ਨਸ਼ਿਆਂ ਖਾਤਰ ਸੰਘੋਂ ਹੇਠਾਂ ਲੰਘਾਏ ਚਿਮਟੇ ਅਤੇ ਨਲਕਿਆਂ ਦੀਆਂ ਹੱਥੀਆਂ
ਅਸ਼ੋਕ ਵਰਮਾ ,ਬਠਿੰਡਾ 10 ਮਈ 2023
ਬਠਿੰਡਾ ਪੱਟੀ ਵਿੱਚ ਬੱਸ ਅੱਡਿਆਂ ਤੇ ਬਣੇ ਪਿਸ਼ਾਬ ਘਰਾਂ ਅਤੇ ਆਮ ਲੋਕਾਂ ਦੇ ਵਿਚਰਨ ਵਾਲੀਆਂ ਥਾਵਾਂ ਤੇ ਲੱਗੀਆਂ ਟੂਟੀਆਂ ਤੇ ਪਹਿਰਾ ਰੱਖਣ ਦੀ ਜਰੂਰਤ ਪੈਣ ਲੱਗੀ ਹੈ। ਇੱਥੋਂ ਤੱਕ ਕਿ ਸੀਵਰੇਜ ਦੇ ਢੱਕਣਾਂ ਅਤੇ ਟੈਲੀਫੋਨ ਕੇਬਲਾਂ ਤੇ ਚੜ੍ਹੀਆਂ ਲੋਹੇ ਦੀਆਂ ਪਾਈਪਾਂ ਦੀ ਰਖਵਾਲੀ ਲਾਜਮੀ ਹੋ ਗਈ ਹੈ। ਹਾਲਾਂਕਿ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਨਸ਼ਾ ਵੇਚਣ ਵਾਲਿਆਂ ਖਿਲਾਫ਼ ਕਾਰਵਾਈ ਕਰਨ ਦੀ ਗੱਲ ਕਰਦੇ ਹਨ ਫਿਰ ਵੀ ਨਸ਼ੇ ਹਨ ਕਿ ਵਧਦੀ ਹੀ ਜਾ ਰਹੇ ਹਨ।
ਬਰਬਾਦੀ ਦੀ ਹੱਦ ਤੱਕ ਨਸ਼ਿਆਂ ਦੀ ਗ੍ਰਿਫਤ ’ਚ ਆ ਚੁੱਕੇ ਗੱਭਰੂਆਂ ਵੱਲੋਂ ਨਸ਼ੇ ਦੀ ਤਲਬ ਮਿਟਾਉਣ ਖਾਤਰ ਕੀਤੀਆਂ ਜਾਂਦੀਆਂ ਚੋਰੀਆਂ ਚਕਾਰੀਆਂ ਦਾ ਹੀ ਸਿੱਟਾ ਹੈ ਕਿ ਲੋਕਾਂ ਨੂੰ ਆਪਣਾ ਸਮਾਨ ਮਹਿਫੂਜ਼ ਰੱਖਣ ਲਈ ਅਜਿਹੇ ਪ੍ਰਬੰਧ ਕਰਨੇ ਪੈ ਰਹੇ ਹਨ। ਬਠਿੰਡਾ ਸ਼ਹਿਰ ਦੇ ਵੱਡੀ ਗਿਣਤੀ ਨਲਕਿਆਂ ਦੀਆਂ ਹੱਥੀਆਂ ਤੇ ਚਿਮਟੇ ਗਾਇਬ ਹਨ। ਨਸ਼ਿਆਂ ਦੇ ਸ਼ੌਕੀਨਾਂ ਨੇ ਪੁਲਾਂ ਦੇ ਕਿਨਾਰੇ ਲੱਗੀਆਂ ਰੇਲਿੰਗਾਂ ਲਾਹ ਕੇ ਵੇਚ ਦਿੱਤੀਆਂ ਹਨ।