ਅਕਾਲ ਤਖਤ ਦੇ ਜਥੇਦਾਰ ਨੇ ਆਹ ਕਰਤਾ ਵੱਡਾ ਐਲਾਨ ,ਲੱਗੀਆਂ ਸੀ ਸਭ ਦੀਆਂ ਨਜ਼ਰਾਂ

Advertisement
Spread information
ਅਸ਼ੋਕ ਵਰਮਾ , ਤਲਵੰਡੀ ਸਾਬੋ,  7 ਅਪ੍ਰੈਲ 2023 
       ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਮੌਜੂਦਾ ਸਮੇਂ ਦੌਰਾਨ  ਸਿੱਖ ਕੌਮ ਅਤੇ ਪੰਜਾਬ ਦੇ ਖਿਲਾਫ ਮੀਡੀਆ ਰਾਹੀਂ ਸਿਰਜੇ ਗਏ ਝੂਠੇ ਬਿਰਤਾਂਤ ਦੇ ਚਲਦਿਆਂ ਅਕਾਲ ਤਖਤ ਸਾਹਿਬ ਦੀ ਅਗਵਾਈ ਵਿੱਚ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ  ਵੱਲੋਂ ਪੰਜਾਬ ਅਤੇ ਪੰਥ ਪ੍ਰਸਤ ਪੱਤਰਕਾਰਾਂ ਦੀ ਵਿਸ਼ੇਸ਼ ਇਕੱਤਰਤਾ ਕੀਤੀ ਗਈ। ਮੌਜੂਦਾ ਸਮੇਂ ਦੌਰਾਨ ਵਾਪਰ ਰਹੇ ਵਰਤਾਰਿਆਂ ਨੂੰ ਅਧਾਰ ਬਣਾ ਕੇ ਸਰਕਾਰ ਵੱਲੋਂ ਭੈ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਅਤੇ ਸਰਕਾਰੀ ਜਬਰ ਦੇ ਖਿਲਾਫ ਅਵਾਜ਼ ਬੁਲੰਦ ਕਰਨ ਵਾਲੇ ਪੱਤਰਕਾਰਾਂ ਅਤੇ ਉਨ੍ਹਾਂ ਦੇ ਚੈੱਨਲਾਂ ਨੂੰ ਸਰਕਾਰ ਵੱਲੋਂ ਬੈਨ ਕੀਤਾ ਜਾ ਰਿਹਾ ਹੈ।  
      ਇਸ  ਵਿਸ਼ੇਸ਼ ਇਕੱਤਰਤਾ ਵਿੱਚ ਜਿੱਥੇ ਸਿੰਘ ਸਾਹਿਬ ਵੱਲੋਂ ਪੀੜਤ ਪੱਤਰਕਾਰ ਧਿਰਾਂ ਨਾਲ ਖੜਨ ਦਾ ਦ੍ਰਿੜ ਇਰਾਦਾ ਪ੍ਰਗਟ ਕੀਤਾ ਗਿਆ । ਉੱਥੇ ਨਾਲ ਹੀ ਸਰਕਾਰ ਨੂੰ ਇਸ ਜਬਰ ਪ੍ਰਤੀ ਚੇਤਾਵਨੀ ਵੀ ਦਿੱਤੀ ਗਈ ਹੈ। ਇਸ ਮੌਕੇ  ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ  ਕਿ ਅੱਜ ਜਿਸ ਸਮੇਂ ਸੱਚ ਦੀ ਅਵਾਜ਼ ਨੂੰ ਦਬਾਇਆ ਜਾ ਰਿਹਾ ਹੈ ਉਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਪੀੜਤਾਂ ਦੇ ਮੋਢੇ ਨਾਲ ਮੋਢਾ ਜ਼ੋੜ ਕੇ ਖੜ੍ਹਿਆ ਹੈ। 
