ਅਸ਼ੋਕ ਵਰਮਾ,ਬਠਿੰਡਾ,1 ਅਕਤੂਬਰ 2023
ਤਾਇਆ ਬਿਸ਼ਨਾ ਕਾਮਰੇਡ ਅਤੇ ਪੜ੍ਹਾਈ ਪੱਖੋ ਕੋਰਾ ਹੈ ਪਰ ਤਾਈ ਗਿਣਤੀਆਂ ਮਿਣਤੀਆਂ ਦੀ ਮਾਹਿਰ ਹੈ ਜਿਸ ਨੂੰ ਪਤਾ ਹੈ ਕਿ ਅੰਕ ਗਣਿਤ ਨਾਂ ਹੁੰਦਾ ਤਾਂ ਦੁਨੀਆਂ ਦਾ ਕੋਈ ਹਿਸਾਬ ਕਿਤਾਬ ਨਹੀਂ ਹੋਣਾ ਸੀ। ਰੌਚਕ ਤੱਥ ਇਹ ਵੀ ਹੈ ਕਿ ਇਨ੍ਹਾਂ ਅੰਕਾਂ ਨੂੰ ਜਦੋਂ ਅੰਕੜਿਆਂ ਵਿੱਚ ਤਬਦੀਲ ਕੀਤਾ ਗਿਆ ਤਾਂ ਕਿਸੇ ਨੂੰ ਚਿੱਤ ਚੇਤਾ ਹੀ ਨਹੀਂ ਸੀ ਕਿ ਇਹ ਅੰਕੜੇ ਏਨੇਂ ਤਾਕਤਵਰ ਸਿੱਧ ਹੋ ਸਕਦੇ ਹਨ। ਇਹ ਵੀ ਹਕੀਕਤ ਹੈ ਕਿ ਜੇਕਰ ਇਹਨਾਂ ਅੰਕੜਿਆਂ ਵਿੱਚ ਤਾਕਤ ਨਾ ਹੁੰਦੀ ਤਾਂ ਪੰਜਾਬ ਸਰਕਾਰ ਦਾ ਉਪ ਅਰਥ ਅੰਕੜਾ ਸਲਾਹਕਾਰ ਵਿਭਾਗ ਹੀਂ ਹੋਂਦ ਵਿੱਚ ਨਹੀਂ ਆਉਣਾ ਸੀ। ਵਿਸ਼ਵ ਦੀ ਸਭ ਤੋਂ ਵੱਡੀ ਪੰਚਾਇਤ ਸੰਯੁਕਤ ਰਾਸ਼ਟਰ ਸੰਘ ਦੇ ਅੰਕੜਿਆਂ ਨੂੰ ਤਾਂ ਪੂਰੀ ਦੁਨੀਆਂ ਵਿੱਚ ਮਾਨਤਾ ਪ੍ਰਾਪਤ ਹੈ।
ਗੱਲ ਅੰਕੜਿਆਂ ਦੀ ਚੱਲੀ ਹੈ ਤਾਂ ਦੱਸ ਦੇਈਏ ਇਹ ਬੜੇ ਮੁੰਹ ਫੱਟ ਹੰਦੇ ਹਨ ਕਿਸ ਦੀ ਢੱਕੀ ਨਹੀਂ ਰਿਝਣ ਦਿੰਦੇ। ਇੱਕ ਪੱਤਰਕਾਰ ਨੇ ਅੰਕੜਿਆਂ ਵਾਲਾ ਝੋਲਾ ਖੋਲ੍ਹਦਿਆਂ ਚੋਰਾਂ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਥਾਣਿਆਂ, ਪੁਲਿਸ ਚੌਕੀਆਂ ਅਤੇ ਸ਼ਹਿਰ ਵਿੱਚ ਘੁੰਮਦੀਆਂ ਪੈਟਰੋਲਿੰਗ ਪਾਰਟੀਆਂ ਦੀ ਕੁੱਲ ਗਿਣਤੀ ਜਿੰਨੀਆਂ ਕੀਤੀਆਂ ਚੋਰੀਆਂ ਦੀ ਗੱਲ ਸੁਣਾਈ। ਇਹ ਅੰਕੜੇ ਮੈਂ ਇੱਕ ਆਪਣੇ ਇੱਕ ਜਾਣਕਾਰ ਪੁਲਿਸ ਵਾਲੇ ਨੂੰ ਸੁਣਾਏ ਤਾਂ ਜਵਾਬ ਵਿੱਚ ਉਸ ਨੇ ਅੰਕੜਿਆਂ ਵਾਲੀ ਆਪਣੀ ਪੋਟਲੀ ਖੋਲ੍ਹਦਿਆਂ ਆਖਿਆ ਕਿ ਥੋਨੂੰ ਪੱਤਰਕਾਰਾਂ ਨੂੰ ਤਾਂ ਵਾਲ ਦੀ ਖੱਲ ਲਾਹੁਣ ਦੀ ਬਾਣ ਹੈ। ਕੀ ਹੋ ਗਿਆ ਜੇ ਥਾਣਿਆਂ, ਚੌਕੀਆਂ ਅਤੇ ਪੈਟਰੋਲਿੰਗ ਪਾਰਟੀਆਂ ਦੀ ਗਿਣਤੀ ਜਿੰਨੀਆਂ ਚੋਰੀਆਂ ਹੋ ਗਈਆਂ।
ਉਸ ਨੇ ਕਿਹਾ ਲੀਡਰਾਂ ਦੀ ਰਾਖੀ ਕਰਨ, ਅਫਸਰਾਂ ਦਾ ਘਰੇਲੂ ਸਮਾਨ ਬਜਾਰੋਂ ਲਿਆਉਣ ਅਤੇ ਬੇਰੁਜ਼ਗਾਰਾਂ ਨੂੰ ਕੁੱਟਣ ਵਰਗੇ ਮਹੱਤਵਪੂਰਨ ਕੰਮਾਂ ਦੀ ਜਿੰਮੇਵਾਰੀ ਵੀ ਤਾਂ ਪੁਲਿਸ ਦੇ ਮੋਢਿਆਂ ਤੇ ਹੈ। ਉਸ ਨੇ ਕਿਹਾ ਕਿ ਕਈ ਚੋਰੀਆਂ ਕਰਨ ਸਮੇਤ ਕਈ ਮਾਮਲਿਆਂ ਦੇ ਦੋਸ਼ੀ ਪੁਲਿਸ ਨੇ ਕਿੰਨੀ ਛੇਤੀ ਫੜੇ ਉਹ ਤਾਂ ਕਿਸੇ ਨੂੰ ਦਿਖੇ ਨਹੀਂ। ਮੈਂ ਤਾਂ ਇੱਕ ਗੱਲ ਕਹਿਨਾਂ ਆਂ ਹੇ ਰੱਬ ਸੱਚਿਆ ਜੇ ਚੋਰ ਮੇਰੀ ਮੰਨਣ ਤਾਂ ਥੋਡੇ ਪੱਤਰਕਾਰਾਂ ਦੇ ਸਾਰੇ ਸਕੂਟਰ ਮੋਟਰਸਾਈਕਲ ਲੈ ਜਾਣ ਸਾਰਾ ਦਿਨ ਵਿਚਾਰੀ ਪੁਲਿਸ ਦੀਆਂ ਫੋਟੋਆਂ ਖਿੱਚ ਕੇ ਤਵਾ ਲਾਓਂਦੇ ਰਹਿਨੇ । ਹੁਣ ਇੱਕ ਬੱਸ ਕੰਡਕਟਰ ਦੀ ਸੁਣੋ ਅੰਕੜੇ ਦੱਸਕੇ ਬਕਾਇਆ ਮੋੜਨ ਤੋਂ ਜਵਾਬ ਦੇਈ ਜਾਵੇ ।
ਉਡਦੇ ਪੰਛੀ ਨੇ ਦੱਸਿਆ ਕਿ ਬੱਸ ਵਿੱਚ ਸਫ਼ਰ ਕਰਦੇ ਬਜ਼ੁਰਗ ਵੱਲੋਂ ਬਕਾਇਆ ਮੰਗਣ ਤੇ ਕੰਡਕਟਰ ਬੋਲਿਆ, ਬਾਬਾ ਮੈਂ ਭੱਜ ਨਹੀਂ ਚੱਲਿਆ ਨਾਲੇ ਮੇਰੇ ਤਾਂ ਅੱਜ 12 ਵਜੇ ਪਏ ਆ। ਸਵੇਰੇ- ਸਵੇਰੇ 12 ਟਿਕਟਾਂ ਰੱਖ ਦਾ ਫੜਿਆ ਗਿਆ ਚੈਕਰ ਚਾਹ-ਪਾਣੀ ਦੇ ਨਾਂ ਤੇ ਪੂਰਾ 12 ਸੌ ਲੈਗੇ ਤੈਨੂੰ ਆਪਣੇ 12 ਰੁਪਈਆਂ ਦੀ ਪਈ ਹੈ । ਬੁੜ-ਬੁੜ ਕਰਦਾ ਕੰਡਕਟਰ ਬੋਲਿਆ ਕਿਹੋ ਜੇ ਮਲੰਗਾਂ ਨਾਲ ਵਾਹ ਪੈ ਜਾਂਦਾ ਹੈ । ਬਾਬਾ ਸੋਚੇ ਕਿ ਸਾਡੇ ਦੋਹਾਂ ਚੋਂ ਮਲੰਗ ਕੌਣ ਹੈ ਭਲਾਂ 12 ਰੁਪਏ ਮੰਗ ਕੇ ਕਿਹੜਾ ਗੁਨਾਹ ਕਰ ਲਿਆ। ਏਦੂੰ ਤਾਂ 12 ਵਾਲੀ ਬੱਸ ਨਾ ਚੜ੍ਹਦਾ ਤਾਂ ਇਹ ਕੁੱਤੇਖਾਣੀ ਨਹੀਂ ਹੋਣੀ ਸੀ।ਹੁਣ ਬਾਬੇ ਦਾ ਕੀ ਕਸੂਰ ਸੀ ਤੁਸੀਂ ਹਿਸਾਬ ਲਾ ਸਕਦੇ ਹੋ।
ਆਪਣਾ ਕੰਮ ਕਰਾਉਣ ਗਏ ਤਾਏ ਬਿਸ਼ਨ ਸਿਓਂ ਨੂੰ ਪਟਵਾਰੀ ਨੇ ਝੱਟ 5 ਸੌ ਰੁਪਏ ਮਿਹਨਤਾਨਾ ਸੁਣਾ ਦਿੱਤਾ । ਤਾਇਆ ਆਖੇ ਕਾਹਦੇ 5 ਸੌ, ਨਾਲੇ ਸਰਕਾਰ ਥੋਨੂੰ ਚੜ੍ਹੇ ਮਹੀਨੇ ਜਿਹੜੇ 5-5 ਸੌ ਦੇ ਦਿੰਦੀ ਹੈ ਉਹ ਕਿਸ ਗਿਣਤੀ ਵਿੱਚ । ਹੁਣ ਅੰਕੜਿਆਂ ਦੀ ਵਾਰੀ ਪਟਵਾਰੀ ਦੀ ਸੀ। ਆਂਹਦਾ ਤਾਇਆ ਜਦੋਂ ਵੱਡੇ ਸਾਹਿਬ ਦਾ ਦੌਰਾ ਹੁੰਦਾ ਉਦੋਂ 5 ਸੌ ਦੇ ਤਾਂ ਕਾਜੂ ਲੱਗ ਜਾਂਦੇ ਆ ਥੋਡੇ ਵਰਗੇ ਉਸ ਵੇਲੇ 5 ਸੌ ਖੜ੍ਹੇ ਹੁੰਦੇ ਆਂ ਕਦੇ ਕਿਸੇ ਨਹੀਂ ਆਖਿਆ ਕਿ ਪਟਵਾਰੀ ਸਾਹਬ ਆਹ ਚੁੱਕੋ ਮਹਾਤਮਾ ਗਾਂਧੀ ਦੀ ਫੋਟੋ ਵਾਲਾ 5 ਸੌ ਦਾ ਤੇ ਸਾਹਿਬ ਦੀ ਸੇਵਾ ਕਰਕੇ ਨਾਲੇ ਆਪਣੀਆਂ ਪੰਜੇ ਘਿਓ ਵਿੱਚ ਕਰੋ ਤੇ ਨਾਲੇ ਸਾਡਾ ਜੀਵਨ ਸਫਲ ਬਣਾਓ ।
ਇੱਕ ਸਰਕਾਰੀ ਅਧਿਕਾਰੀ ਨੂੰ ਸੌ-ਸੌ ਦੇ ਨਵੇਂ ਨਕੋਰ ਨੋਟਾਂ ਨਾਲ ਅਥਾਹ ਸ਼ਰਧਾ ਸੀ। ਇਸੇ ਸ਼ਰਧਾ ਕਰਕੇ ਇੱਕ ਦਿਨ ਉਹ ਫੜ੍ਹੇ ਗਏ। ਫੜ੍ਹਨ ਆਏ ਅਫ਼ਸਰ ਨੇ ਉਨ੍ਹਾਂ ਦੇ ਕੰਨ ਵਿੱਚ ਫੂਕ ਮਾਰੀ ਜੇ ਕਦੇ ਕਦਾਈ ਥੋੜੀ ਬਹੁਤੀ ਸ਼ਰਧਾ ਐਧਰ ਰੱਖਦੇ ਤਾਂ ਆਹ ਦਿਨ ਨਹੀਂ ਦੇਖਣਾ ਪੈਣਾ ਸੀ ।