ਅਸ਼ੋਕ ਵਰਮਾ,ਸਰਸਾ, 23 ਸਤੰਬਰ 2023
ਡੇਰਾ ਸੱਚਾ ਸੌਦਾ ਸਿਰਸਾ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੇ 33ਵੇਂ ਗੁਰਗੱਦੀ ਦਿਵਸ ਸਮਾਗਮਾਂ ਦੌਰਾਨ ਮਾਨਵਤਾ ਭਲਾਈ ਕਾਰਜ ਤੇਜ਼ ਕਰਦਿਆਂ ਆਤਮ ਸਨਮਾਨ ਮੁਹਿੰਮ ਤਹਿਤ 23 ਮਹਿਲਾਵਾਂ ਨੂੰ ਸਿਲਾਈ ਮਸ਼ੀਨਾਂ ਤੇ ਸੇਫ ਮੁਹਿੰਮ ਤਹਿਤ ਨਸ਼ੇ ਛੱਡਣ ਵਾਲੇ 23 ਨੌਜਵਾਨਾਂ ਨੂੰ ਪੌਸ਼ਟਿਕ ਖੁਰਾਕ ਦੀਆਂ ਕਿੱਟਾਂ ਦਿੱਤੀਆਂ ਗਈਆਂ। ਡੇਰਾ ਸੱਚਾ ਸੌਦਾ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਮਹਾਂ ਪਰਉਪਕਾਰ (ਗੁਰਗੱਦੀ ਨਸ਼ੀਨੀ) ਦਿਵਸ ਤਹਿਤ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਮਸਤਾਨ- ਸ਼ਾਹ ਸਤਿਨਾਮ ਜੀ ਧਾਮ ਸਰਸਾ ਵਿਖੇ ਭੰਡਾਰਾ ਮਨਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਹਨਾਂ ਸਮਾਗਮਾਂ ਨੂੰ ਮੁੱਖ ਰੱਖਦਿਆਂ ਮਾਨਵਤਾ ਭਲਾਈ ਕਾਰਜਾਂ ਤਹਿਤ ਇਸ ਸਮਾਨ ਦੀ ਵੰਡ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 23 ਸਤੰਬਰ 1990 ਨੂੰ ਡੇਰਾ ਸੱਚਾ ਸੌਦਾ ਦੇ ਦੂਜੇ ਮੁਖੀ ਸ਼ਾਹ ਸਤਿਨਾਮ ਨੇ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਨੂੰ ਗੁਰਗੱਦੀ ਦਿਤੀ ਸੀ ਜਿਸ ਕਰਕੇ ਇਸ ਦਿਹਾੜੇ ਨੂੰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਭੰਡਾਰੇ ਦੇ ਰੂਪ ’ਚ ਬਹੁਤ ਧੂਮ ਧਾਮ ਨਾਲ ਮਨਾਉਂਦੀ ਹੈ। ਓਧਰ ਭੰਡਾਰੇ ਦੀ ਸ਼ੁਰੂਆਤ ਸਵੇਰੇ 11 ਵਜੇ ਕੀਤੀ ਗਈ ਪਰ ਤੋਂ ਪਹਿਲਾਂ ਹੀ ਸਾਰੇ ਪੰਡਾਲ ਸਾਧ-ਸੰਗਤ ਨਾਲ ਭਰ ਚੁੱਕੇ ਸਨ। ਡੇਰੇ ਨੂੰ ਜਾਣ ਵਾਲੀਆਂ ਮੁੱਖ ਸੜਕਾਂ ਤੇ ’ਤੇ ਸੰਗਤ ਹੀ ਸੰਗਤ ਨਜ਼ਰ ਆ ਰਹੀ ਸੀ ।
ਭੰਡਾਰੇ ਲਈ ਬਣਾਏ ਮੁੱਖ ਪੰਡਾਲ ਵੱਲ ਆਉਣ ਵਾਲੇ ਸਾਰੇ ਰਸਤਿਆਂ ’ਤੇ ਗੱਡੀਆਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਸਮਾਗਮ ਦੀ ਸਮਾਪਤੀ ਤੱਕ ਸਾਧ-ਸੰਗਤ ਦਾ ਆਉਣਾ ਲਗਾਤਾਰ ਜਾਰੀ ਰਿਹਾ। ਇਕੱਠ ਦੇ ਮੱਦੇਨਜ਼ਰ ਮੁੱਖ ਪੰਡਾਲ ਤੋਂ ਇਲਾਵਾ ਹੋਰ ਕਈ ਪੰਡਾਲ ਤੇ 15 ਟੈ੍ਰਫਿਕ ਗਰਾਊਂਡ ਬਣਾਏ ਗਏ ਸਨ ਪਰ ਭਾਰੀ ਇਕੱਠ ਅੱਗੇ ਸਾਰੇ ਪ੍ਰਬੰਧ ਛੋਟੇ ਪੈ ਗਏ। ਇਸ ਸਮਾਗਮ ਦੌਰਾਨ ਡੇਰਾ ਸਿਰਸਾ ਮੁਖੀ ਦੇ ਪ੍ਰਵਚਨਾਂ ਦੀ ਰਿਕਾਰਡ ਕੀਤੀ ਹੋਈ ਵੀਡੀਓ ਸੁਣਾਈ ਗਈ ਜਿਸ ਵਿੱਚ ਉਨ੍ਹਾਂ ਗੁਰ ਗੱਦੀ ਦੇਣ ਵੇਲੇ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਸਮਾਗਮ ਦੌਰਾਨ ਡੇਰਾ ਮੁਖੀ ਵੱਲੋਂ ਆਪਣੇ ਪੈਰੋਕਾਰਾਂ ਤੇ ਪ੍ਰਬੰਧਕਾਂ ਦੇ ਨਾਮ ਲਿਖੀ ਸਤਾਰਵੀਂ ਚਿੱਠੀ ਵੀ ਪੜ੍ਹ ਕੇ ਸੁਣਾਈ।ਇਸ ਮੌਕੇ ਗੁਰਗੱਦੀ ਦਿਵਸ ਦੀਆਂ ਯਾਦਾਂ ਨੂੰ ਸਾਂਝਾ ਕਰਦੀ ਇੱਕ ਡਾਕਿਊਮੈਂਟਰੀ ਵੀ ਦਿਖਾਈ ਗਈ।