     ਉਨ੍ਹਾਂ ਕਿਹਾ ਕਿ ਬੇਸ਼ੱਕ ਇਹ ਲੋਕ ਟੈਂਕ ਚੜ੍ਹਾਉਣ ਤੋਪਾਂ ਚੜ੍ਹਾਉਂਣ ਸ੍ਰੀ ਅਕਾਲ ਤਖਤ ਸਾਹਿਬ ਅਨਿਆਂ ਦੇ ਖਿਲਾਫ ਅਵਾਜ਼ ਬੁਲੰਦ ਕਰਦਾ ਰਹੇਗਾ।  ਉਨ੍ਹਾਂ ਕਿਹਾ ਕਿ ਅੱਜ ਜਾਣ ਬੁੱਝ ਕੇ ਪੰਜਾਬ ਅੰਦਰ ਸਹਿਮ ਦਾ ਮਾਹੌਲ ਬਣਾਇਆ ਜਾ ਰਿਹਾ ਹੈ।
    ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ  ਨੇ ਸੰਗਤ ਨੂੰ ਆਦੇਸ਼ ਕਰਦਿਆਂ ਕਿਹਾ ਕਿ ਖਾਲਸਾ ਪ੍ਰਗਟ ਦਿਵਸ ਵਿਸਾਖੀ ਮੌਕੇ ਵੱਡੀ ਗਿਣਤੀ *ਚ ਸੰਗਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਤਾਂ ਜੋ ਸਰਕਾਰਾਂ ਨੂੰ ਕੌਮ ਦੀ ਸੰਗਠਿਤ ਸ਼ਕਤੀ ਦਾ ਅਹਿਸਾਸ ਹੋਵੇ। ਉਨ੍ਹਾਂ  ਕਿਹਾ ਕਿ ਕੋਈ ਵੀ ਮਸਲਾ ਵਿਵਾਦ ਨਾਲ ਨਹੀਂ ਬਲਕਿ ਸੰਵਾਦ ਨਾਲ ਹੱਲ ਹੁੰਦਾ ਹੈ ਅਤੇ ਸਰਕਾਰਾਂ ਨੂੰ ਪਹਿਲ ਕਰਨੀ ਚਾਹੀਦੀ ਹੈ ਕਿ ਉਹ ਸਿੱਖ ਕੌਮ ਨਾਲ ਸੰਵਾਦ ਕਰਨ ਅਤੇ ਜਿਹੜੀਆਂ ਧੱਕਸ਼ਾਹੀਆਂ ਸਿੱਖ ਕੌਮ ਨਾਲ ਹੋਈਆਂ ਹਨ ਉਨ੍ਹਾਂ ਨੂੰ ਹੱਲ ਕੀਤਾ ਜਾਵੇ।                                           
      ਉਨ੍ਹਾਂ ਕਿਹਾ ਕਿ 75 ਸਾਲਾਂ ‘ਚ ਸਰਕਾਰਾਂ ਨੇ ਸਿੱਖ ਕੌਮ ਨਾਲ 75 ਤੋਂ ਵੱਧ ਅਹਿਮ ਵਾਅਦੇ ਕੀਤੇ ਪਰ ਅਫਸੋਸ ਪੂਰਾ ਇੱਕ ਵੀ ਨਹੀਂ ਕੀਤਾ। ਉਨ੍ਹਾਂ  ਕਿਹਾ ਕਿ ਅੱਜ ਜਿਸ ਸਮੇਂ ਸਿੱਖ ਕੌਮ ਖਿਲਾਫ ਝੂਠੇ ਬਿਰਤਾਂਤ ਸਿਰਜੇ ਜਾ ਰਹੇ ਹਨ ਇਹ ਐਂਟੀ ਸਿੱਖ ਫੋਬੀਆ (ਸਿੱਖ ਵਿਰੋਧੀ ਨਜ਼ਰੀਆ) ਹੈ ਅਤੇ ਇਸ ਨੂੰ ਰੋਕਣ ਲਈ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ। ਸਿੰਘ ਸਾਹਿਬ ਨੇ  ਕਿਹਾ ਕਿ ਅਜਿਹੇ ਸੈਮੀਨਰ ਹੁਣ ਲਗਾਤਾਰ ਹੁੰਦੇ ਰਣਿਗੇ। 
