ਰਿਚਾ ਨਾਗਪਾਲ, ਪਟਿਆਲਾ, 25 ਅਗਸਤ 2023
ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਅੰਦਰ ਪਰਾਲੀ ਨੂੰ ਅੱਗ ਨਾ ਲਗਾ ਕੇ ਸਗੋਂ ਵੱਖ-ਵੱਖ ਢੰਗ ਤਰੀਕਿਆਂ ਨਾਲ ਸੰਭਾਲਣ ਅਤੇ ਜ਼ਿਲ੍ਹੇ ਵਿੱਚ ਉਪਲਬੱਧ ਸੀ.ਆਰ.ਐਮ. ਮਸ਼ੀਨਰੀ ਦੀ ਪੂਰੀ ਸਮਰੱਥਾ ਮੁਤਾਬਕ ਵੱਧ ਤੋਂ ਵੱਧ ਵਰਤੋਂ ਯਕੀਨੀ ਬਣਾਉਣ ਲਈ ਰਣਨੀਤੀ ਉਲੀਕੀ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬੇਲਰ ਐਸੋਸੀਏਸ਼ਨ, ਭੱਠਾ ਮਾਲਕਾਂ, ਪਰਾਲੀ ਵਰਤਣ ਵਾਲੇ ਉਦਯੋਗਾਂ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ ਕੰਮ ਕਰਦੀਆਂ ਸੰਸਥਾਵਾਂ ਨਾਲ ਪਰਾਲੀ ਪ੍ਰਬੰਧਨ ਸਬੰਧੀ ਚਰਚਾ ਕੀਤੀ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਨੂਪ੍ਰਿਤਾ ਜੌਹਲ ਤੇ ਆਰ.ਟੀ.ਏ ਬਬਨਦੀਪ ਸਿੰਘ ਵਾਲੀਆ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਭੱਠਾ ਮਾਲਕਾਂ ਨੂੰ ਗਾਈਡਲਾਈਨਜ਼ ਅਨੁਸਾਰ ਪਰਾਲੀ ਦੀਆਂ ਪੈਲੇਟਸ (ਗੋਲੀਆਂ) ਦੀ ਵਰਤੋਂ ਕਰਨ ਦੀ ਲਈ ਕਿਹਾ ਅਤੇ ਇਸ ਸਬੰਧੀ ਤਕਨੀਕੀ ਜਾਣਕਾਰੀ ਲਈ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨਾਲ ਸੰਪਰਕ ਵਿੱਚ ਰਹਿਣ ਅਤੇ ਜਿਥੇ ਪੈਲੇਟਸ ਦੀ ਵਰਤੋਂ ਹੋ ਰਹੀ ਹੈ ਉਨ੍ਹਾਂ ਯੂਨਿਟਾਂ ਦਾ ਦੌਰਾ ਕਰਨ ਲਈ ਵੀ ਪੀ.ਪੀ.ਸੀ.ਬੀ ਨਾਲ ਰਾਬਤਾ ਰੱਖਣ ਲਈ ਕਿਹਾ। ਉਨ੍ਹਾਂ ਪਰਾਲੀ ਵਰਤਣ ਵਾਲੇ ਉਦਯੋਗਾਂ ਨੂੰ ਵੀ ਆਪਣੀ ਮੰਗ ਸਬੰਧੀ ਪਹਿਲਾਂ ਹੀ ਰਣਨੀਤੀ ਤਿਆਰ ਕਰਨ ਲਈ ਕਿਹਾ ਤਾਂ ਜੋ ਮੰਗ ਅਨਸਾਰ ਉਦਯੋਗਾਂ ਨੂੰ ਪਰਾਲੀ ਮੁਹੱਈਆ ਕਰਵਾਈ ਜਾ ਸਕੇ।
