ਰਿਚਾ ਨਾਗਪਾਲ, ਪਟਿਆਲਾ, 19 ਜੁਲਾਈ 2023
ਅੱਜ ਪਟਿਆਲਾ ਸ਼ਹਿਰ ਵਿਖੇ ਸਵੇਰ ਤੋਂ ਪੈ ਰਹੇ ਭਾਰੀ ਮੀਂਹ ਕਰਕੇ ਨੀਂਵੇ ਥਾਵਾਂ ਵਿਖੇ ਭਰੇ ਪਾਣੀ ਦੀ ਤੁਰੰਤ ਨਿਕਾਸੀ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਮੋਰਚਾ ਸੰਭਾਲਦਿਆਂ ਵਰ੍ਹਦੇ ਮੀਂਹ ਵਿੱਚ ਇੱਥੇ ਡਕਾਲਾ ਚੁੰਗੀ ਨੇੜੇ ਤੇ ਸ਼ੀਸ਼ ਮਹਿਲ ਦੇ ਪਿੱਛਲੇ ਪਾਸੇ ਵੱਡੀ ਨਦੀ ਵਿੱਚ ਡਿੱਗਦੀ ਜੈਕਬ ਡਰੇਨ ਰਾਹੀਂ ਵਾਧੂ ਪਾਣੀ ਦੀ ਨਿਕਾਸੀ ਕਰਵਾਉਣ ਲਈ ਫਲੱਡ ਗੇਟ ਖੁਲ੍ਹਵਾਏ। ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਆ ਉੱਪਲ, ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ ਹਰਕਿਰਨ ਸਿੰਘ ਅਤੇ ਸ਼ਾਮ ਲਾਲ ਸਮੇਤ ਡਰੇਨੇਜ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਰਜਿੰਦਰ ਘਈ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੜ੍ਹਾਂ ਵਿੱਚ ਵੱਡੀ ਨਦੀ ਦਾ ਪਾਣੀ ਦਾ ਪੱਧਰ ਵਧਣ ਕਰਕੇ ਪਾਣੀ ਦੀ ਸ਼ਹਿਰ ਵੱਲ ਜੈਕਬ ਡਰੇਨ ਰਾਹੀਂ ਵਾਪਸੀ ਰੋਕਣ ਕਰਕੇ ਪਹਿਲਾਂ ਇਹ ਫਲੱਡ ਗੇਟ ਬੰਦ ਕਰਵਾਏ ਗਏ ਸਨ। ਹੁਣ ਜਦੋਂ ਵੱਡੀ ਨਦੀ ਵਿੱਚ ਪਾਣੀ ਨੀਂਵਾਂ ਚਲਿਆ ਗਿਆ ਹੈ ਤਾ ਸ਼ਹਿਰ ਵਿੱਚ ਨੀਂਵੇ ਥਾਵਾਂ ਵਿੱਚ ਭਰੇ ਪਾਣੀ ਸਮੇਤ ਉੱਛਲੇ ਨਾਲਿਆਂ ਦੇ ਪਾਣੀ ਦੀ ਨਿਕਾਸੀ ਲਈ ਇਹ ਫਲੱਡ ਗੇਟ ਖੋਲ੍ਹੇ ਗਏ ਹਨ। ਇਸ ਤੋਂ ਇਲਾਵਾ ਬਰਸਾਤੀ ਪਾਣੀ ਦੀ ਨਿਕਾਸੀ ਐਸ.ਟੀ.ਪੀ. ਰਾਹੀਂ ਪਹਿਲਾਂ ਹੀ ਹੋ ਰਹੀ ਹੈ ਅਤੇ ਇਹ ਫਲੱਡ ਗੇਟ ਖੁੱਲ੍ਹਣ ਨਾਲ ਸ਼ਹਿਰ ਦਾ ਵਾਧੂ ਪਾਣੀ ਵੀ ਵੱਡੀ ਨਦੀ ‘ਚ ਨਿਕਲ ਜਾਵੇਗਾ।
ਇਸੇ ਦੌਰਾਨ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਉਪਲ ਨੇ ਦੱਸਿਆ ਕਿ ਨਗਰ ਨਿਗਮ ਆਪਣੀ ਪੂਰੀ ਸਮਰੱਥਾ ਨਾਲ ਸ਼ਹਿਰ ਵਿੱਚ ਮੀਂਹ ਦੇ ਇਕੱਠੇ ਹੋਏ ਪਾਣੀ ਦੀ ਨਿਕਾਸੀ ਲਈ ਯਤਨਸ਼ੀਲ ਹੈ। ਉਨ੍ਹਾਂ ਦੱਸਿਆ ਕਿ ਮੀਂਹ ਪੈਣ ਬਾਅਦ ਨੀਂਵੇ ਇਲਾਕਿਆਂ ਵਿੱਚ ਭਰੇ ਪਾਣੀ ਦੀ ਨਿਕਾਸੀ ਲਈ ਨਿਗਮ ਦੀਆਂ ਟੀਮਾਂ ਨੇ ਤੁਰੰਤ ਮੈਦਾਨ ਵਿੱਚ ਜਾਂਦਿਆਂ ਸੀਵਰੇਜ ਪਾਇਪ ਲਾਇਨਾਂ ਦੇ ਮੈਨਹੋਲ ਖੋਲ੍ਹਕੇ ਪਾਣੀ ਦੀ ਨਿਕਾਸੀ ਕਰਵਾਈ।