ਹਰਿੰਦਰ ਨਿੱਕਾ , ਚੰਡੀਗੜ੍ਹ, 18 ਸਤੰਬਰ, 2023
ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ‘ਚ ਵਿਜੀਲੈਂਸ ਬਿਊਰੋ ਦੁਆਰਾ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ, ਕੁੱਝ ਕਾਂਗਰਸੀ ਆਗੂਆਂ ਤੇ ਕਸੇ ਸ਼ਿਕੰਜੇ ਤੋਂ ਬਾਅਦ ਕਾਂਗਰਸ ਛੱਡ ਕੇ ਭਾਜਪਾ ਵੱਲ ਧੜਾਧੜ ਵਹੀਰਾਂ ਘੱਤ ਰਹੇ ਆਗੂਆਂ ਲਈ ਹੁਣ ਭਾਜਪਾ ‘ਚ ਜਾਣਾ ਵੀ ਸੁਰੱਖਿਅਤ ਨਹੀਂ ਰਿਹਾ। ਅੱਜ ਵਿਜੀਲੈਂਸ ਬਿਊਰੋ ਨੇ ਫਿਰੋਜ਼ਪੁਰ ਦਿਹਾਤੀ ਤੋਂ ਭਾਜਪਾ ਦੀ ਸਾਬਕਾ ਵਿਧਾਇਕ ਸਤਿਕਾਰ ਕੌਰ ਅਤੇ ਉਹਨਾਂ ਦੇ ਪਤੀ ਜਸਮੇਲ ਸਿੰਘ ਲਾਡੀ ਗਹਿਰੀ ਨੂੰ ਹਿਰਾਸਤ ਵਿਚ ਲੈ ਲਿਆ ਹੈ।
ਵਿਜੀਲੈਂਸ ਨੇ ਉਨ੍ਹਾਂ ਦੇ ਘਰ ਛਾਪੇਮਾਰੀ ਕਰਕੇ, ਦੋਵਾਂ ਜੀਆਂ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਸਾਬਕਾ ਵਿਧਾਇਕ ਸਤਿਕਾਰ ਕੌਰ ਅਤੇ ਉਸ ਦੇ ਪਤੀ ਦੀ ਨਜਾਇਜ਼ ਮਾਇਨਿੰਗ ਵਿਚ ਵੀ ਸ਼ਮੂਲੀਅਤ ਪਾਈ ਗਈ ਹੈ। ਉਨਾਂ ਖਿਲਾਫ ਫਿਰੋਜ਼ਪੁਰ ਵਿਚ ਹੀ ਐਫ ਆਈ ਆਰ ਦਰਜ ਕੀਤੀ ਗਈ ਹੈ। ਜਿਕਰਯੋਗ ਹੈ ਕਿ ਕਾਂਗਰਸ ਦੀ ਸਾਬਕਾ ਵਿਧਾਇਕ ਸਤਿਕਾਰ ਕੌਰ ਨੇ ਕੁੱਝ ਸਮਾਂ ਪਹਿਲਾਂ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ਜੁਆਇਨ ਕਰ ਲਈ ਸੀ। ਕਾਗਰਸੀ ਆਗੂਆਂ ਦੀਆਂ ਵਿਜੀਲੈਂਸ ਬਿਊਰੋ ਵੱਲੋਂ ਕੀਤੀਆਂ ਧੜਾਧੜ ਗਿਰਫਤਾਰੀਆਂ ਤੋਂ ਬਾਅਦ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਭਾਸ਼ਣ ਵਿੱਚ ਮੁੱਖ ਮੰਤਰੀ ਨੂੰ ਕਿਹਾ ਸੀ ਕਿ ਉਨਾਂ ‘ਚ ਹਿੰਮਤ ਐ ਤਾਂ ਭਾਜਪਾ ‘ਚ ਸ਼ਾਮਿਲ ਹੋਏ ਕਾਂਗਰਸੀਆਂ ਖਿਲਾਫ ਕੋਈ ਕਾਰਵਾਈ ਕਰਕੇ ਦਿਖਾਉ, ਹੁਣ ਸ਼ਾਇਦ ਮੁੱਖ ਮੰਤਰੀ , ਭਾਜਪਾ ਆਗੂ ਤੇ ਸਾਬਕਾ ਵਿਧਾਇਕ ਨੂੰ ਫੜ੍ਹ ਕੇ ਸਾਫ ਕਰ ਦਿੱਤਾ ਹੈ ਕਿ ਭ੍ਰਿਸ਼ਟਾਚਾਰ ਦੇ ਦੋਸ਼ੀ ਕਿਸੇ ਵੀ ਆਗੂ ਨੂੰ ਬਖਸ਼ਿਆ ਨਹੀਂ ਜਾਵੇਗਾ, ਭਾਂਵੇ ਉਹ ਕਿਸੇ ਵੀ ਰਾਜਸੀ ਪਾਰਟੀ ਨਾਲ ਸਬੰਧਿਤ ਹੋਵੇ। ਵਰਨਣਯੋਗ ਹੈ ਕਿ ਆਪ ਸਰਕਾਰ ਦੇ ਕਰੀਬ ਦੋ ਸਾਲ ਦੇ ਕਾਰਜਕਾਲ ਵਿੱਚ ਵਿਜੀਲੈਂਸ ਦੀ ਕੁੜਿੱਕੀ ਵਿੱਚ ਕਾਂਗਰਸ, ਆਪ ਅਤੇ ਭਾਜਪਾ ਆਗੂ ਫਸ ਚੁੱਕੇ ਹਨ।