ਬਿੱਟੂ ਜਲਾਲਾਬਾਦੀ, ਫਾਜਿ਼ਲਕਾ 25 ਅਗਸਤ 2023
ਫਾਜਿ਼ਲਕਾ ਦੇ ਸਰਹੱਦੀ ਪਿੰਡਾਂ ਵਿਚ ਹੜ੍ਹ ਕਾਰਨ ਫਸਲਾਂ ਨੂੰ ਕਾਫੀ ਨੁਕਸਾਨ ਹੋਇਆ ਹੈ ਅਤੇ ਕਈ ਪਿੰਡ ਪਾਣੀ ਵਿਚ ਘਿਰ ਗਏ ਸਨ। ਇੰਨ੍ਹਾਂ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਸੀ।
ਇਸ ਲਈ ਫਾਜਿ਼ਲਕਾ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਵੱਖ ਵੱਖ ਥਾਂਵਾਂ ਤੇ ਰਾਹਤ ਕੈਂਪ ਬਣਾਏ ਗਏ ਸਨ, ਜਿੰਨ੍ਹਾਂ ਵਿਚ ਕਾਫੀ ਗਿਣਤੀ ਵਿਚ ਲੋਕ ਆਪਣਾ ਸਮਾਨ ਤੇ ਮਾਲ ਡੰਗਰ ਲੈ ਕੇ ਪਹੁੰਚੇ ਹਨ। ਅਜਿਹਾ ਹੀ ਇਕ ਰਾਹਤ ਕੈਂਪ ਪਿੰਡ ਹਸਤਾ ਕਲਾਂ ਦੇ ਸਰਕਾਰੀ ਸਕੂਲ ਵਿਚ ਚੱਲ ਰਿਹਾ ਹੈ।
ਕੈਂਪ ਦਾ ਦੌਰਾ ਕਰਨ ਤੇ ਇੱਥੇ ਰਹਿ ਰਹੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਥਾਂ ਤੇ ਕੀਤੇ ਪ੍ਰਬੰਧਾਂ ਤੇ ਤਸੱਲੀ ਪ੍ਰਗਟ ਕੀਤੀ ਹੈ।ਦਿਨ ਵੇਲੇ ਕੈਂਪ ਵਿਚ ਜਿਆਦਾ ਤਰ ਔਰਤਾਂ ਅਤੇ ਬੱਚੇ ਹੀ ਹੁੰਦੇ ਹਨ ਕਿਉਂਕਿ ਪੁਰਸ਼ ਮੈਂਬਰ ਆਸਪਾਸ ਹੜ੍ਹ ਦੇ ਤਾਜੇ ਹਲਾਤਾਂ ਦੀ ਖ਼ਬਰ ਲੈਣ ਲਈ ਚਲੇ ਜਾਂਦੇ ਹਨ।
ਕੈਂਪ ਵਿਚ ਢਾਣੀ ਸੱਦਾ ਸਿੰਘ ਦੀ ਬਲਬੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਸਭ ਤੋਂ ਵੱਧ ਪ੍ਰਭਾਵਿਤ ਸੀ ਅਤੇ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਸਮੇਂ ਸਿਰ ਇੱਥੇ ਲੈ ਆਂਦਾ ਸੀ। ਉਨ੍ਹਾਂ ਲਈ ਘਰ ਦੀ ਯਾਦ ਤਾਂ ਬਹੁਤ ਹੈ ਅਤੇ ਛੇਤੀ ਘਰ ਵੀ ਜਾਣਾ ਚਾਹੁੰਦੇ ਹਨ ਪਰ ਫਿਰ ਵੀ ਇੱਥੇ ਉਨ੍ਹਾਂ ਨੂੰ ਘਰ ਵਰਗਾ ਮਹੌਲ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ।
ਗੱਟੀ ਨੰਬਰ 3 ਦੇ ਸਿੰਕਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਦੇ ਖੇਤਾਂ ਵਿਚ ਹਾਲੇ ਵੀ ਪਾਣੀ ਭਰਿਆ ਹੋਇਆ ਹੈ ਅਤੇ ਉਨ੍ਹਾਂ ਨੂੰ ਆਪਣੀ ਫਸਲ ਦੀ ਬਹੁਤ ਚਿੰਤਾ ਹੈ। ਉਨ੍ਹਾਂ ਅਨੁਸਾਰ ਇਕੋ ਸੀਜਨ ਵਿਚ ਦੋ ਵਾਰ ਆਏ ਪਾਣੀ ਕਾਰਨ ਫਸਲਾਂ ਨੂੰ ਨੁਕਸਾਨ ਹੋਇਆ ਹੈ ਪਰ ਭਲਾ ਹੋਵੇ ਪ੍ਰਸ਼ਾਸਨ ਦਾ ਜ਼ੋ ਉਨ੍ਹਾਂ ਨੂੰ ਇੱਥੇ ਲੈ ਆਏ ਅਤੇ ਉਨ੍ਹਾਂ ਦੇ ਪਰਿਵਾਰ ਅਤੇ ਸਮਾਨ ਦੀ ਸੁਰੱਖਿਆ ਹੋ ਸਕੀ। ਉਸਨੇ ਕਿਹਾ ਕਿ ਇੱਥੇ ਹਰ ਪ੍ਰਕਾਰ ਦੀ ਮਦਦ ਮਿਲ ਰਹੀ ਹੈ।
