ਰਘਬੀਰ ਹੈਪੀ,ਬਰਨਾਲਾ, 21 ਸਤੰਬਰ 2023
ਪੰਜਾਬ ਸਰਕਾਰ ਵਲੋਂ ਉਸਾਰੀ ਕਿਰਤੀਆਂ ਨੂੰ ਵੱਖ-ਵੱਖ ਸਕੀਮਾਂ ਰਾਹੀਂ ਕਈ ਤਰੀਕੇ ਦੇ ਲਾਭ ਦਿੱਤੇ ਜਾਂਦੇ ਹਨ ਤਾਂ ਜੋ ਉਨ੍ਹਾਂ ਨੂੰ ਹਰ ਤਰੀਕੇ ਦੇ ਮੌਕੇ ਮੁਹਈਆ ਕਰਵਾਏ ਜਾ ਸਕਣ । ਇਹ ਜਾਣਕਾਰੀ ਉਪ ਮੰਡਲ ਮੈਜਿਸਟ੍ਰੇਟ ਸ਼੍ਰੀ ਗੋਪਾਲ ਸਿੰਘ ਨੇ ਅੱਜ ਪੰਜਾਬ ਬਿਲਡਿੰਗ ਐਂਡ ਅੰਦਰ ਕੌਂਸਟ੍ਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਉਸਾਰੀ ਕਿਰਤੀਆਂ ਚ ਰਾਜ ਮਿਸਤਰੀ / ਇੱਟਾਂ/ ਸੀਮੇਂਟ ਫੜਾਉਣ ਵਾਲੇ ਮਜ਼ਦੂਰ, ਪਲੰਬਰ, ਤਰਖਾਣ, ਵੇਲਡਰ, ਬਿਜਲੀ ਦਾ ਕੰਮ ਕਰਨ ਵਾਲੇ, ਸੀਵਰਮੈਨ, ਮਾਰਬਲ / ਟਾਈਲਾਂ ਲਗਾਉਣ ਵਾਲੇ, ਫ਼ਰਸ਼ ਦੀ ਰਗੜਾਈ ਕਰਨ ਵਾਲੇ, ਪੇਂਟਰ, ਪੀ. ਓ. ਪੀ ਦਾ ਕੰਮ ਕਰਨ ਵਾਲੇ, ਸੜਕਾਂ ਬਣਾਉਣ ਵਾਲੇ, ਇਮਾਰਤਾਂ ਨੂੰ ਢਾਉਣ ਵਾਲੇ, ਮੁਰੰਮਤ ਰੱਖ ਰਖਾਵ ਵਾਲੇ, ਭੱਠੀਆਂ ਉੱਤੇ ਕੰਮ ਕਰਨ ਵਾਲੇ ਕਿਰਤੀ ਇਨ੍ਹਾਂ ਸਕੀਮਾਂ ਵਿੱਚ ਲਾਭਪਾਤਰੀ ਵਜੋਂ ਸ਼ਾਮਲ ਕੀਤਾ ਜਾਂਦਾ ਹੈ । ਉਸਾਰੀ ਕਿਰਤੀਆਂ ਲਈ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਲਾਹਾ ਲੈਣ ਲਈ ਲੇਬਰ ਇੰਸਪੈਕਟਰਾਂ ਵੱਲੋਂ ਵੱਖ ਵੱਖ ਸਕੀਮਾਂ ਅਧੀਨ ਪ੍ਰਾਪਤ ਆਨ ਲਾਈਨ ਪ੍ਰਤੀਬੇਨਤੀਆਂ ਕਮੇਟੀ ਮੈਂਬਰਾਂ ਅੱਗੇ ਪੇਸ਼ ਕੀਤੀਆਂ ਗਈਆਂ ਅਤੇ ਕਮੇਟੀ ਵੱਲੋਂ ਇਨ੍ਹਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