ਉਡਦੇ ਪੰਛੀ ਨੇ ਦੱਸਿਆ ਕਿ ਉਹ ਸ਼ਰਧਾ ਪ੍ਰਗਟ ਕਰ ਆਏ ਹਨ ਜਿਸ ਬਦਲੇ ਉਹਨਾਂ ਨੂੰ ਸੌ ਗੁਰ ਦਿੱਤੇ ਹਨ ਜੋ ਉਹਨਾਂ ਲਈ ਹੁਣ ਸੌ ਦੁੱਖਾਂ ਦੀ ਦਾਰੂ ਹਨ। ਜਦੋਂ ਵੀ ਕੋਈ ਉਹਨਾਂ ਕੋਲ ਕੰਮ ਕਰਵਾਉਣ ਆਉਂਦਾ ਹੈ ਤਾਂ ਉਹ ਬੇਝਿਜਕ ਹੋਕੇ ਸੌ-ਸੌ ਦੇ ਨਵੇਂ ਨੋਟਾਂ ਦੀ ਫਰਮਾਇਸ਼ ਕਰ ਦਿੰਦੇ ਹਨ। ਇਹ ਵੱਖਰੀ ਗੱਲ ਹੈ ਕਿ ਅੱਜ ਕੱਲ ਲੋਕ ਉਹਨਾਂ ਨੂੰ ਇੱਕ ਮੋਬਾਈਲ ਨੰਬਰ ਦੱਸ ਦਿੰਦੇ ਹਨ ਜਿਸ ਤੋਂ ਬਾਅਦ ਉਹਨਾਂ ਨੂੰ ਸਬਰ ਦਾ ਘੁੱਟ ਭਰਨਾ ਪੈਂਦਾ ਹੈ ।
ਡੁੱਬੜੇ ਇਹ ਅੰਕੜੇ ਕਈ ਵਾਰ ਪੱਤਰਕਾਰਾਂ ਨੂੰ ਵੀ ਨਹੀਂ ਬਖਸ਼ਦੇ । ਉਡਦੇ ਪੰਛੀ ਨੇ ਖੁਲਾਸਾ ਕੀਤਾ ਕਿ ਇੱਕ ਪੱਤਰਕਾਰ ਜਦ ਘਰ ਗਿਆ ਤਾਂ ਉਸ ਦੀ ਪਤਨੀ ਉਸਨੂੰ ਦੇਖਣ ਸਾਰ ਇੱਕੋ ਸਾਹੇ ਬੋਲੀ, ਪੱਤਰਕਾਰ ਸਾਹਿਬ 15 ਦਿਨ ਹੋਗੇ ਘਰ ਦੇ ਰਾਸ਼ਨ ਦੀਆਂ 15 ਚੀਜਾਂ ਲਿਖਕੇ ਦਿੱਤੀਆਂ ਸੀ ਪਰ ਤੁਸੀਂ ਹੋ ਕਿ ਜਿੰਨਾਂ ਚਿਰ 15 ਵਾਰੀ ਟੋਕੋ ਨਾ ਸੁਣਦੇ ਹੀ ਨਹੀਂ ਪੱਤਰਕਾਰ ਦੇ ਨਾਲ ਗਿਆ ਉਸਦਾ ਦੋਸਤ ਅੰਕੜਿਆਂ ਦੀ ਹੋ ਰਹੀ ਬਰਸਾਤ ਦੇਖਕੇ ਗੇਟ ਤੇ 15 ਮਿੰਟ ਖੜ੍ਹਾ ਸੋਚਦਾ ਰਿਹਾ ਕਿ ਇਹ ਅੰਕੜੇ ਵੀ ਬੰਦੇ ਦੀ ਕਿੰਨੀ ਖੁਨਾਮੀ ਕਰਾਉਂਦੇ ਹਨ। ਸਰਕਾਰ ਨੂੰ ਇਹਨਾਂ ਤੇ ਤੁਰੰਤ ਪਾਬੰਦੀ ਲਾ ਦੇਣੀ ਚਾਹੀਦੀ ਹੈ ਨਹੀਂ ਤਾਂ ਇਹ ਪਤਾ ਨਹੀਂ ਕਿੱਥੇ-ਕਿੱਥੇ ਪੁਆੜੇ ਪਾਉਣਗੇ। ਊਂ ਇੱਕ ਗੱਲ ਹੈ ਕਿ ਜ਼ਿੰਦਗੀ ਇਨ੍ਹਾਂ ਤੋਂ ਬਗੈਰ ਚਲਦੀ ਨਹੀਂ ਅਤੇ ਚਲਦੇ ਜਾਣਾ ਹੀ ਜ਼ਿੰਦਗੀ ਹੈ ।