ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਬੱਜਟ ਦਿਸ਼ਾਹੀਣ ਕਰਾਰ
ਰਘਵੀਰ ਹੈਪੀ , ਬਰਨਾਲਾ 12 ਮਾਰਚ 2023
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜਿਲ੍ਹਾ ਬਰਨਾਲਾ ਇਕਾਈ ਦੀ ਜਰੂਰੀ ਮੀਟਿੰਗ ਚਿੰਟੂ ਪਾਰਕ ਬਰਨਾਲਾ ਵਿਖੇ ਜਿਲ੍ਹਾ ਪ੍ਰਧਾਨ ਹਰਿੰਦਰ ਮੱਲ੍ਹੀਆਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਆਗੂਆਂ ਨੇ ਬੱਜਟ ਬਾਰੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਆਪ ਸਰਕਾਰ ਵੱਲੋਂ ਪੇਸ਼ ਕੀਤੇ ਬੱਜਟ ਨੇ ਮੁਲਾਜ਼ਮਾਂ ਦੇ ਪੱਲੇ ਨਿਰਾਸ਼ਾ ਹੀ ਪਾਈ ਹੈ। ਉਹਨਾਂ ਕਿਹਾ ਕਿ ਜਿੱਥੇ ਇਸ ਬੱਜਟ ਵਿੱਚ ਮੁਲਾਜ਼ਮਾਂ ਦੇ ਤਨਖਾਹ ਕਮਿਸ਼ਨ ਦੇ ਬਕਾਇਆ ਬਾਰੇ ਸਾਜਿਸ਼ੀ ਚੁੱਪੀ , ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਤਜ਼ਵੀਜ ਦੀ ਅਣਹੋਂਦ, ਬੇਰੁਜ਼ਗਾਰਾਂ ਲਈ ਨੌਕਰੀਆਂ ਬਾਰੇ ਕੋਈ ਫੰਡ ਨਾ ਰੱਖ ਕੇ ਨੌਜਵਾਨਾਂ ਨਾਲ ਧੋਖਾ ਕੀਤਾ ਹੈ, ਉੱਥੇ ਆਮਦਨ ਤੇ ਖਰਚ ਵਿੱਚ 73000 ਕਰੋੜ ਦਾ ਅੰਤਰ ਆਉਣ ਵਾਲੇ ਸਮੇਂ ਵਿੱਚ ਸੂਬੇ ਨੂੰ ਹੋਰ ਕਰਜੇ ਵਿੱਚ ਧੱਕਣ ਲਈ ਰਾਹ ਖੁੱਲਾ ਛੱਡ ਦਿੱਤਾ ਹੈ।
ਸਰਕਾਰ ਦੀ ਸੂਬੇ ਨੂੰ ਕਰਜੇ ਹੇਠੋਂ ਕੱਢਣ ਲਈ ਕੋਈ ਠੋਸ ਤਜ਼ਵੀਜ ਵੀ ਨਹੀਂ ਹੈ।
ਜੱਥੇਬੰਦੀ ਦੇ ਜਿਲ੍ਹਾ ਜਨਰਲ ਸਕੱਤਰ ਕੁਸ਼ਲ ਸਿੰਘੀ, ਅਮਰੀਕ ਸਿੰਘ ਭੱਦਲਵੱਡ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਪੰਜਾਬ ਦੇ ਖਜ਼ਾਨੇ ਦਾ ਪੈਸਾ ਫੋਕੀ ਇਸ਼ਤਿਹਾਰਬਾਜੀ ਤੇ ਖਰਚ ਕੀਤਾ ਜਾ ਰਿਹਾ ਹੈ ਅਤੇ ਆਪਣੇ ਮੰਤਰੀਆਂ, ਵਿਧਾਇਕਾਂ ਦੇ ਫਜ਼ੂਲ ਖਰਚਿਆਂ ਤੇ ਕੋਈ ਰੋਕ ਨਹੀਂ ਲਗਾਈ ਜਾ ਰਹੀ ਪਰ ਛੋਟੇ ਮੁਲਾਜ਼ਮਾਂ ਦੇ ਬਣਦੇ ਜਾਇਜ ਹੱਕਾਂ ਤੇ ਵੱਡਾ ਡਾਕਾ ਮਾਰਿਆ ਜਾ ਰਿਹਾ ਹੈ ਜਿਸ ਨੂੰ ਮੁਲਾਜ਼ਮ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਤੇਜਿੰਦਰ ਸਿੰਘ ਤੇਜੀ, ਜਗਤਾਰ ਸਿੰਘ ਪੱਤੀ, ਏਕਮਪ੍ਰੀਤ ਸਿੰਘ ਭੋਤਨਾ, ਸਤੀਸ਼ ਕੁਮਾਰ ਸਹਿਜੜਾ, ਹੈਡ ਮਾਸਟਰ ਰਾਕੇਸ਼ ਕੁਮਾਰ, ਰਾਜਵਿੰਦਰ ਸਿੰਘ, ਜਗਦੀਪ ਸਿੰਘ ਭੱਦਲਵੱਡ, ਸਤਨਾਮ ਸਿੰਘ ਭੋਤਨਾ, ਹੇਮੰਤ ਕੌੜਾ, ਚਮਕੌਰ ਸਿੰਘ ਭੋਤਨਾ, ਵਿਕਾਸ ਕੁਮਾਰ ਆਦਿ ਆਗੂ ਹਾਜਰ ਸਨ।