ਸ਼੍ਰੀ ਗੋਪਾਲ ਸਿੰਘ ਨੇ ਕਿਹਾ ਕਿ ਵਜ਼ੀਫ਼ਾ ਸਕੀਮ ਅਧੀਨ, ਐਲ.ਟੀ.ਸੀ., ਸ਼ਗਨ ਸਕੀਮ, ਐਕਸ ਗ੍ਰੇਸ਼ੀਆ ਸਕੀਮ, ਦਾਹ ਸੰਸਕਾਰ ਸਕੀਮ, ਪ੍ਰਸੂਤਾ ਲਾਭ ਸਕੀਮ, ਮਾਨਸਿਕ ਰੋਗ ਸਕੀਮ ਅਤੇ ਬਾਲੜੀ ਸਕੀਮ ਅਧੀਨ ਪ੍ਰਾਪਤ ਅਰਜ਼ੀਆਂ ਨੂੰ ਕਮੇਟੀ ਵੱਲੋਂ ਪਾਸ ਕੀਤਾ ਗਿਆ। ਲਾਭਪਾਤਰੀਆਂ ਨੂੰ ਇਹ ਰਕਮ ਬੋਰਡ ਵੱਲੋਂ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਸਿੱਧੇ ਤੌਰ ‘ਤੇ ਟਰਾਂਸਫ਼ਰ ਕੀਤੀ ਜਾਵੇਗੀ। ਉਨ੍ਹਾਂ ਕਿਰਤ ਵਿਭਾਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਕੋਈ ਵੀ ਯੋਗ ਲਾਭਪਾਤਰੀ ਸਹੂਲਤਾਂ ਤੋਂ ਵਾਂਝਾ ਨਾ ਰਹੇ। ਇਸ ਮੌਕੇ ਸਹਾਇਕ ਕਿਰਤ ਕਮਿਸ਼ਨਰ ਐੱਸ. ਕੇ. ਭੋਰੀਵਾਲ ਨੇ ਦੱਸਿਆ ਕਿ ਬਿਨੈਕਰਤਾ ਆਪਣਾ ਰੇਜਿਸਟ੍ਰੇਸ਼ਨ ਸੇਵਾ ਕੇੰਦਰ ਵਿਖੇ ਕਰਵਾ ਸਕਦਾ ਹੈ ਜਿਸ ਲਈ ਬਿਨੈਕਰਤਾ ਦਾ ਆਧਾਰ ਕਾਰਡ ਅਤੇ ਪੈਨ ਕਾਰਡ ਜਾਂ ਵੋਟਰ ਆਈ ਕਾਰਡ ਦੀ ਲੋੜ ਪੈਂਦੀ ਹੈ। ਨਾਲ ਹੀ ਪਰਿਵਾਰ ਦੇ ਸਾਰੇ ਮੇਮ੍ਬਰਾਂ ਦੇ ਆਧਾਰ ਕਾਰਡ ਅਤੇ ਫਾਰਮ 27 ਨੰਬਰ ਫਾਰਮ ਭਰ ਕੇ ਦੇਣਾ ਹੁੰਦਾ ਹੈ ਲਾਭਪਾਤਰੀ ਬਣਨ ਲਈ ਉਮਰ ਘੱਟੋਂ ਘੱਟ 18 ਤੋਂ 60 ਸਾਲ ਹੋਣੀ ਚਾਹੀਦੀ ਹੈ, ਪਿਛਲੇ 12 ਮਹੀਨਿਆਂ ਦੌਰਾਨ ਨਿਰਮਾਣ ਕਾਰਜਾਂ / ਉਸਾਰੀ ਕੰਮਾਂ ਵਿਚ ਘੱਟੋਂ ਘੱਟ 90 ਦਿਨ ਕੰਮ ਕੀਤਾ ਹੋਵੇ ਅਤੇ ਬਤੌਰ ਲਾਭਪਾਤਰੀ ਰੇਜਿਸਟ੍ਰੇਸ਼ਨ ਲਈ 10 ਰੁਪਏ ਪ੍ਰਤੀ ਮਹੀਨਾ ਅੰਸ਼ਦਾਨ ਰਾਸ਼ੀ ਜ਼ਿਲ੍ਹੇ ਦੇ ਕਿਸੇ ਵੀ ਸੇਵਾ ਕੇਂਦਰ ਵਿਖੇ ਜਮਾਂ ਕਰਵਾਈ ਜਾ ਸਕਦੀ ਹੈ।
ਇਸ ਬੈਠਕ ਦੌਰਾਨ ਲੇਬਰ ਇੰਸਪੈਕਟਰ ਗੁਰਪਿੰਦਰ ਕੌਰ, ਸਹਾਇਕ ਸਿਵਲ ਸਰਜਨ ਡਾ ਮਨੋਹਰ ਲਾਲ, ਡੀ. ਐੱਸ. ਪੀ ਸਤਵੀਰ ਸਿੰਘ ਅਤੇ ਹੋਰ ਵਿਭਾਗਾਂ ਦੇ ਮੁਖੀ ਅਤੇ ਕਰਮਚਾਰੀ ਹਾਜ਼ਰ ਸਨ ।