ਅਸ਼ੋਕ ਵਰਮਾ ,ਬਠਿੰਡਾ 30 ਜੂਨ 2023
ਸਿੱਖਿਆ ਵਿਭਾਗ ਵਿੱਚ ਸੇਵਾਵਾਂ ਨਿਭਾ ਰਹੇ ਕੱਚੇ ਅਧਿਆਪਕਾਂ ਨੂੰ ਸੰਤੁਸ਼ਟੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਵਾਅਦੇ ਮੁਤਾਬਿਕ ਉਨ੍ਹਾਂ ਨੂੰ ਰੈਗੂਲਰ ਕਰਨ ਦੀ ਦਿਸ਼ਾ ਵਿੱਚ ਅਹਿਮ ਪਹਿਲਕਦਮੀ ਕੀਤੀ ਹੈ। ਅਧਿਆਪਕਾਂ ਨੇ ਤਨਖਾਹਾਂ ‘ਚ ਵਾਧੇ ਨੂੰ ਵੱਡੀ ਰਾਹਤ ਦੱਸਿਆ ਤੇ ਬਾਕੀ ਮੰਗਾਂ ਪ੍ਰਵਾਨ ਹੋਣ ਦੀ ਆਸ ਜਤਾਉਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਵੀ ਕੀਤਾ ਹੈ। ਇਨ੍ਹਾਂ ਕੱਚੇ ਅਧਿਆਪਕਾਂ ਨੇ ਸ਼ਹੀਦ ਕਿਰਨਜੀਤ ਕੌਰ ਈਜਈਐਸ/ਏਆਈਜੀ /ਐਸਟੀਆਰ ਕੱਚੇ ਅਧਿਆਪਕ ਯੂਨੀਅਨ ਦੀ ਅਗਵਾਈ ਹੇਠ ਤਿੰਨ ਸਰਕਾਰਾਂ ਨਾਲ ਜਾਨ-ਹੂਲਵੀਂ ਲੜਾਈ ਲੜੀ ਹੈ। ਅਧਿਆਪਕ ਆਖਦੇ ਹਨ ਕਿ ਉਨ੍ਹਾਂ ਨੂੰ ਹੁਣ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਨਿਆਂ ਮਿਲਿਆ ਹੈ।
ਵੱਖ ਵੱਖ ਸਕੀਮਾਂ ਤਹਿਤ ਕੰਮ ਕਰਦੇ ਇਨ੍ਹਾਂ ਅਧਿਆਪਕਾਂ ਨੇ ਪੁਲਿਸ ਦੀ ਡਾਂਗ ਝੱਲੀ ਅਤੇ ਜੇਲ੍ਹਾਂ ਦਾ ਮੂੰਹ ਵੀ ਦੇਖਿਆ ਹੈ, ਜਦੋਂ ਕਿ ਕਿੰਨੀਆਂ ਟੈਂਕੀਆਂ ਨੂੰ ਨਿਸ਼ਾਨਾ ਬਣਾਇਆ, ਉਨ੍ਹਾਂ ਨੂੰ ਵੀ ਚੇਤੇ ਨਹੀਂ ਹੈ। ਹੁਣ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਕੱਚੇ ਅਧਿਆਪਕਾਂ ਦੀ ਸੁਣਵਾਈ ਕੀਤੀ ਹੈ ਤਾਂ ਉਹਨਾਂ ਤੋ ਖੁਸ਼ੀ ਸੰਭਾਲੀ ਨਹੀਂ ਜਾ ਰਹੀ ਹੈ। ਹਾਲਾਂਕਿ ਇਸ ਜੰਗ ਦੇ ਨਾਇਕ ਤੇ ਨਾਇਕਾਵਾਂ ਦੀ ਗਿਣਤੀ ਕਾਫ਼ੀ ਵੱਡੀ ਹੈ । ਪਰ ਕਈ ਚਿਹਰੇ ਅਜਿਹੇ ਹਨ ਜੋ ਹੱਕੀ ਲੜਾਈ ਦੇ ਆਈਕਾਨ ਬਣ ਗਏ ਹਨ। ਅਧਿਆਪਕਾ ਵੀਰਪਾਲ ਕੌਰ ਨੇ ਉਮਰ ਤੋਂ ਲੰਮੇਰਾ ਸ਼ੰਘਰਸ਼ ਕੀਤਾ। ਗਠਜੋੜ ਦੇ ਰਾਜ ‘ਚ ਉਸ ਤੇ ਇਰਾਦਾ ਕਤਲ ਦਾ ਕੇਸ ਦਰਜ ਹੋਇਆ ਤੇ ਕੈਪਟਨ ਦੇ ਰਾਜ ਵਿੱਚ ਡਾਂਗਾਂ ਵਰ੍ਹੀਆਂ ।
ਉਹ ਏਨੇ ਲਾਠੀਚਾਰਜ ਝੱਲ ਚੁੱਕੀ ਹੈ ਕਿ ਗਿਣਤੀ ਵੀ ਯਾਦ ਨਹੀਂ । ਵੀਰਪਾਲ ਦੇ ਪਿਓ-ਦਾਦੇ ਨੇ ਤਾਂ ਕਦੇ ਥਾਣੇ ਕਚਹਿਰੀ ਦਾ ਮੂੰਹ ਨਹੀਂ ਵੇਖਿਆ ਸੀ, ਪਰ ਹਕੂਮਤਾਂ ਨੇ ਜੇਲ੍ਹਾਂ ਅਤੇ ਥਾਣੇ ਸਭ ਦਿਖਾ ਦਿੱਤੇ ਹਨ। ਬਠਿੰਡਾ ਜ਼ਿਲ੍ਹੇ ਦੇ ਪਿੰਡ ਸਿਧਾਣਾ ਦੀ ਵੀਰਪਾਲ ਕੌਰ ਪੋਸਟ ਗਰੈਜੂਏਟ ਹੈ। ਉਸ ਕੋਲ ਈਟੀਟੀ ਅਤੇ ਬੀ.ਐੱਡ ਦੀ ਡਿਗਰੀ ਹੈ। ਸਾਲ 2003 ਵਿੱਚ ਉਸ ਨੇ ਈਜੀਐੱਸ ਵਜੋਂ ਇੱਕ ਹਜਾਰ ਰੁਪਏ ’ਤੇ ਕੰਮ ਸੁਰੂ ਕੀਤਾ। ਲਗਾਤਾਰ 17 ਸਾਲ ਸੰਘਰਸ਼ ਕਰਨ ਮਗਰੋਂ ਤਨਖਾਹ ਛੇ ਹਜਾਰ ਰੁਪਏ ਸੀ ਸੋ ਹੁਣ ਕਰੀਬ ਤਿੰਨ ਗੁਣਾ ਹੋ ਗਈ ਹੈ। ਉਹ ਆਖਦੀ ਹੈ ਕਿ ਉਸ ਨੇ ਆਪਣੀ ਜੁਆਨੀ ਦਾ ਸੁਨਹਿਰੀ ਸਮਾਂ ਸੜਕਾਂ ’ਤੇ ਕੱਢਿਆ ਹੈ ਅਤੇ ਹੁਣ ਸਾਹ ਆਉਣ ਦੀ ਉਮੀਦ ਬੱਝੀ ਹੈ ।