ਸਰਕਾਰੀ ਸਕੂਲਾਂ ’ਚੋਂ ਕੰਪਿਊਟਰ ,ਮਿੱਡ-ਡੇ-ਮੀਲ ਦਾ ਰਾਸ਼ਨ, ਸਿਲੰਡਰ ਅਤੇ ਭਾਂਡਿਆਂ ਦੀ ਚੋਰੀ ਕਰਨਾ ਤਾਂ ਆਮ ਗੱਲ ਹੋ ਗਈ ਹੈ। ਦੇਖਣ ’ਚ ਆਇਆ ਹੈ ਕਿ ਲੋਕਾਂ ਨੇ ਘਰਾਂ ਅੱਗੇ ਰੱਖੇ ਜੈਨਰੇਟਰਾਂ ਦੇ ਕਵਰ ਚੋਰੀ ਹੋਣ ਤੋਂ ਰੋਕਣ ਲਈ ਸੰਗਲ ਲਾ ਕੇ ਜਿੰਦਰੇ ਮਾਰੇ ਹੋਏ ਹਨ।
ਨਸ਼ੇ ਦੀ ਮਾਰ ਹੇਠ ਆਏ ਨੌਜਵਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਚੋਰੀਆਂ ਨੇ ਕਿਸਾਨਾਂ ਨੂੰ ਵੀ ਵਖਤ ਪਾਇਆ ਹੋਇਆ ਹੈ । ਕਈ ਥਾਵਾਂ ’ਤੇ ਤਾਂ ਸਥਿਤੀ ਇਹ ਹੈ ਕਿ ਖੇਤਾਂ ’ਚ ਮੋਟਰਾਂ ’ਤੇ ਲੱਗੇ ਟ੍ਰਾਂਸਫਾਰਮਰਾਂ ਦੀ ਚੋਰੀ ਕੀਤੇ ਜਾਣ ਦੇ ਡਰ ਤੋਂ ਵਧਣ ਕਿਸਾਨ ਟਰਾਂਸਫਾਰਮਰਾਂ ਨੂੰ ਰੇਹੜੀ ਆਦਿ ਤੇ ਰੱਖ ਕੇ ਲਿਆਉਣ ,ਲਿਜਾਣ ਨੂੰ ਤਰਜੀਹ ਦੇਣ ਲੱਗੇ ਹਨ।
ਨਸ਼ਿਆਂ ਦੇ ਗੁਲਾਮ ਬਣਨ ਦਾ ਹੀ ਨਤੀਜਾ ਹੈ ਕਿ ਨੌਜਵਾਨਾਂ ਵੱਲੋਂ ਨਿੱਤ ਰੋਜ਼ ਅਪਰਾਧਿਕ ਵਾਰਦਾਤਾਂ ਕੀਤੀਆਂ ਜਾ ਰਹੀਆਂ ਹਨ। ਕਈ ਵਾਰ ਤਾਂ ਕੁਝ ਪੈਸਿਆਂ ਪਿੱਛੇ ਕਤਲ ਕਰ ਦੇਣ ਦੀਆਂ ਚਿੰਤਾ ਜਨਕ ਖ਼ਬਰਾਂ ਵੀ ਆਉਂਦੀਆਂ ਹਨ।.
