ਅਸ਼ੋਕ ਵਰਮਾ ,ਬਠਿੰਡਾ, 16 ਸਤੰਬਰ 2023
ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਦੇ ਸਮਾਜਿਕ ਸੁਰੱਖਿਆ ਅਤੇ ਬਾਲ ਭਲਾਈ ਵਿਭਾਗ ਦੇ ਸਕੱਤਰ ਨੂੰ ਸੂਬੇ ਵਿੱਚ ਵੱਧ ਰਹੇ ਬੈਗਿੰਗ ਰੈਕੇਟ ( ਭਿਖਾਰੀ ਗਿਰੋਹਾਂ ) ਨੂੰ ਨੱਥ ਪਾਉਣ ਲਈ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਬਠਿੰਡਾ ਦੇ ਐਡਵੋਕੇਟ ਵਰੁਣ ਬਾਂਸਲ ਨੇ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਲੋਕ ਹਿੱਤ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਵਿਚ ਉਨ੍ਹਾਂ ਨੇ ਇਹ ਮੁੱਦਾ ਉਠਾਇਆ ਸੀ ਕਿ ਟ੍ਰੈਫਿਕ ਲਾਈਟਾਂ ਤੇ ਰੋਜ਼ਾਨਾ ਛੋਟੇ ਬੱਚੇ ਹੱਥਾਂ ‘ਚ ਪਾਣੀ ਦੀਆਂ ਬੋਤਲਾਂ ਅਤੇ ਵਾਈਪਰ ਲੈ ਕੇ ਲੰਘਣ ਵਾਲੇ ਵਾਹਨਾਂ ਦੇ ਸ਼ੀਸ਼ੇ ਜ਼ਬਰਦਸਤੀ ਸਾਫ਼ ਕਰਨ ਲੱਗ ਜਾਂਦੇ ਹਨ ਅਤੇ ਫਿਰ ਅਣਚਾਹੀ ਸੇਵਾ ਬਦਲੇ ਉਨ੍ਹਾਂ ਤੋਂ ਪੈਸੇ ਮੰਗਦੇ ਹਨ।
ਉਨ੍ਹਾਂ ਕਮਿਸ਼ਨ ਨੂੰ ਦੱਸਿਆ ਸੀ ਕਿ ਜਦੋਂ ਕੋਈ ਉਨ੍ਹਾਂ ਨੂੰ ਪੈਸੇ ਦੇਣ ਤੋਂ ਇਨਕਾਰ ਕਰਦਾ ਹੈ, ਤਾਂ ਉਹ ਕਾਰ ਦੇ ਸ਼ੀਸ਼ੇ ‘ਤੇ ਮੁੱਕਾ ਮਾਰਦੇ ਹਨ ਅਤੇ ਗਾਲ੍ਹਾਂ ਵੀ ਕੱਢਣ ਲੱਗਦੇ ਹਨ।ਇੰਨਾ ਹੀ ਨਹੀਂ ਕਈ ਵਾਰ ਸ਼ੀਸ਼ੇ ‘ਤੇ ਸਰਫ ਵਾਲਾ ਪਾਣੀ ਪਾ ਦਿੰਦੇ ਹਨ ਜਿਸ ਨਾਲ ਸ਼ੀਸ਼ਾ ਧੁੰਦਲਾ ਹੋ ਜਾਂਦਾ ਹੈ। ਇਸ ਦੌਰਾਨ ਜਦੋਂ ਟਰੈਫਿਕ ਲਾਈਟ ਹਰੀ ਹੋ ਜਾਂਦੀ ਹੈ ਤਾਂ ਧੁੰਦਲਾ ਸ਼ੀਸ਼ੇ ਕਾਰਨ ਹਾਦਸੇ ਵਾਪਰ ਰਹੇ ਹਨ । ਉਨ੍ਹਾਂ ਕਮਿਸ਼ਨ ਨੂੰ ਦੱਸਿਆ ਕਿ ਮੌਕੇ ਤੇ ਖਲੋਤੀ ਟਰੈਫਿਕ ਪੁਲਿਸ ਤਮਾਸ਼ਬੀਨ ਬਣੀ ਰਹਿੰਦੀ ਹੈ ਅਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਉਨ੍ਹਾਂ ਦੱਸਿਆ ਕਿ ਇਹ ਬੱਚੇ ਕਿਥੋਂ ਆਉਂਦੇ ਹਨ ਅਤੇ ਕਿੱਥੇ ਜਾਂਦੇ ਹਨ ਇਸ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਮਾਮਲੇ ਦਾ ਗੰਭੀਰ ਪਹਿਲੂ ਇਹ ਵੀ ਹੈ ਕਿ ਪ੍ਰਸ਼ਾਸਨ ਨੇ ਕਦੇ ਇਹ ਜਾਣਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਕਿ ਇਨ੍ਹਾਂ ਛੋਟੇ ਬੱਚਿਆਂ ਨੂੰ ਅਜਿਹਾ ਕਰਨ ਲਈ ਕੌਣ ਮਜਬੂਰ ਕਰਦਾ ਹੈ।ਇਹ ਵੀ ਸੰਭਵ ਹੈ ਕਿ ਇਨ੍ਹਾਂ ਬੱਚਿਆਂ ਨੂੰ ਅਗਵਾ ਕਰਕੇ ਭੀਖ ਮੰਗਣ ਲਈ ਮਜਬੂਰ ਕੀਤਾ ਜਾਂਦਾ ਹੋਵੇ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਕੋਈ ਕਦਮ ਨਹੀਂ ਚੁੱਕੇ ਜਾ ਰਹੇ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਐਡਵੋਕੇਟ ਵਰੁਣ ਬਾਂਸਲ ਨੇ ਇਹ ਵੀ ਦਲੀਲ ਦਿੱਤੀ ਕਿ ਪੰਜਾਬ ਸਰਕਾਰ ਵੱਲੋਂ ਛੋਟੇ ਬੱਚਿਆਂ ਲਈ ਸਿੱਖਿਆ ਬਿਲਕੁਲ ਮੁਫਤ ਹੈ ਪਰ ਇਨ੍ਹਾਂ ਬੱਚਿਆਂ ਨੂੰ ਵੀ ਸਿੱਖਿਆ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸਰਕਾਰ ਦੇ ਇਸ ਅਵੇਸਲੇਪਣ ਕਾਰਨ ਪੰਜਾਬ ਦਾ ਸੁਨਹਿਰੀ ਭਵਿੱਖ ਗਲਤ ਦਿਸ਼ਾ ਵੱਲ ਜਾ ਰਿਹਾ ਹੈ, ਜੋ ਕਿ ਮਨੁੱਖੀ ਜੀਵਨ ਲਈ ਨੁਕਸਾਨਦੇਹ ਹੈ। ਉਨ੍ਹਾਂ ਦੱਸਿਆ ਕਿ ਭਾਰਤ ਦੇ ਸੰਵਿਧਾਨ ਵਿੱਚ ਵੀ ਇਨ੍ਹਾਂ ਵਧ ਰਹੇ ਭੀਖ ਮੰਗਣ ਦੇ ਗਿਰੋਹਾਂ ਨੂੰ ਰੋਕਣ ਅਤੇ ਛੋਟੇ ਬੱਚਿਆਂ ਨੂੰ ਇਸ ਦਲਦਲ ਵਿੱਚੋਂ ਬਾਹਰ ਕੱਢਣ ਲਈ ਸਰਕਾਰ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ। ਐਡਵੋਕੇਟ ਵਰੁਣ ਬਾਂਸਲ ਦੀ ਸ਼ਿਕਾਇਤ ਨਾਲ ਸਹਿਮਤ ਹੁੰਦਿਆਂ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਦੇ ਸਮਾਜਿਕ ਸੁਰੱਖਿਆ ਤੇ ਬਾਲ ਭਲਾਈ ਵਿਭਾਗ ਦੇ ਸਕੱਤਰ ਨੂੰ ਸਖ਼ਤ ਹਦਾਇਤ ਕਰਦਿਆਂ ਇਸ ਮਾਮਲੇ ’ਤੇ ਗੰਭੀਰਤਾ ਨਾਲ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।
ਜਾਰੀ ਰਹੇਗੀ ਲੜਾਈ: ਵਰੁਣ ਬਾਂਸਲ
ਐਡਵੋਕੇਟ ਵਰੁਣ ਬਾਂਸਲ ਦਾ ਕਹਿਣਾ ਸੀ ਕਿ ਲੋਕ ਹਿੱਤਾਂ ਨਾਲ ਜੁੜਿਆ ਇਹ ਮੁੱਦਾ ਬੇਹੱਦ ਗੰਭੀਰ ਹੈ ਜਿਸ ਖਿਲਾਫ਼ ਉਹ ਲੜਾਈ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਇਕੱਲੀ ਉਨ੍ਹਾਂ ਦੀ ਲੜਾਈ ਸਾਰਥਿਕ ਨਹੀਂ ਹੋ ਸਕਦੀ ਬਲਕਿ ਇਸ ਮਾਮਲੇ ਨੂੰ ਲੈ ਕੇ ਆਮ ਲੋਕਾਂ ਨੂੰ ਵੀ ਜਾਗਰੂਕ ਹੋਣਾ ਪਵੇਗਾ। ਉਨ੍ਹਾਂ ਆਮ ਲੋਕਾਂ ਨੂੰ ਟ੍ਰੈਫਿਕ ਲਾਈਟਾਂ ਤੇ ਮਿਲਣ ਵਾਲੇ ਅਜਿਹੇ ਬੱਚਿਆਂ ਤੋਂ ਆਪਣੀਆਂ ਗੱਡੀਆਂ ਦੇ ਸ਼ੀਸ਼ੇ ਸਾਫ ਨਾ ਕਰਾਉਣ ਦੀ ਸਲਾਹ ਵੀ ਦਿੱਤੀ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਏਦਾਂ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ‘ਚ ਪੜ੍ਹਨ ਲਈ ਵੱਧ ਤੋਂ ਵੱਧ ਉਤਸ਼ਾਹਿਤ ਕਰਨ ਅਤੇ ਪੈਸੇ ਦੇਣ ਦੀ ਬਜਾਏ ਅਜਿਹੇ ਬੱਚਿਆਂ ਨੂੰ ਖਾਣ ਪੀਣ ਵਾਲੀਆਂ ਵਸਤਾਂ ਦੇ ਦੇਣ ।
ਪੁਲਿਸ ਪੂਰੀ ਤਰ੍ਹਾਂ ਚੌਕਸ: ਐਸਐਸਪੀ
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਦਾ ਕਹਿਣਾ ਸੀ ਕਿ ਪੁਲਿਸ ਅਜਿਹੇ ਗਰੋਹਾਂ ਦੀਆਂ ਸਰਗਰਮੀਆਂ ਪ੍ਰਤੀ ਪੂਰੀ ਤਰਾਂ ਚੌਕਸ ਹੈ ਅਤੇ ਜਦੋਂ ਵੀ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਸ ਬਾਰੇ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਬੱਚੇ ਦੀ ਕਿਸੇ ਅਪਰਾਧਕ ਵਾਰਦਾਤ ਵਿੱਚ ਸਮੂਲੀਅਤ ਪਾਈ ਜਾਂਦੀ ਹੈ ਤਾਂ ਪੁਲਿਸ ਨਿਯਮਾਂ ਮੁਤਾਬਕ ਉਹਨਾਂ ਖਿਲਾਫ ਵੀ ਕਾਰਵਾਈ ਕਰਦੀ ਹੈ। ਉਨ੍ਹਾਂ ਆਮ ਲੋਕਾਂ ਨੂੰ ਭੀਖ ਮੰਗਣ ਵਾਲੇ ਗਿਰੋਹਾਂ ਬਾਰੇ ਪੁਲਿਸ ਨੂੰ ਸੂਚਨਾ ਦੇਣ ਦੀ ਅਪੀਲ ਕੀਤੀ।