ਹਰਿੰਦਰ ਨਿੱਕਾ , ਪਟਿਆਲਾ 22 ਸਤੰਬਰ 2023
ਜਿਲ੍ਹੇ ਦੇ ਸਦਰ ਨਾਭਾ ਅਧੀਨ ਪੈਂਦੇ ਪਿੰਡ ਰੋਹਟੀ ਛੰਨਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਬਲੈਕਮੇਲ ਕਰਨ ਵਾਲੀ ਔਰਤ ਖੁਦ ਹੀ ਆਪਣੇ ਬੁਣੇ ਜਾਲ ਵਿੱਚ ਫਸ ਗਈ। ਜਦੋਂ ਹਰ ਦਿਨ ਦੀ blackmailing ਬਲੈਕਮੇਲਿੰਗ ਤੋਂ ਤੰਗ ਆਏ ਵਿਅਕਤੀ ਨੇ ਕੋਈ ਜਹਿਰੀਲੀ ਚੀਜ ਨਿਗਲ ਕੇ ਮੌਤ ਨੂੰ ਗਲ ਲਾ ਲਿਆ। ਪੁਲਿਸ ਨੇ ਮ੍ਰਿਤਕ ਦੇ ਭਤੀਜੇ ਦੇ ਬਿਆਨ ਪਰ ਬਲੈਕਮੇਲ ਕਰਨ ਵਾਲੀ ਔਰਤ, ਉਸ ਦੀ ਮਾਂ ਸਣੇ ਤਿੰਨ ਜਣਿਆਂ ਖਿਲਾਫ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਜੁਰਮ ਵਿੱਚ ਕੇਸ ਦਰਜ ਕਰਕੇ,ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ।
ਪੁਲਿਸ ਨੂੰ ਦਿੱਤੇ ਬਿਆਨ ‘ਚ ਮਨਪ੍ਰੀਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਰੋਹਟੀ ਛੰਨਾ ਥਾਣਾ ਸਦਰ ਨਾਭਾ ਨੇ ਲਿਖਾਇਆ ਕਿ 21/09/2023 ਨੂੰ ਸਮਾਂ ਕਰੀਬ 12.10 ਪੀ.ਐਮ ਪਰ ਮੁਦਈ ਨੂੰ ਉਸ ਦੇ ਚਾਚਾ ਬਹਾਦਰ ਸਿੰਘ ਦਾ ਫੋਨ ਆਇਆ ਕਿ ਦੋਸ਼ਣ ਬਲਜਿੰਦਰ ਕੌਰ ਉਸ ਪਾਸੋਂ ਪੈਸਿਆਂ ਦੀ ਮੰਗ ਕਰ ਰਹੀ ਹੈ। ਉਹ ਕਹਿੰਦੀ ਹੈ ਕਿ ਪੈਸੇ ਨਾ ਮਿਲਣ ਦੀ ਸੂਰਤ ਵਿੱਚ ਉਹ, ਉਸ (ਬਹਾਦਰ ਸਿੰਘ ) ਪਰ RAPE ਬਲਾਤਕਾਰ ਦਾ ਮੁਕੱਦਮਾ ਦਰਜ ਕਰਵਾ ਦੇਵੇਗੀ। ਉਸ ਨੇ ਇਹ ਵੀ ਧਮਕੀ ਦਿੱਤੀ ਸੀ ਕਿ ਉਹ ਹੁਣ ਆਪਣੀ ਮਾਤਾ ਤੇ ਮੰਗਾ ਸਿੰਘ ਨੂੰ ਨਾਲ ਲੈ ਕੇ ਜਿੱਥੇ ਉਹ ਨੌਕਰੀ ਕਰਦਾ ਹੈ। ਉੱਥੇ ਆ ਰਹੀ ਹੈ । ਮੁਦਈ ਨੇ ਆਪਣੇ ਚਾਚੇ ਬਹਾਦਰ ਸਿੰਘ ਨੂੰ ਘਰ ਆਉਣ ਲਈ ਕਿਹਾ ਤਾਂ ਕੁੱਝ ਸਮੇਂ ਬਾਅਦ ਮੁਦਈ ਨੂੰ ਉਸ ਦੀ ਮਾਤਾ ਦਾ ਫੋਨ ਆਇਆ ਕਿ ਉਸ ਦਾ ਚਾਚਾ ਘਰ ਆ ਗਿਆ ਹੈ ਅਤੇ ਕਾਫੀ ਘਬਰਾਇਆ ਹੋਇਆ ਹੈ ‘ਤੇ ਉਲਟੀਆ ਕਰ ਰਿਹਾ ਹੈ । ਮੁਦਈ ਨੇ ਘਰ ਆ ਕੇ ਦੇਖਿਆ ਤਾਂ ਉਸ ਦੇ ਚਾਚੇ ਨੇ ਕੋਈ ਜਹਿਰੀਲੀ ਦਵਾਈ ਪੀ ਲਈ ਸੀ। ਜਿਸ ਨੂੰ ਇਲਾਜ ਲਈ ਅਮਰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਜਿਸ ਦੀ ਦੌਰਾਨ ਏ ਇਲਾਜ਼ ਮੌਤ ਹੋ ਗਈ । ਮਾਮਲੇ ਦੇ ਤਫਤੀਸ਼ ਅਧਿਕਾਰੀ ਅਨੁਸਾਰ ਮੁਦਈ ਮਨਪ੍ਰੀਤ ਸਿੰਘ ਦੇ ਬਿਆਨ ਪਰ ਨਾਮਜ਼ਦ ਦੋਸ਼ੀ ਬਲਜਿੰਦਰ ਕੌਰ ਪੁੱਤਰੀ ਨਿਰਮਲ ਸਿੰਘ , ਉਸ ਦੀ ਮਾਂ ਸਵਰਨ ਕੌਰ ਪਤਨੀ ਨਿਰਮਲ ਸਿੰਘ ਵਾਸੀਆਨ ਸੰਤ ਨਗਰ ਨਾਭਾ ਅਤੇ ਮੰਗਾ ਸਿੰਘ ਪੁੱਤਰ ਨਾ—ਮਾਲੂਮ ਵਾਸੀ ਨਾ—ਮਾਲੂਮ ਦੇ ਬਰਖਿਲਾਫ ਅਧੀਨ ਜੁਰਮ 306 / 34 IPC ਤਹਿਤ ਐਫ.ਆਈ.ਆਰ. ਥਾਣਾ ਸਦਰ ਨਾਭਾ ਵਿਖੇ ਦਰਜ਼ ਕਰਕੇ,ਨਾਮਜ਼ਦ ਦੋਸ਼ੀਆਂ ਦੀ ਤਲਾਸ਼ ਅਤੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।