ਕਾਨੂੰਨ ਹੱਥ ‘ਚ ਲੈਣ ਵਾਲਿਆਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ- ਡੀ.ਸੀ. ਡਾ: ਸੇਨੂ ਦੁੱਗਲ
ਬੀ.ਟੀ.ਐਨ. ਫਾਜਿ਼ਲਕਾ 1 ਮਈ 2023
ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਸਰਕਾਰ ਦੇ 13 ਦਸੰਬਰ 2017 ਦੇ ਨੋਟੀਫਿਕੇਸ਼ਨ ਅਨੁਸਾਰ ਰਾਜ ਵਿਚ ਟਰੱਕ ਯੁਨੀਅਨਾਂ ਭੰਗ ਹਨ ਅਤੇ ਸਾਰੇ ਟਰੱਕ ਆਪ੍ਰੇਟਰ ਆਪਣੀ ਇੱਛਾ ਅਨੁਸਾਰ ਕੰਮ ਕਰਨ ਲਈ ਸੁਤੰਤਰ ਹਨ। ਡਿਪਟੀ ਕਮਿਸ਼ਨਰ ਨੇ ਸਖ਼ਤ ਤਾੜਨਾ ਕਰਦਿਆਂ ਕਿਹਾ ਹੈ ਕਿ ਜ਼ੇਕਰ ਕਿਸੇ ਨੇ ਵੀ ਕਾਨੂੰਨ ਹੱਥ ਵਿਚ ਲੈ ਕੇ ਕਿਸੇ ਆਪ੍ਰੇਟਰ ਨੂੰ ਤੰਗ ਪ੍ਰੇਸ਼ਾਨ ਕੀਤਾ ਤਾਂ ਅਜਿਹੇ ਅਨਸਰਾਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਪਾਰਕ ਤਰੱਕੀ ਲਈ ਟਰਾਂਸਪੋਰਟ ਸੈਕਟਰ ਨੂੰ ਹਰ ਪ੍ਰਕਾਰ ਦੀਆਂ ਬੰਦਿਸ਼ਾਂ ਤੋਂ ਮੁਕਤ ਕਰਨ ਲਈ ਸਰਕਾਰ ਨੇ ਪਹਿਲਾਂ ਹੀ ਟਰੱਕ ਯੁਨੀਅਨਾਂ ਨੂੰ ਰਾਜ ਵਿਚ ਭੰਗ ਕੀਤਾ ਹੋਇਆ ਹੈ ਤਾਂ ਜ਼ੋ ਵਪਾਰ ਨੂੰ ਕੋਈ ਮੁਸਕਿਲ ਨਾ ਆਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਵਿਭਾਗ ਅਤੇ ਟਰਾਂਸਪੋਰਟ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਜ਼ੇਕਰ ਕਿਸੇ ਨੇ ਯੁਨੀਅਨ ਦੇ ਨਾਂਅ ਤੇ ਕਿਸੇ ਵੀ ਆਪ੍ਰੇਟਰ ਨੂੰ ਤੰਗ ਪ੍ਰੇਸ਼ਾਨ ਕੀਤਾ ਤਾਂ ਉਸਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇੇ। ਉਨ੍ਹਾਂ ਨੇ ਕਿਹਾ ਕਿ ਜ਼ੇਕਰ ਕਿਸੇ ਆਪ੍ਰੇਟਰ ਨੂੰ ਵੀ ਕੋਈ ਤੰਗ ਪ੍ਰੇਸਾਨ ਕਰੇ ਤਾਂ ਉਹ ਤੁਰੰਤ ਪੁਲਿਸ ਵਿਭਾਗ ਕੋਲ ਸਿਕਾਇਤ ਕਰੇ।