ਮਹੱਤਵਪੂਰਨ ਤੱਥ ਇਹ ਵੀ ਹੈ ਕਿ ਨਸ਼ੇੜੀਆਂ ਨੇ ਧਾਰਮਿਕ ਸਥਾਨਾਂ ਦੀਆਂ ਗੋਲਕਾਂ ਵੀ ਨਹੀਂ ਬਖਸ਼ੀਆਂ । ਔਰਤਾਂ ਦੇ ਗਲੇ ਵਿਚੋਂ ਚੈਨੀਆਂ ਤੇ ਕੰਨਾਂ ਵਿੱਚੋਂ ਵਾਲੀਆਂ ਲਾਹੁਣ ਅਤੇ ਮੋਬਾਇਲ ਫੋਨ ਝਪਟਣ ਵਾਲਿਆਂ ਵਿਚੋਂ ਜ਼ਿਆਦਾਤਰ ਦਾ ਸਬੰਧ ਨਸ਼ਾ ਕਰਨ ਨਾਲ ਹੁੰਦਾ ਹੈ।ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਆਪਣੇ ਤਜਰਬੇ ਦੇ ਅਧਾਰ ਤੇ ਦੱਸਿਆ ਕਿ ਉਸਦੀ ਦੇਖ ਰੇਖ ’ਚ ਪੁਲਿਸ ਵੱਲੋਂ ਵੱਖ-ਵੱਖ ਕੇਸਾਂ ’ਚ ਕਾਬੂ ਕੀਤੇ ਗਏ 10 ਮੁੰਡਿਆਂ ’ਚੋਂ 8 ਸਿੱਧੇ ਜਾਂ ਅਸਿੱਧੇ ਰੂਪ ਵਿੱਚ ਨਸ਼ਾਪੂਰਤੀ ਲਈ ਅਪਰਾਧ ਕਰਦੇ ਹਨ । ਉਨ੍ਹਾਂ ਦੱਸਿਆ ਕਿ ਕਿਸੇ ਮਾਮਲੇ ਦੀ ਪੜਤਾਲ ਦੌਰਾਨ ਇੱਕ ਨਸ਼ੇੜੀ ਨੇ ਜਦੋਂ ਉਨ੍ਹਾਂ ਨੂੰ ਚੋਰੀਆਂ ਕਰਨ ਦੇ ਅਜਿਹੇ ਢੰਗ ਤਰੀਕੇ ਦੱਸੇ ਜਿਨ੍ਹਾਂ ਨੂੰ ਸੁਣ ਕੇ ਉਹ ਦੰਗ ਰਹਿ ਗਏ ਸਨ।
ਬਠਿੰਡਾ ਪੁਲਿਸ ਦੇ ਵਹੀ ਖਾਤਿਆਂ ਨੂੰ ਫਰੋਲੀਏ ਤਾਂ ਪਤਾ ਲਗਦਾ ਹੈ ਕਿ ਅਪਰਾਧ ਦੀ ਦੁਨੀਆਂ ਵਿੱਚ ਸ਼ਾਮਲ ਮੁੰਡਿਆਂ ਨੇ ਨਸ਼ਾ ਕਰਨ ਨੂੰ ਹੀ ਆਪਣਾ ਨਿਸ਼ਾਨਾ ਮੰਨਿਆ ਹੋਇਆ ਹੈ।ਬਠਿੰਡਾ ਸ਼ਹਿਰ ’ਚ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਕਈ ਮੁੰਡਿਆਂ ਨੇ ਨਸ਼ਾ ਪੂਰਤੀ ਦੀ ਖਾਤਰ ਚੇਨੀਆਂ ਜਾਂ ਵਾਲੀਆਂ ਆਦਿ ਝਪਟ ਕੇ ਫਰਾਰ ਹੋਣ ਦੀ ਗੱਲ ਕਬੂਲ ਕੀਤੀ ਸੀ। ਬਠਿੰਡਾ ਪੁਲਿਸ ਨੇ ਇੱਕ ਪਰਸ ਖੋਹਣ ਵਾਲੇ ਗਿਰੋਹ ਨੂੰ ਵੀ ਕਾਬੂ ਕੀਤਾ ਸੀ ਜੋ ਔਰਤਾਂ ਨੂੰ ਭਰੇ ਬਜ਼ਾਰ ’ਚ ਲੁੱਟ ਕੇ ਫਰਾਰ ਹੋ ਜਾਂਦਾ ਸੀ। ਮਾਲਵਾ ਪੱਟੀ ’ਚ ਨਸ਼ੇੜੀ ਮੁੰਡਿਆਂ ਦੇ ਕਈ ਗੈਂਗ ਹਨ ਜੋ ਮੋਬਾਇਲ ਫੋਨ ਖੋਹ ਲੈਂਦੇ ਹਨ। ਨਸ਼ਿਆਂ ਖਾਤਰ ਮੋਟਰਸਾਈਕਲ ਅਤੇ ਸਕੂਟਰ ਚੋਰੀ ਕਰਨ ਦੀਆਂ ਵਾਰਦਾਤਾਂ ਵੀ ਆਮ ਹਨ।
