ਰਿਚਾ ਨਾਗਪਾਲ, ਪਟਿਆਲਾ, 6 ਸਤੰਬਰ 2023
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਨਗਰ ਨਿਗਮ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਕਾਰਜ ਸਾਧਕ ਅਧਿਕਾਰੀਆਂ, ਪੰਜਾਬ ਪ੍ਰਦੂਸ਼ਨ ਰੋਕਥਾਮ ਬੋਰਡ ਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਐਨ.ਜੀ.ਟੀ. ਦੇ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਦੇ ਹੋਏ ਜ਼ਿਲ੍ਹੇ ਦੀ ਆਬੋ-ਹਵਾ ਨੂੰ ਦੂਸ਼ਿਤ ਹੋਣ ਤੋਂ ਹਰ ਹਾਲ ਬਚਾਇਆ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਜ਼ਿਲ੍ਹੇ ਅੰਦਰ ਵਣਾਂ ਹੇਠ ਰਕਬਾ ਵਧਾਉਣ ਲਈ ਹਰਿਆਵਲ ਲਹਿਰ ਤਹਿਤ ਬੂਟੇ ਲਾਉਣ ਦਾ ਟੀਚਾ ਵੀ ਪੂਰਾ ਕੀਤਾ ਜਾਵੇਗਾ।
ਅੱਜ ਇੱਥੇ ਜ਼ਿਲ੍ਹਾ ਵਾਤਾਵਰਣ ਕਮੇਟੀ ਦੀ 17ਵੀਂ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਵਸਨੀਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਜਿੱਥੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਬੰਦ ਕਰਨ ਉਥੇ ਨਾਲ ਹੀ ਆਪਣੇ ਘਰਾਂ ਵਿੱਚੋਂ ਨਿਕਲਦੇ ਕੂੜੇ ਨੂੰ ਗਿੱਲੇ ਤੇ ਸੁੱਕੇ ਕੂੜੇ ਦੇ ਰੂਪ ਵਿੱਚ ਵੱਖੋ-ਵੱਖ ਕਰਕੇ ਹੀ ਕੂੜੇ ਵਾਲੇ ਨੂੰ ਚੁਕਾਉਣ।
ਸਾਕਸ਼ੀ ਸਾਹਨੀ ਨੇ ਕਿਹਾ ਕਿ ਕੌਮੀ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਤਹਿਤ ਨਗਰ ਨਿਗਮ ਤੇ ਸਾਰੀਆਂ ਨਗਰ ਪਾਲਿਕਾਵਾਂ ਤੇ ਪੰਚਾਇਤਾਂ ਦੇ ਅਧਿਕਾਰੀ ਇਹ ਯਕੀਨੀ ਬਣਾਉਣਗੇ ਕਿ ਇੱਕ ਵਾਰ ਵਰਤੋਂ ਵਿੱਚ ਆਉਣ ਵਾਲੇ ਪਲਾਸਟਿਕ ਦੀ ਵਰਤੋਂ ਰੋਕਣ ਲਈ ਜ਼ਿਲ੍ਹੇ ਦੀਆਂ ਸਾਰੀਆਂ ਮਾਰਕੀਟ ਐਸੋਸੀਏਸ਼ਨਾਂ ਦੇ ਸਹਿਯੋਗ ਲੈਕੇ ਬਾਜ਼ਾਰਾਂ ਨੂੰ ਰੇਟਿੰਗ ਦਿੱਤੀ ਜਾਵੇ। ਇਨ੍ਹਾਂ ਮਾਰਕੀਟਾਂ ਵਿੱਚ ਸਾਫ਼-ਸਫ਼ਾਈ, ਪਾਰਕਿੰਗ, ਟੁਆਇਲਟਸ ਦੇ ਪ੍ਰਬੰਧ ਸਹੀ ਕਰਨੇ ਵੀ ਯਕੀਨੀ ਬਣਾਏ ਜਾਣ।
