ਹਰ ਮੰਗਲਵਾਰ ਡੀਸੀ ਜਾਂ ਸੀਨਿਅਰ ਅਧਿਕਾਰੀ ਲੋਕਾਂ ਦੇ ਸਵਾਲਾਂ ਦੇ ਦੇਣਗੇ ਜਵਾਬ
ਬਿੱਟੂ ਜਲਾਲਾਬਾਦੀ, ਫਾਜਿ਼ਲਕਾ, 12 ਮਈ 2023
ਜਿ਼ਲ੍ਹੇ ਦੇ ਲੋਕਾਂ ਨਾਲ ਸਾਂਝ ਨੂੰ ਹੋਰ ਮਜਬੂਤ ਕਰਨ ਲਈ ਫਾਜਿ਼ਲਕਾ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ‘ਤੁਹਾਡਾ ਪ੍ਰਸ਼ਾਸਨ, ਤੁਹਾਡੇ ਨਾਲ’ ਨਾਂਅ ਦਾ ਇਕ ਨਵਾਂ ਜਨ ਸੰਪਰਕ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਨੇ ਦਿੱਤੀ ਹੈ।
ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਦੱਸਿਆ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕ ਮਸਲਿਆਂ ਦੇ ਹੱਲ ਲਈ ਕੀਤੀਆਂ ਹਦਾਇਤਾਂ ਦੇ ਮੱਦੇਨਜਰ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਜਿ਼ਲ੍ਹੇ ਦੇ ਲੋਕ ਡਿਪਟੀ ਕਮਿਸ਼ਨਰ ਦਫ਼ਤਰ ਦੇ ਫੇਸਬੁੱਕ ਪੇਜ਼ (www.Facebook.com/DCFazilka), ਟਵਿੱਟਰ ਹੈਂਡਲ (@Dfzk2022) ਜਾਂ ਇੰਸਟਾਗਰਾਮ ਅਕਾਉਂਟ (@deputy_commissioner_fazilka) ਤੇ ਜਨਤਕ ਸਮੱਸਿਆਵਾਂ ਸਬੰਧੀ ਆਪਣੇ ਸਵਾਲ ਦਰਜ ਕਰਵਾ ਸਕਿਆ ਕਰਣਗੇ। ਹਰ ਮੰਗਲਵਾਰ ਡਿਪਟੀ ਕਮਿਸ਼ਨਰ ਵੱਲੋਂ ਖੁਦ ਜਾਂ ਜਿ਼ਲ੍ਹੇ ਦੇ ਕਿਸੇ ਸੀਨਿਅਰ ਅਧਿਕਾਰੀ ਵੱਲੋਂ ਜਨਹਿੱਤ ਦੇ ਚੁਣੇ ਗਏ 10 ਸਵਾਲਾਂ ਦੇ ਜਵਾਬ ਡਿਪਟੀ ਕਮਿਸ਼ਨਰ ਦਫ਼ਤਰ ਦੇ ਫੇਸਬੁੱਕ ਪੇਜ਼, ਟਵਿੱਟਰ ਹੈਂਡਲ, ਇੰਸਟਾਗਰਾਮ ਅਤੇ ਡੀਪੀਆਰਓ ਦਫ਼ਤਰ ਦੇ ਯੂਟਿਊਬ ਚੈਨਲ (https://www.youtube.com/@dprofazilka) ਤੇ ਦਿੱਤੇ ਜਾਇਆ ਕਰਣਗੇ। ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਇਹ ਪ੍ਰੋਗਰਾਮ ਹਰ ਮੰਗਲਵਾਰ ਸ਼ਾਮ 7 ਵਜੇ ਪ੍ਰਸਾਰਿਤ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਲੋਕਾਂ ਨਾਲ ਦੋ ਤਰਫਾ ਸੰਚਾਰ ਸਥਾਪਿਤ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਅਕਸਰ ਅਸੀਂ ਪ੍ਰਸ਼ਾਸਨ ਵੱਲੋਂ ਤਾਂ ਲੋਕਾਂ ਨੂੰ ਸਰਕਾਰੀ ਸਕੀਮਾਂ ਸਬੰਧੀ ਅਤੇ ਸਰਕਾਰ ਦੀਆਂ ਹੋਰ ਗਤੀਵਿਧੀਆਂ ਸਬੰਧੀ ਜਾਣਕਾਰੀ ਵੱਖ ਵੱਖ ਸੰਚਾਰ ਸਾਧਨਾਂ ਰਾਹੀਂ ਸਾਂਝੀ ਕਰਦੇ ਰਹਿੰਦੇ ਹਾਂ, ਪਰ ਲੋਕਾਂ ਵੱਲੋਂ ਜਿ਼ਲ੍ਹਾ ਪ੍ਰਸ਼ਾਸਨ ਵੱਲ ਸੰਚਾਰ ਦੀ ਵਿਵਸਥਾ ਨੂੰ ਹੋਰ ਮਜਬੂਤ ਕਰਨ ਲਈ ਇਹ ਉਪਰਾਲਾ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਨਵੇਂ ਪ੍ਰੋਗਰਾਮ ਤਹਿਤ ਡਿਪਟੀ ਕਮਿਸ਼ਨਰ ਦਫ਼ਤਰ ਦੇ ਫੇਸਬੁੱਕ ਪੇਜ਼, ਟਵਿੱਟਰ ਹੈਂਡਲ ਜਾਂ ਇੰਸਟਾਗਰਾਮ ਤੇ ਹਰ ਹਫਤੇ ਇਕ ਪੋਸਟ ਸ਼ੇਅਰ ਕੀਤੀ ਜਾਵੇਗੀ ਜਿਸ ਤੇ ਕੁਮੈਂਟ ਵਜੋਂ ਲੋਕ ਆਪਣੇ ਜਨਹਿੱਤ ਨਾਲ ਜ਼ੁੜੇ ਸਵਾਲ ਲਿੱਖ ਸਕਣਗੇ। ਇੰਨ੍ਹਾਂ ਵਿਚ 10 ਮਹੱਤਵਪੂਰਨ ਸਵਾਲਾਂ ਦਾ ਜਵਾਬ ਪ੍ਰਸ਼ਾਸਨ ਵੱਲੋਂ ਮੰਗਲਵਾਰ ਨੂੰ ਦਿੱਤਾ ਜਾਇਆ ਕਰੇਗਾ। ਉਨ੍ਹਾਂ ਨੇ ਕਿਹਾ ਕਿ ਇਸ ਤਰਾਂ ਪ੍ਰਸ਼ਾਸਨ ਵੱਲੋਂ ਲੋਕਾਂ ਦੀਆਂ ਮੁਸਕਿਲਾਂ ਨੂੰ ਬਿਹਤਰ ਤਰੀਕੇ ਨਾਲ ਸਮਝ ਕੇ ਉਨ੍ਹਾਂ ਦਾ ਹੱਲ ਕੀਤਾ ਜਾ ਸਕੇਗਾ।