ਸਾਕਸ਼ੀ ਸਾਹਨੀ ਨੇ ਕਿਹਾ ਕਿ ਮੌਜੂਦ ਸੀਜ਼ਨ ਦੌਰਾਨ ਹੜ੍ਹਾਂ ਕਾਰਨ ਝੋਨੇ ਦੇ ਲੱਗਣ ਅਤੇ ਪੱਕਣ ਦੇ ਸਮੇਂ ਵਿੱਚ ਅੰਤਰ ਹੋਵੇਗਾ ਇਸ ਲਈ ਮਸ਼ੀਨਰੀ ਦੀ ਵਰਤੋਂ ਉਸੇ ਹਿਸਾਬ ਨਾਲ ਕੀਤੀ ਜਾਵੇ। ਉਨ੍ਹਾਂ ਖੇਤੀਬਾੜੀ, ਬੇਲਰ ਐਸੋਸੀਏਸ਼ਨ ਅਤੇ ਉਦਯੋਗਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਕੇ ਪਰਾਲੀ ਪ੍ਰਬੰਧਨ ਕਰਨ ਲਈ ਕਿਹਾ।
ਮੀਟਿੰਗ ਦੌਰਾਨ ਪੀ.ਆਰ.ਏ.ਐਨ.ਏ, ਏਅਰ ਪਲੀਊਸ਼ਨ ਐਕਸ਼ਨ ਗਰੁੱਪ ਅਤੇ ਖੇਤੀਬਾੜੀ ਬੁਨਿਆਦੀ ਢਾਂਚਾ ਵੰਡ ਵੱਲੋਂ ਪ੍ਰੈਜ਼ਨਟੇਸ਼ਨ ਦਿੱਤੀ ਗਈ, ਜਿਸ ਵਿੱਚ ਪਰਾਲੀ ਪ੍ਰਬੰਧਨ ਸਮੇਤ ਖੇਤੀ ਮਸ਼ੀਨਰੀ ‘ਤੇ ਮਿਲਦੀ ਸਬਸਿਡੀ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਬੈਂਕਾਂ ਦੇ ਨੁਮਾਇੰਦਿਆਂ ਨੂੰ ਸਰਕਾਰ ਵੱਲੋਂ ਖੇਤੀ ਮਸ਼ੀਨਰੀ ‘ਤੇ ਦਿੱਤੀ ਜਾਂਦੀ ਸਬਸਿਡੀ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਹਦਾਇਤ ਕੀਤੀ।
ਡੀ.ਸੀ. ਨੇ ਕਿਹਾ ਕਿ ਕਿਸਾਨਾਂ ਨੂੰ ਆਪਣੇ ਜੀਵਨ, ਵਾਤਾਵਰਣ ਤੇ ਧਰਤੀ ਨੂੰ ਸੰਭਾਲਣ ਲਈ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਸੰਭਾਲਣ ਜਾਂ ਜਮੀਨ ਵਿੱਚ ਹੀ ਵਾਹੁਣ ਲਈ ਆਪਣੀ ਸੋਚ ਬਦਲਣੀ ਪਵੇਗੀ। ਉਨ੍ਹਾਂ ਨੇ ਹਾਜ਼ਰੀਨ ਦੀਆਂ ਮੁਸ਼ਕਿਲਾਂ ਅਤੇ ਸੁਝਾਓ ਵੀ ਜਾਣੇ।
ਮੀਟਿੰਗ ਦੌਰਾਨ ਆਰ.ਟੀ.ਏ. ਬਬਨਦੀਪ ਸਿੰਘ ਵਾਲੀਆ, ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਗੁਰਨਾਮ ਸਿੰਘ, ਜੀ.ਐਮ. ਡੀ.ਆਈ.ਸੀ. ਅੰਗਦ ਸਿੰਘ ਸੋਹੀ, ਪ੍ਰਦੂਸ਼ਨ ਰੋਕਥਾਮ ਬੋਰਡ ਦੇ ਵਾਤਾਵਰਣ ਇੰਜੀਨੀਅਰ ਸਮੇਤ ਬੇਲਰ ਐਸੋਸੀਏਸ਼ਨ, ਭੱਠਾ ਮਾਲਕ, ਐਨ.ਜੀ.ਓਜ਼ ਤੇ ਉਦਯੋਗਾਂ ਦੇ ਨੁਮਾਇੰਦੇ ਵੀ ਮੌਜੂਦ ਸਨ।