     ਸਿੰਘ ਸਾਹਿਬ  ਨੇ ਕਿਹਾ ਕਿ ਤੁਰੰਤ ਪ੍ਰਭਾਵ ਅਧੀਨ ਸ਼੍ਰੋਮਣੀ ਕਮੇਟੀ ਨੂੰ ਉਨ੍ਹਾਂ ਵਿਅਕਤੀਆਂ ਖਿਲਾਫ ਪਰਚੇ ਦਰਜ਼ ਕਰਵਾਉਣੇ ਚਾਹੀਦੇ ਹਨ ਜਿਨ੍ਹਾਂ ਵੱਲੋਂ ਸਿੱਖ ਕੌਮ ਖਿਲਾਫ ਝੂਠਾ ਪ੍ਰਚਾਰ ਕੀਤਾ ਗਿਆ ਅਤੇ ਝੂਠੇ ਵਿਰਤਾਂਤ ਸਿਰਜੇ ਗਏ।
       ਇਸ ਇਕੱਤਰਤਾ ਵਿੱਚ ਬੋਲਦਿਆਂ ਉੱਘੇ ਪੱਤਰਕਾਰ ਹਮੀਰ ਸਿੰਘ ਨੇ ਕਿਹਾ  ਕਿ ਜਿਸ ਤਰੀਕੇ ਅੱਜ ਵਿਰਤਾਂਤ ਸੂਬੇ ਅੰਦਰ ਸਿਰਜੇ ਜਾ ਰਹੇ ਹਨ ਇਸੇ ਤਰੀਕੇ ਡਰ ਅਤੇ ਸਹਿਮ ਦਾ ਮਾਹੌਲ 1984 ਵਿੱਚ ਵੀ ਸਰਕਾਰ ਵੱਲੋਂ ਪੈਦਾ ਕੀਤਾ ਗਿਆ ਸੀ। 
       ਹਰਿਆਣਾ ਤੋਂ ਪੱਤਰਕਾਰ  ਮਨਦੀਪ ਪੂਨੀਆਂ ਨੇ  ਨੈਸ਼ਨਲ ਮੀਡੀਆ ਦਾ ਹਵਾਲਾ ਦਿੰਦਿਆਂ ਕਿਹਾ ਕਿ ਜ਼ਮੀਨੀ ਹਕੀਕਤ ਤੋਂ ਜਾਣੂ ਹੋਏ ਬਿਨਾਂ ਅੱਜ ਸਮਾਜ ਅੰਦਰ ਕਈ ਅਜਿਹੇ ਨੈਰੇਟਿਵ ਸਿਰਜੇ ਜਾਂਦੇ ਹਨ ਜਿਹੜੇ ਕਿ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਹੁੰਦੇ ਹਨ। ਜਸਪਾਲ ਸਿੰਘ ਨੇ ਵੀ ਪੱਤਰਕਾਰਾਂ ਦੇ ਬਿਆਨਾਂ ਨਾਲ ਸਹਿਮਤੀ ਪ੍ਰਗਟਾਉਂਦਿਆਂ ਕਿਹਾ ਕਿ ਇਸੇ ਤਰੀਕੇ 1984 *ਚ ਮੀਡੀਆ ਦੀ ਅਵਾਜ਼ ਨੂੰ ਦਬਾਇਆ ਗਿਆ ਸੀ । ਇਸ ਮੌਕੇ ਪ੍ਰਸਿੱਧ ਪੱਤਰਕਾਰ  ਪਰਮਿੰਦਰਪਾਲ ਸਿੰਘ ਦਿੱਲੀ ਨੇ ਦੱਸਿਆ  ਕਿ ਨੈਸ਼ਨਲ ਮੀਡੀਆ ਵੱਲੋਂ ਜਿਸ ਤਰੀਕੇ ਦਾ ਬਿਰਤਾਂਤ ਪੰਜਾਬ ਦੇ ਖਿਲਾਫ ਸਿਰਜਿਆ ਜਾ ਰਿਹਾ ਹੈ, ਇਹ ਮੰਦਭਾਗਾ ਹੈ। ਦੂਰਦਰਸ਼ਨ ਅੰਦਰ ਲੰਮਾਂ ਸਮਾਂ ਬਤੌਰ ਐਂਕਰ ਸੇਵਾਵਾਂ ਨਿਭਾਉਣ ਵਾਲੇ ਬੀਬੀ ਰਮਨਜੀਤ ਕੌਰ ਨੇ  ਸਰਕਾਰ ਦੀਆਂ ਧੱਕੇਸ਼ਾਹੀਆਂ ਦਾ ਪਰਦਾਫਾਸ਼ ਕੀਤਾ ।                                                                             
    ਸਰਕਾਰੀ ਧੱਕੇਸ਼ਾਹੀ ਦਾ ਸ਼ਿਕਾਰ ਹੋ ਚੁੱਕੇ  ਜਗਦੀਪ ਸਿੰਘ  ਥਲੀ ਨੇ  ਦੱਸਿਆ  ਕਿ ਪੰਜਾਬ ਪੱਖੀ ਪੱਤਰਕਾਰਾਂ ਨੂੰ ਆਰਥਿਕ ਅਤੇ ਮਾਨਸਿਕ ਤਸ਼ੱਦਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਜਸਪਾਲ ਸਿੰਘ ਹੇਰਾਂ ਨੇ ਬੋਲਦਿਆਂ ਕਿਹਾ ਕਿ ਅੱਜ ਦੇ ਸਮੇਂ ਅੰਦਰ ਨਵੇਂ ਪੱਤਰਕਾਰਾਂ ਨੂੰ ਆਪਣੇ ਖੇਤਰ ਵਿੱਚ ਨਿਪੁੰਨ ਕਰਨ ਲਈ ਅਜਿਹੇ ਸੈਮੀਨਰ ਕਰਵਾਏ ਜਾਣ। ਸਤਨਾਮ ਸਿੰਘ ਮਾਨਕ ਨੇ ਕਿਹਾ ਕਿ ਅਜੋਕੇ ਸਮੇਂ ਅੰਦਰ ਸਰਕਾਰਾਂ ਮੀਡੀਏ ਉੱਪਰ ਦਬਾਅ ਬਣਾਉਣ ਲਈ ਹਰ ਤਰ੍ਹਾਂ ਦੇ ਘਟੀਆ ਹਥਕੰਡੇ ਅਪਣਾ ਰਹੀਆਂ ਹਨ। ਜਿਸ ਦਾ ਸ਼ਿਕਾਰ ਅਜੀਤ ਵਰਗੇ ਅਖਬਾਰ ਸਮੂਹ ਨੂੰ ਵੀ ਹੋਣਾ ਪੈ ਰਿਹਾ ਹੈ।ਉਹਨਾਂ ਬੋਲਦਿਆਂ ਕਿਹਾ ਕਿ ਸੰਘੀ ਢਾਂਚੇ ਬਿਨਾ ਭਾਰਤ ਦਾ ਵਜੂਦ ਨਹੀਂ ਬਚੇਗਾ।                           
   ਇਸ ਮੌਕੇਂ ਪੱਤਰਕਾਰ  ਹਰਪ੍ਰੀਤ ਸਿੰਘ ਸਾਹਨੀ ਨੇ  ਕਿਹਾ ਕਿ ਪਿਛਲੇ ਦਿਨੀ ਪੰਜਾਬ ਅੰਦਰ ਜਿਸ ਤਰੀਕੇ ਦੇ ਬਿਰਤਾਂਤ ਸਿਰਜੇ ਗਏ ਉਸ ਪਿੱਛੇ ਇੱਕ ਘਟੀਆ ਮਾਨਸਿਕਤਾ ਕੰਮ ਕਰ ਰਹੀ ਹੈ। ਉਨ੍ਹਾਂ ਨੈਸ਼ਨਲ ਮੀਡੀਆ ਦਾ ਪਰਦਾਫਾਸ਼ ਕਰਦਿਆਂ ਕਿਹਾ ਕਿ ਬੀਤੇ ਦਿਨੀਂ ਖੰਨਾਂ ਦੇ ਐੱਸ.ਐੱਸ.