ਖਬਰ ਦਾ ਅਸਰ-ਖਬਰੀ ਕਰੰਟ ਨੇ ਨੀਂਦ ‘ਚੋਂ ਜਗਾਇਆ ਆਬਕਾਰੀ ਵਿਭਾਗ
ਗੈਰਕਾਨੂੰਨੀ ਚੱਲਦੇ ਠੇਕਿਆਂ ਚ ਪਈ ਨਜਾਇਜ਼ ਸ਼ਰਾਬ ਸਬੰਧੀ ਠੇਕੇਦਾਰਾਂ ਖਿਲਾਫ਼ ਹੋਵੇਗੀ ਕਾਰਵਾਈ ?
ਹਰਿੰਦਰ ਨਿੱਕਾ , ਬਰਨਾਲਾ 23 ਮਈ 2023
ਦੇਸ਼ / ਪ੍ਰਦੇਸ਼ ਦੀਆਂ ਉੱਚ ਅਦਾਲਤਾਂ ਦੇ ਆਰਡਰ ਅਤੇ ਰੋਡ ਟਰਾਂਸਪੋਰਟਰ ਐਂਡ ਹਾਈਵੇ ਮੰਤਰਾਲੇ ਵੱਲੋਂ ਨੈਸ਼ਨਲ ਅਤੇ ਸਟੇਟ ਹਾਈਵੇ ਰੋਡ ਤੇ ਠੇਕੇ ਨਾ ਖੋਲਣ ਸਬੰਧੀ ਜਾਰੀ ਹਦਾਇਤਾਂ ਨੂੰ ਛਿੱਕੇ ਟੰਗਕੇ , ਨੈਸ਼ਨਲ ਅਤੇ ਸਟੇਟ ਹਾਈਵੇ ਤੇ ਧੜੱਲੇ ਨਾਲ ਖੁੱਲ੍ਹੇ ਸ਼ਰਾਬ ਦੇ ਠੇਕਿਆਂ ਦਾ ਮੁੱਦਾ ਬਰਨਾਲਾ ਟੂਡੇ ਵੱਲੋਂ ਪ੍ਰਮੁੱਖਤਾ ਨਾਲ ਉਭਾਰਨ ਤੋਂ ਬਾਅਦ ਆਖਿਰ ਆਬਕਾਰੀ ਵਿਭਾਗ ,ਗਹਰੀ ਨੀਂਦ ਤੋਂ ਜਾਗ ਹੀ ਗਿਆ ਹੈ। ਭਰੇ ਮਨ ਨਾਲ ਹੀ ਸਹੀ, ਆਬਕਾਰੀ ਅਧਿਕਾਰੀਆਂ ਨੇ ਬਰਨਾਲਾ ਤੋਂ ਰਾਏਕੋਟ ਸਟੇਟ ਹਾਈਵੇ (13) ‘ਤੇ ਪਿੰਡ ਵਜੀਦਕੇ ਖੁਰਦ, ਵਜੀਦਕੇ ਕਲਾਂ ,ਸਹਿਜੜਾ ਅਤੇ ਮਹਿਲ ਕਲਾਂ ਆਦਿ ਥਾਂਵਾਂ ਅਤੇ ਬਰਨਾਲਾ-ਮੋਗਾ ਨੈਸ਼ਨਲ ਹਾਈਵੇ ਨੰਬਰ 703 ਵਿਖੇ ਟੱਲੇਵਾਲ ਅਤੇ ਭੋਤਨਾ ਆਦਿ ਜਗ੍ਹਾ ਉੱਪਰ ਚੱਲ ਰਹੇ ਨਜਾਇਜ਼ ਸ਼ਰਾਬ ਦੇ ਠੇਕਿਆਂ ਨੂੰ ਸੀਲਾਂ ਲਗਾ ਕੇ ਬੰਦ ਕਰ ਦਿੱਤਾ ਗਿਆ ਹੈ। ਹੁਣ ਲੋਕਾਂ ਦੀਆਂ ਨਜਰਾਂ ਇਸ ਗੱਲ ਵੱਲ ਟਿਕੀਆਂ ਹੋਈਆਂ ਹਨ ਕਿ ਨਜਾਇਜ਼ ਸ਼ਰਾਬ ਦੇ ਠੇਕਿਆਂ ਉੱਤੇ ਰੱਖੀ ਸ਼ਰਾਬ ਦਾ ਕੀ ਬਣੇਗਾ ਅਤੇ ਕੀ ਹੁਣ ਨਜਾਇਜ਼ ਠੇਕੇ ਖੋਲ੍ਹਣ ਵਾਲਿਆਂ ਅਤੇ ਠੇਕਿਆ ਨੂੰ ਅੱਖਾਂ ਬੰਦ ਕਰਕੇ, ਚਲਾਈ ਜਾਣ ਲਈ ਹੱਲਾਸ਼ੇਰੀ ਦੇਣ ਵਾਲੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਖਿਲਾਫ ਕੀ ਕੋਈ ਐਕਸ਼ਨ ਹੋਵੇਗਾ। ਜਾਂ ਫਿਰ ਸ਼ੀਲ ਲੱਗੇ ਸ਼ਰਾਬ ਦੇ ਨਜਾਇਜ ਠੇਕਿਆਂ ਵਿੱਚ ਪਈ ਸ਼ਰਾਬ ਨੂੰ ਹਨ੍ਹੇਰੇ ਸਵੇਰੇ , ਠੇਕੇਦਾਰਾਂ ਨੂੰ ਚੁੱਕਣ ਲਈ ਹਰੀ ਝੰਡੀ ਹੀ ਦੇ ਦਿੱਤੀ ਜਾਵੇਗੀ।
