ਰਘਵੀਰ ਹੈਪੀ , ਬਰਨਾਲਾ, 11 ਮਾਰਚ 2023
ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਅਦਾਰੇ ਨਹਿਰੂ ਯੁਵਾ ਕੇਂਦਰ ਬਰਨਾਲਾ ਵਲੋਂ ਰਾਸ਼ਟਰੀ ਯੁਵਾ ਵਲੰਟੀਅਰ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਜ਼ਿਲ੍ਹਾ ਯੂਥ ਅਫਸਰ ਮੈਡਮ ਓਮਕਾਰ ਸਵਾਮੀ ਨੇ ਦੱਸਿਆ ਕਿ ਰਾਸ਼ਟਰੀ ਯੁਵਾ ਵਲੰਟੀਅਰ ਦੀ ਭਰਤੀ ਲਈ ਪਹਿਲਾਂ 9 ਮਾਰਚ ਆਖਰੀ ਮਿਤੀ ਸੀ, ਪਰ ਹੁਣ ਇਸ ਮਿਤੀ ਵਿਚ ਵਾਧਾ ਕਰ ਦਿੱਤਾ ਗਿਆ ਹੈ। ਨਹਿਰੂ ਯੁਵਾ ਕੇਂਦਰ ਸੰਗਠਨ ਨਵੀਂ ਦਿੱਲੀ ਤੋਂ ਮਿਲੇ ਨਿਰਦੇਸ਼ਾਂ ਅਨੁਸਾਰ ਹੁਣ ਰਾਸ਼ਟਰੀ ਯੁਵਾ ਵਲੰਟੀਅਰ ਦੀ ਭਰਤੀ ਲਈ 15 ਦਿਨ ਹੋਰ ਵਧਾ ਦਿਤੇ ਗਏ ਹਨ ਅਤੇ ਹੁਣ ਆਖਰੀ ਮਿਤੀ 24 ਮਾਰਚ ਹੈ। ਮੈਡਮ ਓਮਕਾਰ ਸਵਾਮੀ ਨੇ ਦੱਸਿਆ ਕਿ ਇਸ ਭਰਤੀ ਲਈ ਬਿਨੈਕਾਰ ਘੱਟੋ ਘੱਟ 10ਵੀਂ ਪਾਸ ਹੋਣਾ ਚਾਹੀਦਾ ਹੈ। ਉਮਰ 1 ਅਪ੍ਰੈਲ 2023 ਨੂੰ 18 ਸਾਲ ਤੋਂ 29 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ। ਕੋਈ ਵੀ ਰੈਗੂਲਰ ਭਰਤੀ ਵਾਲਾ ਵਿਦਿਆਰਥੀ ਇਸ ਭਰਤੀ ਲਈ ਯੋਗ ਨਹੀਂ ਹੈ। ਉਨ੍ਹਾਂ ਦੱਸਿਆ ਕਿ ਐਨ ਸੀ ਸੀ, ਐਨ ਐਸ ਐਸ ਅਤੇ ਯੂਥ ਕਲੱਬਾਂ ਵਿਚ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਪਹਿਲ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸੱਭਿਆਚਾਰ ਜਾਂ ਹੋਰ ਸਮਾਜਿਕ ਮੁੱਦਿਆਂ ਵਿਚ ਪਹਿਲਾਂ ਤੋਂ ਭਾਗ ਲੈ ਰਹੇ ਨੌਜਵਾਨਾਂ ਨੂੰ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹਰ ਬਲਾਕ ਲਈ ਦੋ ਵਲੰਟੀਅਰ ਅਤੇ ਦੋ ਵਲੰਟੀਅਰ ਦਫ਼ਤਰੀ ਕੰਮ ਲਈ ਭਰਤੀ ਕੀਤੇ ਜਾਣਗੇ ਭਾਵ ਬਰਨਾਲਾ ਜ਼ਿਲ੍ਹੇ ਲਈ ਕੱੁਲ 8 ਵਲੰਟੀਅਰ ਭਰਤੀ ਕੀਤੇ ਜਾਣੇ ਹਨ। ਰਾਸ਼ਟਰੀ ਯੁਵਾ ਵਲੰਟੀਅਰ ਨੂੰ 5000 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦਿੱਤਾ ਜਾਵੇਗਾ। ਇਹ ਨਾ ਤਾਂ ਕੋਈ ਪੇਡ ਰੁਜ਼ਗਾਰ ਹੈ ਅਤੇ ਨਾ ਹੀ ਵਲੰਟੀਅਰ ਨੂੰ ਸਰਕਾਰ ਕੋਲ ਰੁਜ਼ਗਾਰ ਦਾ ਦਾਅਵਾ ਕਰਨ ਦਾ ਕੋਈ ਕਾਨੂੰਨੀ ਅਧਿਕਾਰ ਪ੍ਰਦਾਨ ਕਰਦਾ ਹੈ। ਰਾਸ਼ਟਰੀ ਯੂਥ ਵਲੰਟੀਅਰ ਲਈ ਅਪਲਾਈ ਕਰਨ ਲਈ www.nyks.nic.in ਵੈਬਸਾਈਟ ਉਤੇ ਰਜਿਸਟਰ ਕੀਤਾ ਜਾ ਸਕਦਾ ਹੈ। ਵਧੇਰੇ ਜਾਣਕਾਰੀ ਲਈ ਨਹਿਰੂ ਯੁਵਾ ਕੇਂਦਰ ਬਰਨਾਲਾ ਦੇ ਦਫਤਰ ਨੇੜੇ ਮਾਛੀਕਾ ਵਰਕਸ਼ਾਪ ਵਿਖੇ ਦਫ਼ਤਰੀ ਸਮੇਂ ਦੌਰਾਨ ਸੰਪਰਕ ਕੀਤਾ ਜਾ ਸਕਦਾ ਹੈ।