ਬਿੱਟੂ ਜਲਾਲਾਬਾਦੀ, ਫਿਰੋਜ਼ਪੁਰ, 22 ਅਗਸਤ 2023
ਨੇਤਰ ਦਾਨ ਦਾ ਸੰਕਲਪ ਮਹਾਂ ਦਾਨ ਹੈ। ਇੱਕ ਨੇਤਰਦਾਨੀ ਦੀਆਂ ਜੀਵਨ ਤੋਂ ਬਾਅਦ ਦਾਨ ਕੀਤੀਆਂ ਅੱਖਾਂ ਨਾਲ ਦੋ ਨੇਤਰਹੀਣ ਵਿਅਕਤੀਆਂ ਨੂੰ ਨੇਤਰ ਜੋਤੀ ਪ੍ਰਦਾਨ ਕੀਤੀ ਜਾ ਸਕਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਭਾਰੀ ਸਿਵਲ ਸਰਜਨ ਡਾ. ਮੀਨਾਕਸ਼ੀ ਅਬਰੋਲ ਨੇ ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਰਾਸ਼ਟਰੀ ਨੇਤਰਦਾਨ ਪੰਦਰਵਾੜੇ ਸਬੰਧੀ ਜਾਗਰੂਕਤਾ ਸਮੱਗਰੀ ਜਾਰੀ ਕਰਨ ਮੌਕੇ ਕੀਤਾ ਗਿਆ। ਇਸ ਅਵਸਰ ‘ਤੇ ਜ਼ਿਲ੍ਹਾ ਨਿਵਾਸੀਆਂ ਦੇ ਨਾਮ ਜਾਗਰੂਕਤਾ ਸੰਦੇਸ਼ ਵਿੱਚ ਡਾ. ਮੀਨਾਕਸ਼ੀ ਨੇ ਕਿਹਾ ਕਿ ਅੱਖਾਂ ਦਾਨ ਸਿਰਫ ਜੀਵਨ ਤੋਂ ਬਾਅਦ ਹੀ ਹੁੰਦੀਆਂ ਹਨ ਅਤੇ ਇਸ ਲਈ ਪਲੈੱਜ ਫਾਰਮ ਜਿੰਦਾ ਵਿਅਕਤੀ ਵੱਲੋਂ ਆਪਣੀ ਮਰਜ਼ੀ ਨਾਲ ਭਰਿਆ ਜਾ ਸਕਦਾ ਹੈ।
ਇਸ ਮੌਕੇ ਕੌਮੀ ਅੰਨਾਪਣ ਰੋਕੂ ਪ੍ਰੋਗਰਾਮ ਦੇ ਜ਼ਿਲ੍ਹਾ ਨੋਡਲ ਅਫਸਰ ਅਤੇ ਸਹਾਇਕ ਸਿਵਲ ਸਰਜਨ ਡਾ. ਸੁਸ਼ਮਾ ਠੱਕਰ ਨੇ ਨੇਤਰ ਦਾਨ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਨੇਤਰ ਦਾਨੀ ਦੀ ਮੌਤ ਤੋਂ ਬਾਅਦ ਪਰਿਵਾਰ ਵੱਲੋਂ ਸੂਚਿਤ ਕੀਤੇ ਜਾਣ ‘ਤੇ ਇਹ ਪ੍ਰਕਿਰਿਆ ਮੁਕੰਮਲ ਕਰਨ ਵਿੱਚ ਸਿਰਫ 10-15 ਮਿੰਟ ਦਾ ਸਮਾਂ ਲੱਗਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਨੇਤਰ ਦਾਨੀ ਦੀ ਮੌਤ ਹੋਣ ਦੀ ਸਥਿਤੀ ਵਿੱਚ ਪਰਿਵਾਰ ਨੂੰ ਚਾਹੀਦਾ ਹੈ ਕਿ ਉਹ ਜਲਦੀ ਹੀ ਨੇੜੇ ਦੇ ਆਈ ਬੈਂਕ ਨੂੰ ਸੂਚਿਤ ਕਰੇ ਤਾਂ ਕਿ ਆਈ ਬੈਂਕ ਦੀ ਟੀਮ ਨੇਤਰ ਦਾਨੀ ਦੇ ਘਰ ਆ ਕੇ ਪੂਰੀ ਪ੍ਰਕਿਰਿਆ ਮੁਕੰਮਲ ਕਰ ਸਕੇ ਕਿਉਂਕਿ ਨੇਤਰ ਦਾਨ ਕੀਤੀਆਂ ਸਿਰਫ 4 ਤੋਂ 6 ਘੰਟੇ ਵਿੱਚ ਲਏ ਜਾਣ ਯੋਗ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਅਹਿਮ ਹੈ ਕਿ ਅੱਖਾਂ ਦਾਨ ਲੈਣ ਵਾਸਤੇ ਅੱਖਾਂ ਦੇ ਬੈਂਕ ਦੀ ਟੀਮ ਦੇ ਆਉਣ ਤੱਕ ਅੱਖਾਂ ਦੀ ਸਾਂਭ ਸੰਭਾਲ ਲਈ ਕਮਰੇ ਦਾ ਪੱਖਾ ਬੰਦ ਕਰ ਦਿੱਤਾ ਜਾਵੇ, ਅੱਖਾਂ ਉੱਤੇ ਗਿੱਲਾ ਸਾਫ ਕੱਪੜਾ ਰੱਖਿਆ ਜਾਵੇ ਅਤੇ ਸਿਰ ਹੇਠ ਸਿਰਹਾਨਾ ਰੱਖਿਆ ਜਾਵੇ ਤਾਂ ਕਿ ਅੱਖਾਂ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕੇ। ਅੱਖਾਂ ਦਾਨ ਲੈਣ ਉਪਰੰਤ ਨੇਤਰ ਦਾਨੀ ਦੇ ਨਕਲੀ ਅੱਖਾਂ ਲਗਾ ਦਿੱਤੀਆਂ ਜਾਂਦੀਆਂ ਹਨ ਤਾਂ ਕਿ ਅੰਤਿਮ ਦਰਸ਼ਨਾਂ ਸਮੇ ਬੁਰਾ ਨਾ ਲੱਗੇ। ਉਨ੍ਹਾਂ ਦੱਸਿਆ ਕਿ ਨੇਤਰ ਦਾਨ ਲਈ ਪਲੈੱਜ ਫਾਰਮ ਸਮੂਹ ਸਰਕਾਰੀ ਜ਼ਿਲ੍ਹਾ ਹਸਪਤਾਲਾਂ, ਸਬ-ਡਵਿਜ਼ਨਲ ਹਸਪਤਾਲਾਂ ਅਤੇ ਸਰਕਾਰੀ ਮੈਡੀਕਲ ਕਾਲਜ਼ਾਂ ਵਿਖੇ ਉਪਲੱਬਧ ਹਨ ਇਸ ਤੋਂ ਇਲਾਵਾ ਵਿਭਾਗ ਦੀ ਸਾਈਟ ‘ਤੇ ਆਨ ਲਾਈਨ ਫਾਰਮ ਵੀ ਭਰੇ ਜਾ ਸਕਦੇ ਹਨ।
ਇਸ ਮੌਕੇ ਜ਼ਿਲਾ ਐਪੀਡੀਮਾਲੋਜ਼ਿਸਟ ਡਾ. ਸਮਿੰਦਰਪਾਲ ਕੌਰ, ਡੈਂਟਲ ਅਫਸਰ ਵਿਨੀਤ, ਸੁਪਰਡੈਂਟ ਪਰਮਵੀਰ ਮੌਂਗਾ, ਮਾਸ ਮੀਡੀਆ ਅਫਸਰ ਰੰਜੀਵ, ਵਿਕਾਸ ਕਾਲੜਾ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਹਰੀਸ਼ ਕਟਾਰੀਆ, ਸਹਾਇਕ ਮਲੇਰੀਆ ਅਫਸਰ ਗੁਰਲਾਲ ਸਿੰਘ, ਡਾਟਾ ਮੈਨੇਜਰ ਪੂਜਾ, ਅਰੁਨ ਕੁਮਾਰ, ਨੇਹਾ ਅਤੇ ਉਮਾ ਆਦਿ ਹਾਜ਼ਰ ਸਨ।