ਹੱਕਾਂ ਦੀ ਇਸ ਲੜਾਈ ਵਿੱਚ ਗਗਨ ਅਬੋਹਰ ਦਾ ਨਾਮ ਵੀ ਬੋਲਦਾ ਹੈ । ਜਿਸ ਦਾ ਅਸਲ ਨਾਮ ਗੋਗਾ ਰਾਣੀ ਹੈ। ਜਦੋਂ ਉਹ ਪਹਿਲੀ ਵਾਰ ਟੈਂਕੀ ਤੇ ਚੜ੍ਹੀ ਤਾਂ ਸੀਆਈਡੀ ਨੇ ਉਸ ਦਾ ਨਾਂ ਗਗਨ ਅਬੋਹਰ ਵਜੋਂ ਸਰਕਾਰ ਨੂੰ ਭੇਜਿਆ ਸੀ। ਹੁਣ ਉਹ ਇਸੇ ਨਾਮ ਨਾਲ ਹੀ ਜਾਣੀ ਜਾਂਦੀ ਹੈ । ਉਹ ਆਪਣੇ ਸੰਘਰਸ਼ ਦੌਰਾਨ ਵੱਖ ਵੱਖ ਟੈਂਕੀਆਂ ਤੇ ਚੜ੍ਹੀ ਹੈ । ਜਿਨ੍ਹਾਂ ਵਿੱਚੋਂ ਬਠਿੰਡਾ ਦੇ ਸੁਭਾਸ਼ ਪਾਰਕ ਵਾਲੀ ਟੈਂਕੀ ਪ੍ਰਮੁੱਖ ਹੈ। ਗਗਨ ਅਬੋਹਰ ਨੇ ਤਾਂ ਹਕੂਮਤ ਦੇ ਵਤੀਰੇ ਖ਼ਿਲਾਫ਼ ਜ਼ਹਿਰ ਵੀ ਖਾ ਲਈ ਸੀ । ਪਰ ਉਸ ਨੂੰ ਬਚਾ ਲਿਆ ਗਿਆ । ਉਸ ਨੇ ਦੱਸਿਆ ਕਿ ਜਿੱਥੇ ਵੀ ਮੰਗ ਰੱਖੀ, ਲਾਠੀਆਂ ਹੀ ਮਿਲੀਆਂ। ਪਹਿਲੀ ਵਾਰ ਹੋਇਆ ਹੈ ਕਿ ਉਨ੍ਹਾਂ ਨੂੰ ਵੱਡੀ ਰਾਹਤ ਮਿਲੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸਭ ਤੋਂ ਪਹਿਲਾਂ ਗਗਨ ਅਤੇ ਵੀਰਪਾਲ ਦਾ ਮੂੰਹ ਮਿੱਠਾ ਕਰਵਾਇਆ ਅਤੇ ਵਧਾਈਆਂ ਦਿੱਤੀਆਂ।
ਬਲਾਕ ਮਲੋਟ ਦੇ ਪਿੰਡ ਰਾਣੀਵਾਲਾ ਦੀ ਰਾਜਵੀਰ ਕੌਰ ਨੇ ਮੁਹਾਲੀ ’ਚ ਸਿੱਖਿਆ ਬੋਰਡ ਦੀ ਇਮਾਰਤ ’ਤੇ ਸਲਫਾਸ ਖਾ ਲਈ ਸੀ । ਰਾਜਵੀਰ ਕੌਰ ਨੇ ਪਹਿਲਾਂ ਭਾਖੜਾ ’ਚ ਖੁਦਕੁਸੀ ਕਰਨ ਦਾ ਯਤਨ ਕੀਤਾ ਸੀ। ਰਾਜਵੀਰ ਦੇ ਪੇਟ ’ਚ ਅੱਠ ਮਹੀਨੇ ਦਾ ਬੱਚਾ ਸੀ, ਜਦੋਂ ਉਹ ਤਿੰਨ ਦਿਨ ਪਾਣੀ ਵਾਲੀ ਟੈਂਕੀ ’ਤੇ ਚੜ੍ਹੀ ਰਹੀ ਸੀ। ਉਹ ਗਰੈਜੂਏਟ ਹੈ ਤੇ ਈਟੀਟੀ ਤੇ ਐੱਨਟੀਟੀ ਪਾਸ ਹੈ। ਜਲੰਧਰ ਦੀ ਹਰਪ੍ਰੀਤ ਕੌਰ ਦੋ ਦਫਾ ਜੇਲ੍ਹ ਗਈ ਤੇ ਪਾਣੀ ਦੀਆਂ ਬੁਛਾੜਾਂ ਝੱਲੀਆਂ।
