ਅਸ਼ੋਕ ਵਰਮਾ , ਸਿਰਸਾ /ਬਠਿੰਡਾ 22 ਜੂਨ 2023
ਡੇਰਾ ਸੱਚਾ ਸੌਦਾ ਸਿਰਸਾ ਵੱਲੋਂ ਚਲਾਈਆਂ ਜਾ ਰਹੀਆਂ ਸਿੱਖਿਆ ਸੰਸਥਾਵਾਂ ਵਿੱਚ ਪੜ੍ਹੀਆਂ ਬੱਚੀਆਂ ਨੇ ਯੋਗ ਵਰਗੀ ਮਹੱਤਵਪੂਰਨ ਖੇਡ ਵਿੱਚ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਵੱਡੀ ਗਿਣਤੀ ਮੈਡਲ ਜਿੱਤ ਕੇ ਨਾ ਕੇਵਲ ਭਾਰਤ ਦੇਸ਼ ਬਲਕਿ ਆਪਣੇ ਮਾਪਿਆਂ ਅਤੇ ਆਪੋ ਆਪਣੇ ਵਿੱਦਿਅਕ ਅਦਾਰਿਆਂ ਦਾ ਨਾਮ ਚਮਕਾਇਆ ਹੈ। ਇਨ੍ਹਾਂ ਬੱਚੀਆਂ ਨੇ ਪੁਰਾਣੇ ਵਿਚਾਰਾਂ ਦਾ ਬੰਨ੍ਹ ਤੋੜਿਆ ਅਤੇ ਏਦਾਂ ਦੇ ਮਾਅਰਕੇ ਮਾਰੇ ਜਿਨ੍ਹਾਂ ਨੂੰ ਦੇਖ ਕੇ ਹਰ ਕੋਈ ਦੰਗ ਰਹਿ ਜਾਂਦਾ ਹੈ। ਇਨ੍ਹਾਂ ਖਿਡਾਰਨਾਂ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਗੁਰੂ ਡੇਰਾ ਸਿਰਸਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਨੂੰ ਦਿੱਤਾ ਹੈ ਜੋ ਪਿਛਲੇ ਸਮੇਂ ਦੌਰਾਨ ਉਨ੍ਹਾਂ ਦੇ ਰਾਹ ਦਸੇਰਾ ਬਣੇ ਹਨ।
ਕੌਮਾਂਤਰੀ ਪੱਧਰ ਦੀ ਯੋਗਾ ਖਿਡਾਰਨ ਨੀਲਮ ਇੰਸਾਂ ਨੇ ਵੱਖ-ਵੱਖ ਦੇਸ਼ਾਂ ‘ਚ ਕਰਵਾਏ ਵਿਸ਼ਵ ਕੱਪ ਅਤੇ ਏਸ਼ੀਅਨ ਚੈਂਪੀਅਨਸ਼ਿਪ ਦੌਰਾਨ 32 ਮੈਡਲ ਜਿੱਤੇ ਹਨ। ਇਨ੍ਹਾਂ ਵਿੱਚੋਂ 11 ਸੋਨ ਤਗਮੇ, 10 ਕਾਂਸੀ ਤੇ 11 ਚਾਂਦੀ ਦੇ ਮੈਡਲ ਸ਼ਾਮਲ ਹਨ। ਇਸ ਤੋਂ ਬਿਨਾਂ ਉਹ ਕੌਮੀ ਮੁਕਾਬਲਿਆਂ ਦੌਰਾਨ ਸੈਂਕੜੇ ਤਗਮੇ ਜਿੱਤ ਚੁੱਕੀ ਹੈ। ਨੀਲਮ ਇੰਸਾਂ ਇਨ੍ਹੀਂ ਦਿਨੀਂ ਯੋਗ ਦੀ ਨਵੀਂ ਪਨੀਰੀ ਤਿਆਰ ਕਰਨ ਵਿੱਚ ਜੁਟੀ ਹੋਈ ਹੈ ਜਿਸ ਤੋਂ ਉਸ ਨੂੰ ਸੰਤੁਸ਼ਟੀ ਮਿਲਦੀ ਹੈ। ਨੀਲਮ ਇੰਸਾਂ ਦੀ ਅਗਵਾਈ ਹੇਠ ਦਰਜਨਾਂ ਖਿਡਾਰੀ ਜ਼ਿਲ੍ਹਾ ਅਤੇ ਸੂਬਾ ਪੱਧਰ ਤੇ ਆਪਣੀ ਖੇਡ੍ਹ ਕਲਾ ਦੇ ਜੌਹਰ ਦਿਖਾ ਰਹੇ ਹਨ। ਇਹ ਬੱਚੀ ਜਦੋਂ ਯੋਗ ਕਿਰਿਆਵਾਂ ਪੇਸ਼ ਕਰਦੀ ਹੈ ਤਾਂ ਪਹਿਲੀ ਨਜ਼ਰੇ ਹਰ ਕਿਸੇ ਨੂੰ ਹੈਰਾਨੀ ਹੁੰਦੀ ਹੈ।
ਕੌਮਾਂਤਰੀ ਪੱਧਰ ਦੀ ਯੋਗ ਖਿਡਾਰੀ ਕਰਮਦੀਪ ਇੰਸਾਂ ਦਾ ਨਾਮ ਦੀ ਇਸ ਸ਼੍ਰੇਣੀ ਵਿੱਚ ਆਉਂਦਾ ਹੈ।ਵਕਤ ਨਾਲ ਬਦਲੇ ਦਿਨਾਂ ਦੀ ਗੱਲ ਹੈ। ਗੱਲ ਤੋਰੀ ਹੈ ਇਸ ਧੀਅ ਰਾਣੀ ਨੇ। ਉਹ ਵੀ ਦਿਨ ਸਨ ਜਦੋਂ ਧੀਆਂ ਭੈਣਾਂ ਦਾ ਘਰੋਂ ਪੈਰ ਪੁੱਟਣਾ ਜੁਰਮ ਮੰਨਿਆ ਜਾਂਦਾ ਸੀ ਪਰ ਉਸ ਨੇ ਵੱਡੇ ਮਾਅਰਕੇ ਮਾਰਕੇ ਰਾਹ ਖੋਲ੍ਹ ਦਿੱਤਾ ਹੈ ਜਿਸ ‘ਤੇ ਹਰ ਕੋਈ ਧੀਅ ਭੈਣ ਤੁਰ ਸਕਦੀ ਹੈ। ਕਰਮਦੀਪ ਇੰਸਾਂ ਨੇ ਲਗਾਤਾਰ ਚਾਰ ਵਾਰ ਯੋਗਾ ਵਿਸ਼ਵ ਕੱਪ ਵਿੱਚ ਭਾਗ ਲਿਆ ਅਤੇ ਤਿੰਨ ਦਰਜਨ ਤੋਂ ਵੱਧ ਤਗਮੇ ਜਿੱਤ ਕੇ ਆਪਣੇ ਹੁਨਰ ਦਾ ਲੋਹਾ ਮਨਵਾਇਆ । ਕਰਮਦੀਪ ਨੇ 15 ਸੋਨ, 13 ਚਾਂਦੀ ਅਤੇ 9 ਕਾਂਸੀ ਸਮੇਤ ਕੁੱਲ 37 ਤਗਮੇ ਜਿੱਤੇ ਹਨ। ਉਨ੍ਹਾਂ ਹੋਰਨਾਂ ਲੜਕੀਆਂ ਨੂੰ ਸਖ਼ਤ ਮਿਹਨਤ ਨਾਲ ਔਰਤ ਦੀ ਸਿਰਮੌਰਤਾ ਸਿੱਧ ਕਰਨ ਦਾ ਸੱਦਾ ਦਿੱਤਾ।
