ਅਸ਼ੋਕ ਵਰਮਾ, ਬਠਿੰਡਾ, 23 ਅਗਸਤ 2023
ਪੰਜਾਬ ਕੇਂਦਰੀ ਯੂਨੀਵਰਸਿਟੀ,ਬਠਿੰਡਾ (ਸੀਯੂਪੀਬੀ) ਵਿਖੇ ਵੱਖ-ਵੱਖ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਵਿੱਚ ਦਾਖਲਾ ਲੈਣ ਵਾਲੇ ਨਵੇਂ ਵਿਦਿਆਰਥੀਆਂ ਲਈ 22 ਤੋਂ 23 ਅਗਸਤ, 2023 ਤੱਕ ਯੂਨੀਵਰਸਿਟੀ ਕੈਂਪਸ ਵਿਖੇ ਦੋ ਰੋਜ਼ਾ ਸਟੂਡੈਂਟ ਇੰਡਕਸ਼ਨ ਪ੍ਰੋਗਰਾਮ 2023-24 ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ 700 ਤੋਂ ਵੱਧ ਨਵੇਂ ਦਾਖਲ ਹੋਏ ਵਿਦਿਆਰਥੀਆਂ ਨੇ ਭਾਗ ਲਿਆ।
ਨਵੇਂ ਦਾਖਲ ਹੋਏ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਦਿਆਂ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਵਿਦਿਆਰਥੀਆਂ ਨੂੰ ਘਰੇਲੂ ਮਾਹੌਲ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਮਿਆਰੀ ਸਿੱਖਿਆ ਦੇਣ ਲਈ ਵਚਨਬੱਧ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਦੇ ਮਹੱਤਵਪੂਰਨ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਇਕਾਗਰ ਅਤੇ ਅਨੁਸ਼ਾਸਤ ਰਹਿਣ ਦੀ ਸਲਾਹ ਦਿੱਤੀ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਡੀਨ ਇੰਚਾਰਜ ਅਕਾਦਮਿਕ ਪ੍ਰੋ. ਆਰ.ਕੇ ਵੁਸੀਰਿਕਾ ਨੇ ਵਿਦਿਅਕ ਪ੍ਰੋਗਰਾਮਾਂ ਅਤੇ ਵੱਖ-ਵੱਖ ਅਕਾਦਮਿਕ ਅਤੇ ਗੈਰ-ਅਕਾਦਮਿਕ ਸੇਵਾਵਾਂ ਦੀ ਵਿਵਸਥਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਪ੍ਰੀਖਿਆ ਕੰਟਰੋਲਰ ਅਤੇ ਕਾਰਜਕਾਰੀ ਰਜਿਸਟਰਾਰ ਪ੍ਰੋ. ਬੀ. ਪੀ ਗਰਗ ਨੇ ਯੂਨੀਵਰਸਿਟੀ ਦੇ ਫੀਡਬੈਕ, ਮੁਲਾਂਕਣ, ਪ੍ਰੀਖਿਆ ਅਤੇ ਨਤੀਜਾ ਵਿਧੀ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਆਈ.ਕਿਊ.ਏ.ਸੀ. ਡਾਇਰੈਕਟਰ ਪ੍ਰੋ. ਮੋਨੀਸ਼ਾ ਧੀਮਾਨ ਨੇ ਸੀਯੂਪੀਬੀ ਦੁਆਰਾ ਦਿੱਤੀ ਜਾਂਦੀ ਸਿਖਲਾਈ ਅਤੇ ਪਲੇਸਮੈਂਟ ਸਹਾਇਤਾ ਬਾਰੇ ਦੱਸਿਆ। ਇਸ ਮੌਕੇ ਪ੍ਰੋਫੈਸਰ ਅੰਜਨਾ ਮੁਨਸ਼ੀ, ਡਾਇਰੈਕਟਰ, ਆਰ ਐਂਡ ਡੀ ਸੈੱਲ ਨੇ ਯੂਨੀਵਰਸਿਟੀ ਵਿੱਚ ਉਪਲਬਧ ਖੋਜ ਸਹੂਲਤਾਂ ਬਾਰੇ ਗੱਲ ਕੀਤੀ।
ਪ੍ਰੋਗਰਾਮ ਦੇ ਦੂਜੇ ਦਿਨ ਡੀਨ ਵਿਦਿਆਰਥੀ ਭਲਾਈ ਪ੍ਰੋ. ਸੰਜੀਵ ਠਾਕੁਰ ਅਤੇ ਉਨ੍ਹਾਂ ਦੀ ਟੀਮ ਨੇ ਹੋਸਟਲ, ਮੈਸ ਅਤੇ ਕੰਟੀਨ ਦੀਆਂ ਸਹੂਲਤਾਂ ਬਾਰੇ ਦੱਸਿਆ ਅਤੇ ਐਂਟੀ ਰੈਗਿੰਗ ਨੀਤੀ ਬਾਰੇ ਗੱਲ ਕੀਤੀ। ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਪਾਠਕ੍ਰਮ ਤੋਂ ਬਾਹਰਲੀਆਂ ਗਤੀਵਿਧੀਆਂ ਅਤੇ ਯੂਨੀਵਰਸਿਟੀ ਲਾਇਬ੍ਰੇਰੀ, ਕੰਪਿਊਟਰ ਸੈਂਟਰ, ਕੇਂਦਰੀ ਉਪਕਰਨ ਪ੍ਰਯੋਗਸ਼ਾਲਾ ਅਤੇ ਖੇਡਾਂ ਦੀਆਂ ਸਹੂਲਤਾਂ ਦੀ ਵਰਤੋਂ ਕਰਨ ਦੀ ਪ੍ਰਕਿਰਿਆ ਬਾਰੇ ਵੀ ਜਾਣੂ ਕਰਵਾਇਆ ਗਿਆ।
ਸਟੂਡੈਂਟ ਇੰਡਕਸ਼ਨ ਪ੍ਰੋਗਰਾਮ ਤੋਂ ਬਾਅਦ ਵਿਭਾਗੀ ਪੱਧਰ ‘ਤੇ ਜਾਣ–ਪਛਾਣ ਅਤੇ ਪੀਅਰ ਇੰਟਰਐਕਸ਼ਨ ਸੈਸ਼ਨਾਂ ਦਾ ਆਯੋਜਨ ਕੀਤਾ ਗਿਆ ਤਾਂ ਜੋ ਨਵੇਂ ਵਿਦਿਆਰਥੀਆਂ ਨੂੰ ਨਵੇਂ ਅਕਾਦਮਿਕ ਮਾਹੌਲ ਦੇ ਅਨੁਕੂਲ ਹੋਣ ਅਤੇ ਕੈਂਪਸ ਵਿਚ ਅਕਾਦਮਿਕ ਅਤੇ ਸਮਾਜਿਕ ਜੀਵਨ ਦੇ ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਵਾਉਣ ਵਿਚ ਮਦਦ ਕੀਤੀ ਜਾ ਸਕੇ।