ਉਸ ਨੇ ਸਾਲ 2015 ਵਿੱਚ ਬਠਿੰਡਾ ਨਹਿਰ ਵਿੱਚ ਛਾਲ ਮਾਰ ਦਿੱਤੀ । ਹਰਪ੍ਰੀਤ ਦੱਸਦੀ ਹੈ ਕਿ ਉਨ੍ਹਾਂ ਦਾ ਕੋਈ ਘਰਦਾ ਥਾਣੇ ਕਚਹਿਰੀ ਅੱਗਿਓਂ ਨਹੀਂ ਲੰਘਿਆ ਸੀ। ਪਰ ਹੱਕਾਂ ਖਾਤਰ ਇਹ ਸਭ ਦੇਖਣੇ ਪਏ । ਉਹ ਗਰੈਜੂਏਟ ਤੇ ਈਟੀਟੀ ਤੋਂ ਇਲਾਵਾ ਐੱਨਟੀਟੀ ਪਾਸ ਵੀ ਹੈ। ਉਹ 2008 ’ਚ ਬਤੌਰ ਏਆਈਈ ਭਰਤੀ ਹੋਈ ਸੀ।
ਮੋਗਾ ਜ਼ਿਲ੍ਹੇ ਦੇ ਪਿੰਡ ਬੰਬੀਹਾ ਭਾਈ ਦੀ ਈਜੀਐਸ ਵਲੰਟੀਅਰ ਕਿਰਨਜੀਤ ਕੌਰ ਭਾਵੇਂ ਹੁਣ ਰੈਗੂਲਰ ਹੋਣ ਜਾ ਰਹੀ ਹੈ । ਪਰ ਉਸ ਨੂੰ ਹੱਥੋਂ ਕਿਰੀ ਬੱਚੀ ਰੂਥ ਦਾ ਮਲਾਲ ਤਾਉਮਰ ਰਹੇਗਾ। ਕਿਰਨਜੀਤ ਨੇ ਹਰ ਲਾਠੀਚਾਰਜ ਝੱਲਿਆ ਹੈ। ਫਰਵਰੀ 2014 ਵਿੱਚ ਉਹ ਆਪਣੀ 14 ਮਹੀਨੇ ਦੀ ਧੀ ਨੂੰ ਗੋਦ ਵਿੱਚ ਬਿਠਾ ਕੇ ਧਰਨੇ ’ਤੇ ਬੈਠ ਗਈ ਸੀ। ਕੜਾਕੇ ਦੀ ਠੰਢ ਦੌਰਾਨ ਪੁਲਿਸ ਨੇ ਰਜਾਈਆਂ ਖੋਹ ਲਈਆਂ । ਠੰਡ ਲੱਗਣ ਕਰਕੇ ਉਸ ਦੀ ਬੱਚੀ ਰੂਥ ਸਦਾ ਦੀ ਨੀਂਦ ਸੌਂ ਗਈ। ਇਸ ਮੌਕੇ ਕਿਰਨਜੀਤ ਡੋਲੀ ਨਹੀਂ ਅਤੇ ਬੱਚੀ ਦੀ ਦੇਹ ਸੜਕ ਤੇ ਧਰਕੇ ਸਰਕਾਰ ਨੂੰ ਹਲੂਣਾ ਦੇਣ ‘ਚ ਸਫ਼ਲ ਰਹੀ। ਇਸੇ ਤਰ੍ਹਾਂ ਦੀ ਰਾਮ ਕਹਾਣੀ ਹਜਾਰਾਂ ਧੀਆਂ ਅਤੇ ਨੌਜਵਾਨਾਂ ਦੀ ਹੈ, ਜਿਨ੍ਹਾਂ ਨੂੰ ਹੁਣ ਢਾਰਸ ਮਿਲਿਆ ਹੈ।
ਇੱਨ੍ਹਾਂ ਨੇ ਜਾਨ ਦੇਤੀ ,ਪਰ ,,