ਆਫ ਦਾ ਰਿਕਾਰਡ ਪੁਲਿਸ ਅਧਿਕਾਰੀ ਵੀ ਮੰਨਦੇ ਹਨ ਕਿ ਅਜਿਹੇ ਗਿਰੋਹਾਂ ਤੇ ਪੂਰੀ ਤਰਾਂ ਲਗਾਮ ਕੱਸਣੀ ਮੁਸ਼ਕਿਲ ਹੈ। ਉਹਨਾਂ ਦੱਸਿਆ ਕਿ ਪੁਲਸ ਵੱਲੋਂ ਗ੍ਰਿਫਤਾਰ ਵਿਅਕਤੀ ਬਾਅਦ ਵਿੱਚ ਜਮਾਨਤ ਤੇ ਬਾਹਰ ਆ ਕੇ ਪਹਿਲਾਂ ਨਾਲੋਂ ਵੀ ਵਧੇਰੇ ਸਰਗਰਮ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਮੈਡੀਕਲ ਨਸ਼ਿਆਂ ਦਾ ਪਸਾਰਾ ਵੀ ਭਾਰੇ ਫਿਕਰਾਂ ਦੀ ਹੱਦ ਟੱਪ ਚੁੱਕਿਆ ਹੈ । ਭਾਵੇਂ ਸਰਕਾਰਾਂ ਲਈ ਸ਼ਰਾਬ ਮਾਲੀਆ ਪ੍ਰਾਪਤੀ ਦਾ ਅਹਿਮ ਹਥਿਆਰ ਹੈ ਪ੍ਰੰਤੂ ਫ਼ਿਕਰਮੰਦ ਕਰਨ ਵਾਲਾ ਪਹਿਲੂ ਇਹ ਵੀ ਹੈ ਕਿ ਵਿਆਹਾਂ ਸ਼ਾਦੀਆਂ ਤੋਂ ਲੈ ਕੇ ਜਨਮ ਦਿਨ ਦੀ ਪਾਰਟੀ ਤੱਕ ਸ਼ਰਾਬ ਦੀ ਖੁੱਲ੍ਹ ਕੇ ਵਰਤੋਂ ਹੁੰਦੀ ਹੈ ਤੇ ਇਹ ਫੈਸ਼ਨ ਅਤੇ ਸੱਭਿਆਚਾਰ ਦਾ ਹਿੱਸਾ ਬਣ ਚੁੱਕੀ ਹੈ।
ਲੋਕਾਂ ਨੂੰ ਲੜਨੀ ਪਵੇਗੀ ਜੰਗ: ਕੁਸਲਾ
ਸਮਾਜ ਸੇਵੀ ਆਗੂ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਜਦੋਂ ਨਸ਼ੇ ਦੀ ਖਾਤਰ ਪੈਸੇ ਨਹੀਂ ਮਿਲਦੇ ਤਾਂ ਕੰਨ ਨਸ਼ਿਆਂ ਦੇ ਸਮੁੰਦਰ ਵਿਚ ਗੋਤੇ ਲਾਉਣ ਲਈ ਨੌਜਵਾਨ ਚੋਰੀਆਂ ਦੇ ਰਾਹ ਪੈ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਅਜਿਹੇ ਨਸ਼ੇੜੀ ਚੋਰੀਆਂ ਚਕਾਰੀਆਂ ਕਰਨ ਵੇਲੇ ਇਹ ਨਹੀਂ ਦੇਖਦੇ ਕਿ ਉਨ੍ਹਾਂ ਵੱਲੋਂ ਕਿ ਚੋਰੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮਾਜਕ ਢਾਂਚੇ ਨੂੰ ਬਚਾਉਣ ਲਈ ਆਮ ਲੋਕਾਂ ਨੂੰ ਸਰਕਾਰਾਂ ਤੋਂ ਝਾਕ ਛੱਡਕੇ ਆਪਣੇ ਬਲਬੂਤੇ ਤੇ ਨਸ਼ਿਆਂ ਖਿਲਾਫ ਇੱਕ ਹੋਰ ਵੱਡੀ ਜੰਗ ਲੜਨੀ ਪਵੇਗੀ।
Advertisement