ਗੁਲਾਬਾ ਭੈਣੀ ਦੇ ਜ਼ਸਬੀਰ ਸਿੰਘ ਨੇ ਕਿਹਾ ਕਿ ਫਸਲਾਂ ਦਾ ਮੁਆਵਜਾ ਮਿਲਣਾ ਚਾਹੀਦਾ ਹੈ ਅਤੇ ਜਿੰਨ੍ਹਾਂ ਦੇ ਮਕਾਨਾਂ ਦਾ ਨੁਕਸਾਨ ਹੋਇਆ ਹੈ ਉਨ੍ਹਾਂ ਨੂੰ ਮੁਆਵਜਾ ਮਿਲਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇੱਥੇ ਉਹ ਆਪਣੇ ਪਰਿਵਾਰ ਅਤੇ ਬੱਚਿਆ ਨਾਲ ਆਏ ਹਨ ਅਤੇ ਉਨ੍ਹਾਂ ਲਈ ਇੱਥੇ ਠਹਿਰਾਓ ਹੋਣ ਨਾਲ ਉਨ੍ਹਾਂ ਲਈ ਇਹ ਔਖਾ ਸਮਾਂ ਕੱਢਣਾ ਅਸਾਨ ਹੋ ਗਿਆ ਹੈ।
ਕੈਂਪ ਵਿਚ ਪਰਿਵਾਰਾਂ ਨਾਲ ਜ਼ੋ ਬੱਚੇ ਆਏ ਹਨ ਉਨ੍ਹਾਂ ਨੂੰ ਪਹਿਲਾਂ ਤੇ ਇੱਥੋਂ ਦੇ ਪ੍ਰਾਇਮਰੀ ਸਕੂਲ ਵਿਚ ਹੀ ਪੜ੍ਹਨ ਭੇਜਿਆ ਜਾਂਦਾ ਸੀ ਪਰ ਹੁਣ ਛੁੱਟੀਆਂ ਹੋਣ ਕਾਰਨ ਇਹ ਬੱਚੇ ਇੱਥੇ ਆਪਣੇ ਮਾਪਿਆਂ ਕੋਲ ਹੀ ਪੜ੍ਹ ਅਤੇ ਖੇਡਦੇ ਹੋਏ ਦਿਖਾਈ ਦਿੰਦੇ ਹਨ। ਬਾਲ ਮਨਾਂ ਲਈ ਛੁੱਟੀਆਂ ਖੁਸ਼ਗਵਾਰ ਹੁੰਦੀਆਂ ਹਨ ਪਰ ਇਹ ਬੱਚੇ ਵੀ ਜਲਦ ਸਕੂਲ ਜਾਣਾ ਚਾਹੁੰਦੇ ਹਨ, ਅਜਿਹੀ ਇੱਛਾ ਇੱਥੇ ਖੇਡ ਰਹੇ ਛੋਟੇ ਬੱਚਿਆਂ ਨੇ ਪ੍ਰਗਟਾਈ।
ਲੋਕਾਂ ਦੇ ਜਾਨਵਰਾਂ ਲਈ ਵੀ ਇੱਥੇ ਸਮੇਂ ਸਮੇਂ ਤੇ ਕੈਟਲ ਫੀਡ ਅਤੇ ਚਾਰੇ ਦੀ ਵਿਵਸਥਾ ਕੀਤੀ ਜਾਂਦੀ ਹੈ। ਕੁਝ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸਤੀ ਰਾਹੀਂ ਬਾਹਰ ਕੱਢਿਆ ਗਿਆ ਸੀ ਅਤੇ ਉਨ੍ਹਾਂ ਦਾ ਸਮਾਨ ਪਿੰਡ ਹੀ ਰਹਿ ਗਿਆ ਇਸ ਲਈ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਮੰਜੇ ਅਤੇ ਪੱਖੇ ਵੀ ਕਿਰਾਏ ਤੇ ਲਿਆ ਕੇ ਦਿੱਤੇ ਹਨ ਤਾਂ ਜ਼ੋ ਉਹ ਇੱਥੇ ਆਪਣਾ ਇਹ ਸਮਾਂ ਗੁਜਾਰ ਸਕਨ।
ਦੂਜ਼ੇ ਪਾਸੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਇੰਨ੍ਹਾਂ ਲੋਕਾਂ ਦੀ ਹਰ ਪ੍ਰਕਾਰ ਦੀ ਮਦਦ ਕੀਤੀ ਜਾ ਰਹੀ ਹੈ ਅਤੇ 1545 ਲੋਕ ਰਾਹਤ ਕੇਂਦਰਾਂ ਵਿਚ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਿਵੇਂ ਹੀ ਹਾਲਾਤ ਸੁਧਰਨਗੇ ਅਤੇ ਘਰ ਜਾਣਾ ਸੁਰੱਖਿਅਤ ਹੋਵੇਗਾ ਤਾਂ ਇੰਨ੍ਹਾਂ ਲੋਕਾਂ ਨੂੰ ਘਰਾਂ ਵਿਚ ਭੇਜ਼ ਦਿੱਤਾ ਜਾਵੇਗਾ।