ਕੱਚੇ ਅਧਿਆਪਕ ਗੁਰਪ੍ਰੀਤ ਸਿੰਘ ਫਰੀਦਕੋਟ ਨੇ ਤਾਂ ਲੜਾਈ ਦੌਰਾਨ ਖੁਦਕਸ਼ੀ ਕਰ ਲਈ ਸੀ। ਕੱਚੇ ਰੁਜ਼ਗਾਰਾਂ ਦਾ ਦੁੱਖ ਨਾਂ ਸਹਾਰਦੇ ਮੋਗਾ ਦੇ ਜਗਮੋਹਨ ਸਿੰਘ ਫਾਹਾ ਲੈਕੇ ਖੁਦਕਸ਼ੀ ਕਰ ਗਿਆ । ਜਦੋਂਕਿ ਏਦਾਂ ਹੀ ਲੰਬੀ ਦੇ ਵਿਜੇ ਕੁਮਾਰ ਨੇ ਵੀ ਕੀਟਨਾਸ਼ਕ ਪੀ ਕੇ ਖੁਦਕੁਸ਼ੀ ਕਰ ਲਈ । ਵਲੰਟੀਅਰ ਅਧਿਆਪਕ ਜੀਲਾ ਸਿੰਘ ਵਾਸੀ ਮਹਾਂ ਬੱਧਰ ਸੰਘਰਸ਼ ਦੌਰਾਨ ਜਹਾਨੋਂ ਤੁਰ ਗਿਆ। ਕੁਲਵਿੰਦਰ ਸਿੰਘ ਤੇ ਸੰਗਰੂਰ ਦੇ ਹਰਿਆਊ ਦੇ ਰਾਜਬੀਰ ਸਿੰਘ ਦੀ ਹਾਦਸਿਆਂ ਨੇ ਜਾਨ ਲੈ ਲਈ। ਮਾਨਸਾ ਦੇ ਸਿਮਰਜੀਤ ਸਿੰਘ ਨੇ ਅੱਗ ਲਾਕੇ ਅਤੇ ਈਜੀਐਸ ਨਿਸ਼ਾਂਤ ਕੁਮਾਰ ਨੇ ਨਸ ਕੱਟਕੇ ਸਰਕਾਰ ਨੂੰ ਝੁਕਾਉਣ ਲਈ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ।
ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ
ਸ਼ਹੀਦ ਕਿਰਨਜੀਤ ਕੌਰ ਈਜਈਐਸ/ਏਆਈਜੀ/ਐਸਟੀਆਰ ਕੱਚੇ ਅਧਿਆਪਕ ਯੂਨੀਅਨ ਦੀ ਆਗੂ ਗਗਨ ਅਬੋਹਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਉਨ੍ਹਾਂ ਨੂੰ ਵੱਡੀ ਆਰਥਿਕ ਰਾਹਤ ਮਿਲੀ ਹੈ ਜੋ ਕਿ ਬੇਹੱਦ ਅਹਿਮ ਹੈ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਨਾਲ ਬਾਕੀ ਦੀਆਂ ਮੰਗਾਂ ਪੂਰੀਆਂ ਕਰਨ ਦਾ ਵਾਅਦਾ ਵੀ ਕੀਤਾ ਹੈ ।ਜਿਸ ਦੇ ਤੋੜ ਚੜ੍ਹਣ ਦੀ ਉਹਨਾਂ ਨੂੰ ਪੂਰੀ ਉਮੀਦ ਹੈ। ਉਨ੍ਹਾਂ ਮੁੱਖ ਮੰਤਰੀ ਅਤੇ ਸਮੁੱਚੀ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ ਹੈ।