚ ਆ ਕੇ ਹਿਸਾਬ ਦੇਣ ਦੀਆਂ ਟਾਹਰਾਂ ਮਾਰਦਾ ਸੀ ਤੇ ਕਹਿੰਦਾ ਸੀ ਕਿ ਉਹ ਕਿਸੇ ਜਾਂਚ ਤੋਂ ਭੱਜਦਾ ਨਹੀਂ ਤੇ ਹਰ ਤਰਾਂ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹੈ। ਪਰੰਤੂ ਹੁਣ ਉਹ, ਆਪਣੇ ਖਿਲਾਫ ਹੋਣ ਵਾਲੀ ਸੰਭਾਵਿਤ ਕਾਰਵਾਈ ਦੇ ਡਰੋਂ ,ਜਾਂਚ ਰੁਕਵਾਉਣ ਲਈ ਹਾਈਕੋਰਟ ਜਾ ਪਹੁੰਚਿਆ ਹੈ। ਅਜਿਹਾ ਕਰਨ ਨਾਲ ਕਾਲਜ ਪ੍ਰਧਾਨ ਭੋਲਾ ਸਿੰਘ ਵਿਰਕ ਦਾ ਦੋਗਲਾ ਚਿਹਰਾ ਬੇਨਕਾਬ ਹੋ ਗਿਆ ਹੈ । ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਭੋਲਾ ਸਿੰਘ ਵਿਰਕ ਨੇ ਮਾਨਯੋਗ ਐਸ.ਡੀ.ਐਮ ਸਾਹਿਬ ਦੀ ਕੋਰਟ ਵਿਚ ਚੱਲ ਰਹੀ ਘਪਲਿਆਂ ਅਤੇ ਗਬਨਾਂ ਦੀ ਜਾਂਚ ਵਿਚ ਸਹਿਯੋਗ ਦੇਣ ਦੀ ਬਜਾਏ ਜਾਂਚ ਨੂੰ ਰੁਕਵਾਉਣ ਲਈ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿਚ ਸਿਵਲ ਰਿਟ ਪਟੀਸ਼ਨ ਦਾਖਲ ਕਰ ਦਿੱਤੀ ਹੈ । ਬੁਲਾਰਿਆਂ ਨੇ ਕਿਹਾ ਕਿ ਇਸ ਤੋਂ ਇਲਾਵਾ ਵਿਰਕ ਨੇ ਸ਼ਾਂਤਮਈ ਚੱਲ ਰਹੇ ਧਰਨੇ ਨੂੰ ਚੁਕਵਾਉਣ ਲਈ ਅਤੇ ਪੁਲਿਸ ਤੋਂ ਸੁਰੱਖਿਆ ਲੈਣ ਲਈ ਵੀ ਇੱਕ ਪਟੀਸ਼ਨ ਦਾਇਰ ਕੀਤੀ ਹੈ। ਜਿਸ ਤੋਂ ਸਾਫ ਜਾਹਿਰ ਹੈ, ਕਿ ਕਾਲਜ ਪ੍ਰਧਾਨ ਨੇ ਕਾਲਜ ਨੂੰ ਸਿਰਫ ਕੁੱਝ ਲੋਕਾਂ ਦਾ ਕਮਾਊ ਪੁੱਤ ਬਣਾ ਕੇ ਰੱਖ ਦਿੱਤਾ ਹੈ। ਸੰਘਰਸ਼ ਕਮੇਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਭੋਲਾ ਸਿੰਘ ਵਿਰਕ ਇੱਕ ਅਖੌਤੀ ਸਮਾਜ ਸੇਵੀ ਹੈ, ਜੋ ਕਿ ਸਟੇਟ ਅਵਾਰਡ ਦੇ ਜਰੀਏ ਸੰਘੇੜਾ ਕਾਲਜ ਦੇ ਵਿੱਤੀ ਸਾਧਨਾਂ ਦੀ ਵੀ ਲੁੱਟ-ਖਸੁੱਟ ਵੀ ਕਰ ਰਿਹਾ ਹੈ । ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਭੋਲਾ ਸਿੰਘ ਵਿਰਕ ਕਾਲਜ ਦੀ ਪ੍ਰਧਾਨਗੀ ਤੋਂ ਅਸਤੀਫਾ ਨਹੀਂ ਦਿੰਦਾ, ਉਨੀਂ ਦੇਰ ਤੱਕ ਕਾਲਜ ਦੇ ਗੇਟ ਅੱਗੇ ਧਰਨਾ ਜਾਰੀ ਰਹੇਗਾ । ਧਰਨੇ ਨੂੰ ਸੰਬੋਧਿਤ ਕਰਨ ਵਾਲੇ ਪ੍ਰਮੁੱਖ ਬੁਲਾਰਿਆਂ ਵਿੱਚ ਸਵਰਨ ਸਿੰਘ ਭੰਗੂ, ਰਾਮ ਸਿੰਘ ਕਲੇਰ ਆਗੂ ਬੀ.ਕੇ.ਯੂ ਉਗਰਾਹਾਂ, ਪਰਮਿੰਦਰ ਸਿੰਘ ਬਲਾਕ ਪ੍ਰਧਾਨ ਡਕੌਦਾਂ, ਜਸਵਿੰਦਰ ਸਿੰਘ ਬਹਿਣੀਵਾਲ ਅਤੇ ਭੋਲਾ ਸਿੰਘ, ਬਿਧੀ ਸਿੰਘ, ਗੁਰਪ੍ਰੀਤ ਸਿੰਘ ਸਰਪੰਚ ਬਾਬਾ ਅਜੀਤ ਸਿੰਘ ਨਗਰ ਆਦਿ ਸ਼ਾਮਿਲ ਸਨ।