ਪੀ. ਵੱਲੋਂ ਸਿੱਖ ਰਾਜ ਦੇ ਝੰਡਿਆਂ ਬਾਬਤ ਦਿੱਤੀ ਗਈ ਗਲਤ ਜਾਣਕਾਰੀ ਨੂੰ ਅਧਾਰ ਬਣਾ ਕੇ ਅੱਜ ਨੈਸ਼ਨਲ ਮੀਡੀਆ ਦੇਸ਼ ਦੁਨੀਆਂ ਅੰਦਰ ਕਿਸ ਤਰੀਕੇ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਿਸ ਤੋਂ ਸਿੱਖ ਕੌਮ ਨੂੰ ਸੁਚੇਤ ਹੋਣਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ *ਚ ਇੱਕਜੁੱਟ ਹੋਣਾ ਚਾਹੀਦਾ ਹੈ।
   ਇਸ ਮੌਕੇ  ਜਸਪਾਲ ਸਿੰਘ ਸਿੱਧੂ  ਨੇ  ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਇਹ ਇਕੱਤਰਤਾ ਸੱਦੀ ਗਈ ਹੈ । ਇਹ ਵਾਕਿਆ ਹੀ ਕੌਮ ਲਈ ਬਹੁਤ ਵਧੀਆ ਉਪਰਾਲਾ ਹੈ ਇਸ ਤਰੀਕੇ ਦੀਆਂ ਇਕੱਤਰਤਾਵਾਂ ਲਗਾਤਾਰ ਹੋਣੀਆਂ ਚਾਹੀਦੀਆਂ ਹਨ। ਪੰਜਾਬੀਅਤ ਪ੍ਰਤੀ ਦਰਦ ਰੱਖਣ ਵਾਲੇ ਨਾਮੀ ਪੱਤਰਕਾਰ ਦੀਪਕ ਚਨਾਰਥਲ ਨੇ  ਕਿਹਾ ਕਿ ਅੱਜ ਸਿਰਫ ਪੱਤਰਕਾਰਾਂ ਦੀ ਅਵਾਜ਼ ਹੀ ਦਬਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਬਲਕਿ ਪੰਜਾਬ ਦੀ ਅਵਾਜ਼ ਦਬਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਇਸ ਇਕੱਤਰਤਾ *ਚ ਇੰਨੀ ਵੱਡੀ ਗਿਣਤੀ *ਚ ਪੱਤਰਕਾਰਾਂ ਦਾ ਸ਼ਮੂਲੀਅਤ ਕਰਨਾ ਸਰਕਾਰ ਨੂੰ ਚੇਤਾਵਨੀ ਹੈ ਕਿ ਅਸੀਂ ਅਨਿਆਂ ਦੇ ਖਿਲਾਫ ਅਵਾਜ਼ ਬੁਲੰਦ ਕਰਦੇ ਰਹਾਂਗੇ ਫਿਰ ਭਾਵੇਂ ਉਸ ਲਈ ਸਾਨੂੰ ਆਪਣੀ ਜਾਨ ਵੀ ਕੁਰਬਾਨ ਕਿਉਂ ਨਾ ਕਰਨੀ ਪਵੇ।
     ਜਗਤਾਰ ਸਿੰਘ ਭੁੱਲਰ ਨੇ ਇਸ ਮੌਕੇ ਬੋਲਦਿਆਂ ਕਿਹਾ ਤਤਕਾਲੀ ਸਰਕਾਰਾਂ ਹਮੇਸ਼ਾ ਪੱਤਰਕਾਰਾਂ ਦੀਆਂ ਅਵਾਜ਼ਾਂ ਦਬਾਉਂਦੀਆਂ ਰਹੀਆਂ ਹਨ। ਪਰ ਲੋੜ ਹੈ ਕਿ ਇਸ ਸਰਕਾਰੀ ਤਸ਼ੱਦਦ ਦਾ ਅਸੀਂ ਡਟ ਕੇ ਸਾਹਮਣਾ ਕਰੀਏ। ਇਸੇ ਤਰ੍ਹਾਂ. ਸੰਦੀਪ ਸਿੰਘ ਨੇ  ਕਿਹਾ ਕਿ ਅੱਜ ਮੀਡੀਆ ਅਦਾਰਿਆਂ ਵੱਲੋਂ ਬਿਨਾਂ ਕਿਸੇ ਅਧਾਰ ਤੇ ਖਬਰ ਨੂੰ ਪ੍ਰਕਾਸ਼ਿਤ ਕਰ ਦਿੱਤਾ ਜਾਂਦਾ ਹੈ ਪਰ ਸਰਕਾਰੀ ਤੰਤਰ ਸਭ ਕੁਝ ਜਾਣਦੇ ਹੋਏ ਵੀ ਚੁੱਪ ਰਹਿੰਦਾ ਹੈ ।
     ਗੰਗਵੀਰ ਸਿੰਘ ਰਾਠੌੜ ਨੇ ਤੱਥਾਂ ਸਮੇਤ ਦੱਸਿਆ ਕਿ ਕਿਸ ਤਰੀਕੇ ਨੈਸ਼ਨਲ ਮੀਡੀਆ ਝੂਠੇ ਬਿਰਤਾਂਤ ਖੜ੍ਹੇ ਕਰਦਾ ਹੈ। ਇਸ ਮੌਕੇ ਨੈਸ਼ਨਲ ਮੀਡੀਆ ਵੱਲੋਂ ਵਾਰ ਵਾਰ ਸਿੱਖ ਕੌਮ ਖਿਲਾਫ ਵੱਖਵਾਦੀ ਕਹਿ ਕੇ ਸਿਰਜੇ ਜਾ ਰਹੇ ਬਿਰਤਾਂਤ ਦਾ ਪਰਦਾਫਾਸ਼ ਕਰਦਿਆਂ ਕਿਹਾ ਕਿ ਵੱਖਵਾਦੀ ਵਾਲਾ ਰਵੱਈਆ ਸਿੱਖ ਕੌਮ ਨਹੀਂ ਬਲਕਿ ਸਰਕਾਰ ਅਪਣਾ ਰਹੀ ਹੈ। ਜਿਸ ਵੱਲੋਂ ਹਰ ਵਾਰ ਪੰਜਾਬ ਪੰਜਾਬੀਅਤ ਦੇ ਅਧਿਕਾਰਾਂ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ।
   ਵਿਦੇਸ਼ ਅੰਦਰ ਨਾਮੀ ਅਦਾਰੇ ਸੰਗਤ ਟੀ.ਵੀ. ਵੱਲੋਂ ਪਹੁੰਚੇ ਸ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਸਿੱਖ ਕੌਮ ਦੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਵਿਦੇਸ਼ ਅੰਦਰ ਦਸਤਾਰ ਦੇ ਸਤਿਕਾਰ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਅੱਜ ਆਪਣਿਆਂ ਵੱਲੋਂ ਹੀ ਸਾਨੂੰ ਦੂਜੇ ਦਰਜੇ ਦੇ ਸ਼ਹਿਰੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਸ. ਮੇਜਰ ਸਿੰਘ ਨੇ ਇਸ ਮੌਕੇ ਸਰਕਾਰੀ ਤਸ਼ੱਦਦ ਨੂੰ ਬਿਆਨ ਕਰਦਿਆਂ ਦੱਸਿਆ ਕਿ ਅੱਜ ਜਿਸ ਤਰੀਕੇ ਸਹਿਮ ਦਾ ਮਾਹੌਲ ਪੱਤਰਕਾਰਾਂ ਦੇ ਘਰਾਂ ਅੰਦਰ ਬਣਾਇਆ ਜਾ ਰਿਹਾ ਹੈ ਇਹ ਨਵੇਂ ਪੱਤਰਕਾਰਾਂ ਨੂੰ ਇਸ ਪੇਸ਼ੇ ਤੋਂ ਦੂਰ ਕਰਨ ਦੀ ਵੀ ਸਾਜ਼ਿਸ਼ ਹੈ। ਇਸ ਮੌਕੇ  ਪ੍ਰੀਤ ਸੈਣੀ ਨੇ ਬੀਤੇ ਦਿਨੀਂ ਆਪਣੇ ਤੇ ਹੋਏ ਤਸ਼ੱਦਦ ਨੂੰ ਬਿਆਨ ਕੀਤਾ।