ਡਿਪਟੀ ਕਮਿਸ਼ਨਰ ਨੇ ਪਟਿਆਲਾ ਜ਼ਿਲ੍ਹੇ ਲਈ ਨਾਨ-ਅਟੇਨਮੈਂਟ ਐਕਸ਼ਨ ਪਲਾਨ ਪੂਰੀ ਤਰ੍ਹਾਂ ਲਾਗੂ ਕਰਨ ਸਮੇਤ ਜ਼ਿਲ੍ਹੇ ਦੇ ਅਪਡੇਟ ਕੀਤੇ ਜਾ ਰਹੇ ਵਾਤਾਵਰਣ ਪਲਾਨ ਨੂੰ ਸਾਰੇ ਵਿਭਾਗਾਂ ਵੱਲੋਂ ਲਾਜਮੀ ਤੌਰ ‘ਤੇ ਅਪਡੇਟ ਕਰਨ ਦੇ ਆਦੇਸ਼ ਵੀ ਜਾਰੀ ਕੀਤੇ। ਉਨ੍ਹਾਂ ਨੇ ਕੂੜਾ ਪ੍ਰਬੰਧਨ ਲਈ ਲੋਕਾਂ ਆਮ ਲੋਕਾਂ ਤੇ ਬਾਜ਼ਾਰਾਂ ‘ਚ ਜਾਗਰੂਕਤਾ ਫੈਲਾਉਣ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਇਸ ਵੱਲ ਵਿਸ਼ੇਸ਼ ਤਵੱਜੋ ਦਿੱਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਭਾਦਸੋਂ ਤੇ ਘਨੌਰ ‘ਚ ਘਰਾਂ ਤੋਂ ਕੂੜਾ ਚੁੱਕਣ ਦੇ ਮਾਮਲੇ ‘ਚ ਸਮਾਣਾ, ਘੱਗਾ, ਪਾਤੜਾਂ, ਸਨੌਰ, ਘਨੌਰ, ਭਾਦਸੋਂ ਸਮੇਤ ਕੂੜੇ ਦੇ ਸਰੋਤ ਗਿੱਲੇ ਤੇ ਸੁੱਕੇ ਕੂੜੇ ਵਿੱਚ ਵੱਖੋ-ਵੱਖ ਕਰਨ ਲਈ ਘੱਗਾ, ਘਨੌਰ ਅਤੇ ਭਾਦਸੋਂ ਅਤੇ ਪੁਰਾਣੇ ਪਏ ਕੂੜੇ ਦੇ ਨਿਪਟਾਰੇ ਪ੍ਰਤੀ ਕੀਤੇ ਜਾ ਰਹੇ ਕੰਮ ਲਈ ਨਾਭਾ, ਸਨੌਰ, ਘਨੌਰ, ਭਾਦਸੋਂ ਦੇ ਕਾਰਜ ਸਾਧਕ ਅਫ਼ਸਰਾਂ ਦੀ ਸ਼ਲਾਘਾ ਕੀਤੀ।
ਸਾਕਸ਼ੀ ਸਾਹਨੀ ਨੇ ਸ਼ਹਿਰਾਂ ‘ਚ ਸਫ਼ਾਈ ਦਾ ਕੰਮ ਰਾਤ ਸਮੇਂ ਕਰਨ, ਪਿੰਡਾਂ ਦੇ ਛੱਪੜਾਂ ਦੀ ਸਾਫ਼-ਸਫ਼ਾਈ, ਘੱਗਰ ਨਾਲ ਲੱਗਦੇ ਇਲਾਕਿਆਂ ‘ਚ ਪੀਣ ਵਾਲੇ ਪਾਣੀ ਦੇ ਸੈਂਪਲ ਲੈਣੇ ਤੇ ਇੱਥੇ ਦੀ ਵੱਸੋਂ ਦੀ ਸਿਹਤ ਜਾਂਚ, ਘੱਗਰ ‘ਚ ਪੈਣ ਵਾਲੇ ਪਾਣੀ ‘ਚ ਸੀਵਰੇਜ ਜਾਂ ਫੈਕਟਰੀਆਂ ਦੇ ਪਾਣੀ ਨੂੰ ਬਿਨ੍ਹਾਂ ਸੋਧੇ ਨਾ ਪੈਣ ਦੇਣ ਆਦਿ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ।
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਵਾਤਾਵਰਣ ਇੰਜੀਨੀਅਰ ਰੋਹਿਤ ਸਿੰਗਲਾ ਨੇ ਮੀਟਿੰਗ ਦੀ ਕਾਰਵਾਈ ਚਲਾਈ। ਇਸ ਮੌਕੇ ਸੰਯੁਕਤ ਕਮਿਸ਼ਨਰ ਨਗਰ ਨਿਗਮ ਮਨੀਸ਼ਾ ਰਾਣਾ, ਏ.ਡੀ.ਸੀ. (ਸ਼ਹਿਰੀ ਵਿਕਾਸ) ਗੁਰਪ੍ਰੀਤ ਸਿੰਘ ਥਿੰਦ, ਈ.ਓ. ਪੀ.ਡੀ.ਏ. ਦੀਪਜੋਤ ਕੌਰ, ਡੀ.ਡੀ.ਪੀ.ਓ. ਅਮਨਦੀਪ ਕੌਰ ਸਮੇਤ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਕਾਰਜ ਸਾਧਕ ਅਫ਼ਸਰ, ਜਲ ਸਪਲਾਈ ਤੇ ਸੀਵਰੇਜ ਬੋਰਡ, ਡਰੇਨੇਜ, ਭੂਮੀ ਰੱਖਿਆ ਆਦਿ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।