ਸ਼ਾਹ ਸਤਨਾਮ ਜੀ ਸਿੱਖਿਆ ਸੰਸਥਾ ਦੀ ਇੱਕ ਹੋਰ ਯੋਗਾ ਖਿਡਾਰੀ ਲਵਜੋਤ ਇੰਸਾਂ ਨੇ ਕੌਮਾਂਤਰੀ ਪੱਧਰ ‘ਤੇ 7 ਮੈਡਲ ਜਿੱਤੇ ਹਨ। ਇਨ੍ਹਾਂ ਵਿੱਚ 1 ਸੋਨੇ ਦਾ, 2 ਚਾਂਦੀ ਅਤੇ 4 ਕਾਂਸੀ ਦੇ ਤਗਮੇ ਸ਼ਾਮਲ ਹਨ। ਉਹ ਇਨ੍ਹਾਂ ਦਿਨਾਂ ਦੌਰਾਨ ਹੋਰ ਵੀ ਚੰਗਾ ਕਰਨ ਲਈ ਸਖਤ ਮਿਹਨਤ ਕਰ ਰਹੀ ਹੈ। ਲਵਜੋਤ ਦੱਸਦੀ ਹੈ ਕਿ ਸ਼ੁਰੂ-ਸ਼ੁਰੂ ਵਿੱਚ ਵਡੇਰੀ ਉਮਰ ਦੀਆਂ ਔਰਤਾਂ ਓਪਰੀ ਨਜ਼ਰ ਨਾਲ ਦੇਖਦੀਆਂ ਸਨ ਪਰ ਹੁਣ ਸਿਰ ਪਲੋਸ ਕੇ ਜਦੋਂ ਸ਼ਾਬਾਸ਼ ਦਿੰਦੀਆਂ ਹਨ ਤਾਂ ਉਸਦਾ ਸੀਨਾ ਮਾਣ ਨਾਲ ਚੌੜਾ ਹੋ ਜਾਂਦਾ ਹੈ। ਉਸ ਨੇ ਦੱਸਿਆ ਕਿ ਜੇਕਰ ਗੁਰੂ ਜੀ ਰਾਹ ਨਾ ਦਿਖਾਉਂਦੇ ਤਾਂ ਇਹ ਬਿਲਕੁਲ ਵੀ ਸੰਭਵ ਨਹੀਂ ਹੋ ਸਕਣਾ ਸੀ। ਉਸ ਨੇ ਕਿਹਾ ਕਿ ਖੇਡ ਰਾਹੀਂ ਉਸ ਦੀ ਲੜਾਈ ਸਮਾਜੀ ਵਿਤਕਰਾ ਖਤਮ ਕਰਨ ਦੀ ਵੀ ਹੈ ਜਿੱਥੇ ਕੁੜੀ ਹੋਣਾ ਗੁਨਾਹ ਸਮਝਿਆ ਜਾਂਦਾ ਹੈ।
ਅੰਤਰਰਾਸ਼ਟਰੀ ਖਿਡਾਰੀ ਕੀਰਤੀ ਇੰਸਾਂ ਉਮਰ ਸਿਰਫ 23 ਸਾਲ ਪਰ ਖੇਡ ਕਲਾ ਇਸ ਤੋਂ ਕਿਤੇ ਵੱਡੀ। ਕੀਰਤੀ ਨੇ ਕੌਮੀ, ਕੌਮਾਂਤਰੀ ਤੇ ਵਿਸ਼ਵ ਯੋਗਾ ਚੈਂਪੀਅਨਸ਼ਿਪ ਵਿੱਚ 53 ਮੈਡਲ ਜਿੱਤੇ ਹਨ। ਇਨ੍ਹਾਂ ਵਿੱਚੋਂ ਕੌਮਾਂਤਰੀ ਯੋਗਾ ਵਿੱਚ15 ਚਾਂਦੀ ਤੇ 7 ਕਾਂਸੀ ਦੇ ਤਗਮੇ ਸਮੇਤ 22 ਮੈਡਲ ਪ੍ਰਾਪਤ ਕੀਤੇ ਹਨ।