   ਇਸ ਮੌਕੇ ਸਟੇਜ ਸੰਚਾਲਨ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਸ ਦੇ ਮੁਖੀ ਭਾਈ ਪਰਮਪਾਲ ਸਿੰਘ ਸਭਰਾ ਨੇ ਕੀਤਾ। ਅੰਤ ਵਿੱਚ ਧੰਨਵਾਦੀ ਸ਼ਬਦ ਕੌਮ ਦੇ ਵਿਦਵਾਨ ਡਾ. ਸੁਖਪ੍ਰੀਤ ਸਿੰਘ ਉੱਦੋਕੇ ਨੇ ਕਹੇ। ਉਨ੍ਹਾਂ ਕਿਹਾ ਕਿ ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਅਗਵਾਈ ਵਿੱਚ ਸਮੁੱਚੇ ਪੰਥ ਨੂੰ ਇਕਜੁੱਟ ਹੋ ਕੇ ਅਨਿਆਂ ਦੇ ਖਿਲਾਫ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ।
   ਇਸ ਵਿਸ਼ੇਸ਼ ਇਕੱਤਰਤਾ ‘ਚ  ਗੁਰਪ੍ਰੀਤ ਸਿੰਘ ਝੱਬਰ ਮੈਂਬਰ ਸ਼੍ਰੋਮਣੀ ਗੁ. ਕਮੇਟੀ, ਜਗਸੀਰ ਸਿੰਘ ਮਾਂਗੇਆਣਾ ਮੈਂਬਰ ਸ਼੍ਰੋਮਣੀ ਕਮੇਟੀ,  ਅਵਤਾਰ ਸਿੰਘ ਬਣਵਾਲਾ ਮੈਂਬਰ ਸ਼੍ਰੋਮਣੀ ਕਮੇਟੀ, ਕਰਨੈਲ ਸਿੰਘ ਪੀਰ ਮੁਹੰਮਦ ਮੈਂਬਰ ਪੰਥਕ ਬੋਰਡ,  ਹਰਵਿੰਦਰ ਸਿੰਘ ਖਾਲਸਾ ਸਿੱਖ ਚਿੰਤਕ,  ਚੰਚਲ ਮਨੋਹਰ ਸਿੰਘ, ਸਿਮਰਨਜੀਤ ਸਿੰਘ ਕੋਟਕਪੂਰਾ, ਰਤਨਦੀਪ ਸਿੰਘ ਧਾਲੀਵਾਲ, ਸੁਖਦੇਵ ਸਿੰਘ ਫਗਵਾੜਾ , ਮਨੀਸ਼ ਗਰਗ, ਬਖਤੌਰ ਸਿੰਘ ਢਿੱਲੋਂ,  ਕੁਲਬੀਰ ਸਿੰਘ ਬੀਰਾ ਆਦਿ ਸਮੇਤ ਵੱਡੀ ਗਿਣਤੀ ਪੱਤਰਕਾਰ ਅਤੇ ਹੋਰ ਮਹੱਤਵਪੂਰਨ ਸ਼ਖਸੀਅਤਾਂ ਹਾਜ਼ਰ ਸਨ।
Advertisement
Advertisement
Advertisement
Advertisement
Advertisement
error: Content is protected !!