ਪੰਜਾਬ ਜਮਹੂਰੀ ਮੋਰਚਾ ਵੱਲੋਂ ਸੰਗਰੂਰ ਪੁਲਿਸ ਵੱਲੋ ਕੱਚੇ ਅਧਿਅਪਕਾਂ ਉੱਤੇ ਕੀਤੇ ਤਸ਼ੱਦਦ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ
ਰਘਵੀਰ ਹੈਪੀ , ਬਰਨਾਲਾ 2 ਜੁਲਾਈ 2023
ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਲਈ 8736 ਕੱਚੇ ਅਧਿਆਪਕਾਂ ਵੱਲੋ ਸੰਗਰੂਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ , ਜਿਸ ਦੌਰਾਨ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਸੰਗਰੂਰ ਪੁਲਿਸ ਵੱਲੋ ਕੱਚੇ ਮੁਲਾਜਮਾਂ ਉੱਪਰ ਬੇਰਹਿਮੀ ਨਾਲ ਅੰਨੇਵਾਹ ਲਾਠੀਚਾਰਜ ਕੀਤਾ ਗਿਆ, ਜਿਸ ਵਿੱਚ ਕੱਚੇ ਮੁਲਾਜਮਾਂ ਦੀਆਂ ਪੱਗਾਂ ਉਛਾਲੀਆਂ ਗਈਆਂ ਅਤੇ ਮਹਿਲਾ ਕਰਮਚਾਰੀਆਂ ਨੂੰ ਵੀ ਬੁਰੀ ਤਰ੍ਹਾ ਕੁੱਟਿਆ ਗਿਆ । ਬੀਬੀਆ ਨੂੰ ਗੁੱਤਾਂ ਤੋਂ ਫੜ ਫੜ ਕੇ ਘੜੀਸਿਆ ਗਿਆ। ਇਥੋ ਤੱਕ ਕਿ ਗਰਭਵਤੀ ਮਹਿਲਾਂਵਾ ਨੂੰ ਵੀ ਨਹੀ ਬਖਸ਼ਿਆ ਗਿਆ। ਇਸ ਗੈਰ ਮਨੁੱਖੀ ਤਸ਼ੱਦਦ ਦੀ ਪੰਜਾਬ ਜਮਹੂਰੀ ਮੋਰਚਾ ਵੱਲੋ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ । ਜੱਥੇਬੰਦੀ ਦੇ ਸੁਬਾਈ ਆਗੂਆਂ ਜੁਗਰਾਜ ਸਿੰਘ ਟੱਲੇਵਾਲ, ਸੁੱਚਾ ਸਿੰਘ ਪਟਿਆਲਾ ,ਹਰਜਿੰਦਰ ਸਿੰਘ, ਜਸਵੰਤ ਪੱਟੀ ਵੱਲੋ ਕਿਹਾ ਗਿਆ ਕਿ ਇੱਕ ਪਾਸੇ ਪੰਜਾਬ ਸਰਕਾਰ ਲੋਕਾਂ ਵਿੱਚ ਗਲਤ ਪ੍ਰਚਾਰ ਕਰ ਰਹੀ ਹੈ ਕਿ ਅਸੀ 12000 ਕੱਚੇ ਅਧਿਆਪਕਾਂ ਨੂੰ ਪੱਕਾ ਕਰ ਦਿੱਤਾ, ਜਦ ਕਿ ਸਰਕਾਰ ਵੱਲੋਂ ਸਿਰਫ ਤਨਖਾਹਾਂ ਵਿੱਚ ਵਾਧਾ ਕੀਤਾ ਗਿਆ ਹੈ ਹੋਰ ਕੋਈ ਵੀ ਪੱਕਿਆ ਵਾਲੀ ਸਹੂਲਤ ਨਹੀ ਦਿੱਤੀ ਗਈ । ਆਮ ਆਦਮੀ ਸਰਕਾਰ ਵੱਲੋਂ ਵੋਟਾਂ ਤੋਂ ਪਹਿਲਾਂ ਕਿਹਾ ਗਿਆ ਸੀ ਕਿ ਸਾਡੇ ਰਾਜ ਵਿੱਚ ਧਰਨਾ ਸ਼ਬਦ ਖਤਮ ਹੋ ਜਾਵੇਗਾ, ਪ੍ਰੰਤੂ ਹੁਣ ਪਹਿਲਾਂ ਨਾਲੋ ਵੀ ਵੱਧ ਚੁੱਕਾ ਹੈ । ਪੰਜਾਬ ਸਰਕਾਰ ਕਦੇ ਵੀ ਕੱਚੇ ਮੁਲਾਜਮਾਂ ਦੀ ਅਵਾਜ ਨੂੰ ਲਾਠੀਚਾਰਜ ਕਰਕੇ ਦਬਾ ਨਹੀ ਸਕਦੀ ਸਗੋ ਇਸ ਨਾਲ ਮੁਲਾਜਮ ਹੋਰ ਵੀ ਵੱਡੇ ਹੌਸਲੇ ਨਾਲ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਵਿਰੋਧ ਕਰਨਗੇ ਅੰਤ ਵਿੱਚ ਜੱਥੇਬੰਦੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹਨਾਂ ਪੁਲੀਸ ਅਫਸਰਾਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਦੇ ਹੁਕਮਾਂ ਨਾਲ ਲਾਠੀਚਾਰਜ ਕੀਤਾ ਗਿਆ ਹੈ ਅਤੇ ਪੰਜਾਬ ਦੇ ਸਮੂਹ ਕੱਚੇ ਮੁਲਾਜਮਾਂ ਨੂੰ ਰੈਗੂਲਰ ਦੇ ਸਾਰੇ ਬਣਦੇ ਹੱਕ ਦੇਕੇ ਪੱਕਾ ਕੀਤਾ ਜਾਵੇ ।