ਬਰਨਾਲਾ ਟੂਡੇ ਦੀ ਟੀਮ ਦੁਆਰਾ ਸ਼ਰਾਬ ਠੇਕੇਦਾਰਾਂ, ਆਬਕਾਰੀ ਵਿਭਾਗ ਦੇ ਕੁੱਝ ਅਧਿਕਾਰੀਆਂ ਅਤੇ ਪੁਲਿਸ ਦੇ ਕਥਿਤ ਗਠਜੋੜ ਨਾਲ ਚੱਲ ਰਹੇ ਗੋਰਖਧੰਦੇ ਨੂੰ ਬੇਨਕਾਬ ਕਰਕੇ, ਆਬਕਾਰੀ ਅਧਿਕਾਰੀਆਂ ਨੂੰ ਹਲੂਣ ਕੇ ਜਗਾਉਣ ਦਾ ਯਤਨ ਕੀਤਾ ਗਿਆ, ਜਿਸ ਤੋਂ ਬਾਅਦ ਠੇਕੇਦਾਰਾਂ ਨੂੰ ਸ਼ਹਿ ਦੇਣ ਵਾਲੇ ਕੁੱਝ ਅਧਿਕਾਰੀਆਂ ਅਤੇ ਸ਼ਰਾਬ ਠੇਕੇਦਾਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਆਬਕਾਰੀ ਅਧਿਕਾਰੀਆਂ ਨੇ ਆਪਣੇ ਵੱਲ ਉੱਠ ਰਹੀਂ, ਉੱਗਲ ਤੋਂ ੳਹਲੇ ਹੋਣ ਲਈ ਖੁਦ ਨੂੰ ਪਿੱਛੇ ਕਰ ਲਿਆ। ਜਦੋਂਕਿ ਸ਼ਰਾਬ ਠੇਕੇਦਾਰਾਂ ਨੇ ਖਬਰਾਂ ਨਾ ਲਾਉਣ ਲਈ, ਬਰਨਾਲਾ ਟੂਡੇ ਦੀ ਟੀਮ ਅਤੇ ਕੁੱਝ ਹੋਰ ਚੁਨਿੰਦਾ ਪੱਤਰਕਾਰਾਂ ਨੂੰ ਚੁੱਪ ਕਰਵਾਉਣ ਲਈ ਹਰ ਹੱਥਕੰਡਾ ਵਰਤਿਆ। ਪਰੰਤੂ ਮਾਮਲਾ ਜਿਉਂ ਦਾ ਤਿਉਂ ਬਰਕਰਾਰ ਰਹਿਣ ਕਾਰਣ, ਆਬਕਾਰੀ ਵਿਭਾਗ ਵਲੋਂ ਗੈਰਕਾਨੂੰਨੀ ਢੰਗ ਨਾਲ ਚੱਲ ਰਹੇ ਠੇਕਿਆਂ ਨੂੰ ਸੀਲ ਕਰ ਦਿੱਤਾ ਹੈ।
ਗੇਂਦ ਫਿਰ , ਆਬਕਾਰੀ ਅਧਿਕਾਰੀਆਂ ਦੇ ਪਾਲੇ ਵੱਲ
ਬੇਸ਼ੱਕ ਆਬਕਾਰੀ ਵਿਭਾਗ ਨੇ ਮਾਮਲਾ ਠੰਡਾ ਹੋਣ ਤੱਕ ਸ਼ਰਾਬ ਦੇ ਠੇਕਿਆਂ ਨੂੰ ਸੀਲ ਕਰਨ ਦੀ ਕਾਰਵਾਈ ਕਰ ਲਈ ਹੈ। ਪਰੰਤੂ ਸ਼ਰਾਬ ਦੇ ਨਜਾਇਜ਼ ਠੇਕਿਆਂ ਵਿੱਚ ਬੰਦ ਪਈ ਸ਼ਰਾਬ ਬਾਰੇ ਹੁਣ ਆਬਕਾਰੀ ਅਧਿਕਾਰੀ , ਠੇਕੇਦਾਰਾਂ ਖਿਲਾਫ ਕੋਈ ਕਿਹੋ ਜਿਹੀ ਕਾਨੂੰਨੀ ਜਾਂ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਉਣਗੇ , ਇਹ ਗੇਂਦ ਵੀ ਹੁਣ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦੇ ਪਾਲੇ ਵਿੱਚ ਆ ਗਈ ਹੈ। ਇਸ ਤੋਂ ਇਲਾਵਾ ਵੱਡਾ ਸਵਾਲ ਇਹ ਵੀ ਹੈ ਕਿ ਕੀ ਵਿਭਾਗ ਦੇ ਆਲ੍ਹਾ ਅਧਿਕਾਰੀ , ਨਜਾਇਜ਼ ਠੇਕਿਆਂ ਨੂੰ ਚਲਦੇ ਰੱਖਣ ਲਈ ਸ਼ਹਿ ਦੇਣ ਵਾਲੇ ਅਧਿਕਾਰੀਆਂ ਜਾਂ ਕਰਮਚਾਰੀਆਂ ਦੀ ਭੂਮਿਕਾ ਦੀ ਵੀ ਕੋਈ ਜਾਂਚ ਕਰਕੇ,ਕਾਰਵਾਈ ਕਰਨਗੇ? ਇੱਨ੍ਹਾਂ ਵੱਡੇ ਸਵਾਲਾਂ ਦਾ ਜੁਆਬ ਹਾਲੇ ਸਮੇਂ ਦੀ ਗਰਭ ਵਿੱਚ ਪਲ ਰਿਹਾ ਹੈ।