ਐਨ. ਡੀ. ਆਰ. ਐੱਫ ਵਲੋਂ ਕੀਤੀ ਜਾ ਰਹੀ ਹੈ ਜ਼ਿਲ੍ਹਾ ਬਰਨਾਲਾ ਦੇ ਨੀਵੀਆਂ ਇਲਾਕਿਆਂ ਦੀ ਸ਼ਨਾਖਤ, ਟੀਮ ਬਰਨਾਲਾ ‘ਚ ਰਹੇਗੀ ਤਾਇਨਾਤ
ਗਗਨ ਹਰਗੁਣ, ਬਰਨਾਲਾ, 20 ਜੁਲਾਈ 2023
ਹੜ੍ਹਾਂ ਵਰਗੀ ਕਿਸੇ ਵੀ ਸੰਭਾਵੀ ਸਥਿਤੀ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਐਨ. ਡੀ. ਆਰ. ਐੱਫ ਨਾਲ ਅੱਜ ਵਿਸ਼ੇਸ਼ ਬੈਠਕ ਕੀਤੀ ਗਈ। ਬੈਠਕ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਨਰਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਐਨ. ਡੀ. ਆਰ. ਐੱਫ (ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ) ਦੀ 7ਵੀਂ ਬਟਾਲੀਅਨ ਬਠਿੰਡਾ ਦੀ ਟੀਮ ਜ਼ਿਲ੍ਹਾ ਬਰਨਾਲਾ ‘ਚ ਸੰਭਾਵਿਤ ਹੜ੍ਹ ਵਰਗੀ ਸਥਿਤੀ ‘ਚ ਆਪਣੀਆਂ ਸੇਵਾਵਾਂ ਦੇਵੇਗੀ।
ਉਨ੍ਹਾਂ ਦੱਸਿਆ ਕਿ ਇਹ ਟੀਮ ਜ਼ਿਲ੍ਹਾ ਬਰਨਾਲਾ ਦੇ ਨੀਵੀਆਂ ਇਲਾਕਿਆਂ ਦੀ ਰੇਕੀ ਕਰ ਰਹੀ ਹੈ ਅਤੇ ਜਿਹੜੇ ਇਲਾਕਿਆਂ ‘ਚ ਹੜ੍ਹ ਦਾ ਖ਼ਤਰਾ ਹੋ ਸਕਦਾ ਹੈ, ਉਨ੍ਹਾਂ ਇਲਾਕਿਆਂ ਦਾ ਖਾਸ ਖਿਆਲ ਰੱਖਿਆ ਜਾਵੇਗਾ। ਇਸ ਮੌਕੇ ਉਨ੍ਹਾਂ ਸਕੂਲ ਅਤੇ ਕਾਲਜਾਂ ਦੀਆਂ ਲਿਸਟਾਂ ਤਿਆਰ ਰੱਖਣ ਲਈ ਕਿਹਾ, ਜਿੱਥੇ ਲੋੜ ਪੈਣ ‘ਤੇ ਹੜ੍ਹ ਪੀੜਤਾਂ ਲਈ ਰਾਹਤ ਕੈਂਪ ਬਣਾਏ ਜਾ ਸਕਦੇ ਹਨ । ਬੈਠਕ ਵਿੱਚ ਐਨ. ਡੀ. ਆਰ. ਐੱਫ ਤੋਂ ਇੰਸਪੈਕਟਰ ਸੰਜੇ ਪ੍ਰਤਾਪ ਸਿੰਘ ਬਿਸ਼ਟ, ਸਿਹਤ ਵਿਭਾਗ, ਸਕੂਲ ਸਿੱਖਿਆ , ਜਲ ਸਰੋਤ ਵਿਭਾਗ, ਡਰੇਨੇਜ ਵਿਭਾਗ ਤੇ ਹੋਰਨਾਂ ਵਿਭਾਗਾਂ ਦੇ ਨੁਮਾਇੰਦੇ ਹਾਜ਼ਰ ਸਨ।