ਸ਼ਾਹ ਸਤਨਾਮ ਜੀ ਗਰਲਜ਼ ਸਕੂਲ ਦੀ ਕੌਮਾਂਤਰੀ ਯੋਗਾ ਖਿਡਾਰੀ ਸਵਪਨਿਲ ਇੰਸਾਂ ਹੁਣ ਤੱਕ ਕਈ ਵਿਸ਼ਵ ਅਤੇ ਏਸ਼ੀਅਨ ਯੋਗਾ ਚੈਂਪੀਅਨਸ਼ਿਪਾਂ ਵਿੱਚ ਭਾਗ ਲੈ ਚੁੱਕੀ ਹੈ ਅਤੇ ਦੇਸ਼ ਲਈ 9 ਸੋਨ, 12 ਕਾਂਸੀ ਤੇ 9 ਚਾਂਦੀ ਸਣੇ ਕੁੱਲ 30 ਤਗਮੇ ਜਿੱਤੇ ਹਨ। ਇਨ੍ਹਾਂ ਖਿਡਾਰਨਾਂ ਨੇ ਕਿਹਾ ਕਿ ਲੜਕੀ ਦਾ ਕੰਮ ਇਕੱਲਾ ਘਰ ਵਸਾਉਣਾ ਨਹੀਂ ਹੁੰਦਾ ਸਗੋਂ ਦੇਸ਼ ਅਤੇ ਸਮਾਜ ਪ੍ਰਤੀ ਵੀ ਕਈ ਫਰਜ ਹੁੰਦੇ ਹਨ ਹੁਣ ਉਹ ਪੂਰੀ ਜੀਅ ਜਾਨ ਨਾਲ ਪੂਰੇ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।
ਸਮਾਜ ਨੂੰ ਨਵੀਂ ਦਿਸ਼ਾ ਦਿਖਾਈ : ਕੁਸਲਾ
ਸਮਾਜਿਕ ਆਗੂ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਔਰਤਾਂ ‘ਚ ਜ਼ਿੰਦਗੀ ਦੀ ਜੰਗ ਲੜਨ ਦਾ ਜਜ਼ਬਾ ਤੇ ਹਿੰਮਤ ਦੋਵੇਂ ਹਨ ਜਿਸ ਨੂੰ ਇਨ੍ਹਾਂ ਬੱਚੀਆਂ ਨੇ ਸਾਬਤ ਕਰ ਦਿਖਾਇਆ ਹੈ।ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਚੀਆਂ ਨੇ ਸਮਾਜ ਨੂੰ ਇੱਕ ਨਵੀਂ ਦਿਸ਼ਾ ਦਿਖਾਈ ਹੈ ਜਿਸ ਤੋਂ ਬਾਕੀ ਕੁੜੀਆਂ ਨੂੰ ਵੀ ਸੇਧ ਲੈਣ ਦੀ ਜ਼ਰੂਰਤ ਹੈ।ਉਨ੍ਹਾਂ ਇਨ੍ਹਾਂ ਬੱਚੀਆਂ ਵੱਲੋਂ ਚਾਰ ਵਾਰ ਕੌਮਾਂਤਰੀ ਪੱਧਰ ਦੀ ਵਿਸ਼ਵ ਚੈਂਪੀਅਨ ਟਰਾਫੀ ਭਾਰਤ ਦੀ ਝੋਲੀ ‘ਚ ਪਾਉਣ ਦੀ ਸ਼ਲਾਘਾ ਕੀਤੀ ਹੈ। ਉਹਨਾਂ ਇਹਨਾਂ ਬੱਚਿਆਂ ਦੇ ਰੌਸ਼ਨ ਭਵਿੱਖ ਦੀ ਕਾਮਨਾ ਕਰਦਿਆਂ ਇਨ੍ਹਾਂ ਸਫਲਤਾਵਾਂ ਪ੍ਰਤੀ ਵਧਾਈ ਵੀ ਦਿੱਤੀ ਹੈ।