ਵਿਆਹ ਕਰਵਾਉਣ ਦੀ ਜਿੱਦ ਫੜ੍ਹੀ ‘ਤੇ ਹੋ ਗਿਆ ਪਰਚਾ
ਹਰਿੰਦਰ ਨਿੱਕਾ , ਬਰਨਾਲਾ 7 ਅਗਸਤ 2023
ਪਹਿਲਾਂ ਦੋਸਤੀ ਕੀਤੀ ‘ਤੇ ਫਿਰ ਵਿਆਹ ਕਰਵਾਉਣ ਦੀ ਜਿੱਦ ਫੜ੍ਹੀ ਤਾਂ ਪਰਚਾ ਦਰਜ਼ ਹੋ ਗਿਆ। ਪੁਲਿਸ ਹੁਣ ਦੋਸ਼ੀ ਦੀ ਤਲਾਸ਼ ਕਰ ਰਹੀ ਹੈ। ਮਾਮਲਾ ਬਰਨਾਲਾ ਜਿਲ੍ਹੇ ਦੇ ਇੱਕ ਸਰਕਾਰੀ ਵੈਲਨੈਸ ਸੈਂਟਰ ‘ਚ ਬਤੌਰ ਕਮਿਊਨਟੀ ਹੈਲਥ ਅਫਸਰ (C.H.O.) ਤਾਇਨਾਤ ਅਧਿਕਾਰੀ ਨਾਲ ਜੁੜਿਆ ਹੋਇਆ ਹੈ। ਇਹ ਐਫ.ਆਈ.ਆਰ. ਥਾਣਾ ਟੱਲੇਵਾਲ ਵਿਖੇ ਲੰਘੀ ਕੱਲ੍ਹ ਦਰਜ਼ ਹੋਈ ਹੈ। ਮੁਦੈਲਾ ਕਮਿਊਨਟੀ ਹੈਲਥ ਅਫਸਰ(C.H.O.) ਨੇ ਆਪਣੇ ਬਿਆਨ ‘ਚ ਲਿਖਵਾਇਆ ਕਿ ਉਹ ਸਰਕਾਰੀ ਵੈਲਨੈਸ ਸੈਂਟਰ ‘ਚ ਬਤੌਰ ਕਮਿਊਨਟੀ ਹੈਲਥ ਅਫਸਰ ਡਿਊਟੀ ਕਰਦੀ ਹੈ। ਸਾਲ 2021 ਵਿੱਚ ਪਰਵਿੰਦਰਪਾਲ ਸਿੰਘ ਵਾਸੀ ਪਿੰਡ ਛੀਨੀਵਾਲ ਖੁਰਦ ਨਾਲ,ਉਸ ਦੇ ਪ੍ਰੇਮ ਸਬੰਧ ਬਣ ਗਏ ਸਨ। ਹੁਣ ਜਦੋਂ ਪਰਵਿੰਦਰਪਾਲ ਸਿੰਘ ਨੇ ਵਿਆਹ ਕਰਵਾਉਣ ਲਈ ਕਿਹਾ ਤਾਂ ਮੁਦੈਲਾ ਹੈਲਥ ਅਫਸਰ ਨੇ ਵਿਆਹ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ। ਵਿਆਹ ਕਰਵਾਉਣ ਤੋਂ ਨਾਂਹ ਸੁਣਦਿਆਂ ਹੀ ਨਾਮਜ਼ਦ ਦੋਸ਼ੀ ਪਰਵਿੰਦਰਪਾਲ ਸਿੰਘ ਵਿਆਹ ਕਰਾਉਣ ਦੀ ਜਿੱਦ੍ਹ ਤੇ ਅੜਿਆ ਰਿਹਾ। ਡਿਊਟੀ ਤੇ ਆਉਣ-ਜਾਣ ਸਮੇਂ ਉਹ ਹੈਲਥ ਅਫਸਰ ਨੂੰ ਰਾਹ ਵਿੱਚ ਘੇਰ ਕੇ,ਵਿਆਹ ਕਰਵਾਉਣ ਲਈ ਮਜਬੂਰ ਕਰਨ ਲੱਗ ਪਿਆ। ਇੱਥੇ ਹੀ ਬੱਸ ਨਹੀਂ, ਪਰਵਿੰਦਰਪਾਲ ਨੇ ਹੈਲਥ ਅਫਸਰ ਦੇ ਪਰਿਵਾਰ ਵਾਲਿਆਂ ਨੂੰ ਵੀ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆ ਕਿ ਜੇ ਉਨ੍ਹਾਂ ਨੇ ਵਿਆਹ ਨਹੀਂ ਕੀਤਾ ਤਾਂ ਉਹ ਮੁਦੈਲਾ ਨੂੰ ਚੁੱਕ ਕੇ ਲੈ ਜਾਵੇਗਾ। ਪਰਵਿੰਦਰਪਾਲ ਸਿੰਘ ਦੇ ਅਜਿਹੇ ਰਵੱਈਏ ਤੋਂ ਤੰਗ ਆ ਕੇ, ਹੈਲਥ ਅਫਸਰ ਨੇ ਪੁਲਿਸ ਕੋਲ ਸ਼ਕਾਇਤ ਕਰ ਦਿੱਤੀ। ਮਾਮਲੇ ਦੀ ਤਫਤੀਸ਼ ਅਧਿਕਾਰੀ ਸਹਾਇਕ ਥਾਣੇਦਾਰ ਰਾਣੀ ਕੌਰ ਸੰਧੂ ਨੇ ਪੀੜਤ ਹੈਲਥ ਅਫਸਰ ਦੇ ਬਿਆਨ ਪਰ, ਨਾਮਜ਼ਦ ਦੋਸ਼ੀ ਖਿਲਾਫ ਅਧੀਨ ਜ਼ੁਰਮ 354 ਡੀ/341/506 ਆਈਪੀਸੀ ਤਹਿਤ ਥਾਣਾ ਟੱਲੇਵਾਲ ਵਿਖੇ ਕੇਸ ਦਰਜ਼ ਕਰਕੇ,ਨਾਮਜ਼ਦ ਦੋਸ਼ੀ ਦੀ ਗਿਰਫਤਾਰੀ ਲਈ ਯਤਨ ਤੇਜ਼ ਕਰ ਦਿੱਤੇ ਹਨ।