ਰਵੀ ਸੈਣ , ਬਰਨਾਲਾ, 11 ਮਾਰਚ 2023
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਲਾਕ ਸ਼ਹਿਣਾ ਵੱਲੋਂ ਫਸਲੀ ਵਿਭਿੰਨਤਾ ਸਕੀਮ ਤਹਿਤ ਕੁਦਰਤੀ ਖੇਤੀ ਤੇ ਹਾੜ੍ਹੀ ਦੀਆਂ ਫਸਲਾਂ ਸਬੰਧੀ ਪਿੰਡ ਜੰਗੀਆਣਾ ਵਿਖੇ ਬਲਾਕ ਖੇਤੀਬਾੜੀ ਅਫਸਰ ਸ਼ਹਿਣਾ ਡਾ. ਗੁਰਚਰਨ ਸਿੰਘ ਦੀ ਅਗਵਾਈ ਹੇਠ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ’ਚ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਜਗਦੀਸ਼ ਸਿੰਘ ਨੇ ਸ਼ਿਰਕਤ ਕਰਦਿਆਂ ਕਿਸਾਨਾਂ ਨੂੰ ਜੈਵਿਕ ਖੇਤੀ ਦੀ ਮਹੱਤਤਾ ਸਬੰਧੀ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਜੈਵਿਕ ਖੇਤੀ ਦਾ ਉਦੇਸ਼ ਕਿਸਾਨਾਂ ਨੂੰ ਕੁਦਰਤ ਨਾਲ ਜੋੜ ਕੇ ਰਸਾਇਣਕ ਖਾਦਾਂ ਤੇ ਜ਼ਹਿਰਾਂ ਤੋਂ ਨਿਜਾਤ ਦਿਵਾਉਣਾ ਹੈ। ਜ਼ਹਿਰ ਮੁਕਤ ਖੇਤੀ ਨਾਲ ਜਿੱਥੇ ਧਰਤੀ ਸਿਹਤਮੰਦ ਹੋਵੇਗੀ, ਉੱਥੇ ਪੈਦਾ ਹੋਈ ਉੱਪਜ ਮਿਆਰੀ ਹੋਵੇਗੀ।
ਇਸ ਮੌਕੇ ਬਲਾਕ ਖੇਤੀਬਾੜੀ ਅਫਸਰ ਡਾ. ਗੁਰਚਰਨ ਸਿੰਘ ਨੇ ਕਿਹਾ ਕਿ ਕਿਸਾਨ ਵੱਧ ਤੋਂ ਵੱਧ ਰਕਬਾ ਮੱਕੀ, ਦਾਲਾਂ ਤੇ ਬਾਸਮਤੀ ਆਦਿ ਬੀਜਦੇ ਹੋਏ ਫਸਲੀ ਵਿਭਿੰਨਤਾ ਅਪਣਾਉਣ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਫਸਲਾਂ ਦੀ ਬਿਜਾਈ ਕਰਨ ਨਾਲ ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ ’ਚ ਵਾਧਾ ਹੁੰਦਾ ਹੈ, ਉੱਥੇ ਦਾਲਾਂ, ਸਬਜ਼ੀਆਂ ਆਪਣੇ ਖੇਤ ’ਚ ਪੈਦਾ ਕਰਕੇ ਕਿਸਾਨ ਆਪਣੀ ਸਿਹਤ ’ਚ ਸੁਧਾਰ ਦੇ ਨਾਲ-ਨਾਲ ਆਰਥਿਕ ਪੱਖੋ ਵੀ ਮਜ਼ਬੂਤ ਹੋ ਸਕਦੇ ਹਨ। ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ ਸੁਖਦੀਪ ਸਿੰਘ ਨੇ ਕਣਕ, ਸਰ੍ਹੋਂ ਆਦਿ ਮੌਜੂਦਾਂ ਫਸਲਾਂ ਉੱਪਰ ਆਉਣ ਵਾਲੀਆਂ ਸਮੱਸਿਆਵਾਂ ਦੇ ਢੁਕਵੇਂ ਹੱਲ ਤੇ ਚੂਹਿਆਂ ਦੀ ਰੋਕਥਾਮ ਸਬੰਧੀ ਨੁਕਤੇ ਸਾਂਝੇ ਕੀਤੇ। ਬਲਾਕ ਟੈਕਨਾਲੋਜੀ ਮੈਨੇਜਰ ਜਸਵਿੰਦਰ ਸਿੰਘ ਨੇ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਦੇ ਨਾਲ-ਨਾਲ ਸਹਾਇਕ ਧੰਦੇ ਅਪਣਾਉਣ ’ਤੇ ਜ਼ੋਰ ਦਿੰਦਿਆਂ ਆਤਮਾ ਤਹਿਤ ਵੱਖ-ਵੱਖ ਵਿਭਾਗਾਂ ਵੱਲੋਂ ਦਿੱਤੀਆਂ ਜਾਂਦੀਆਂ ਸਿਖਲਾਈਆਂ ਤੇ ਪ੍ਰਭਾਵੀ ਦੌਰਿਆਂ ਬਾਰੇ ਜਾਣੂ ਕਰਵਾਇਆ।
ਮੱਛੀ ਪਾਲਣ ਅਫਸਰ ਲਵਪ੍ਰੀਤ ਸਿੰਘ ਨੇ ਕਿਸਾਨਾਂ ਨੂੰ ਮੱਛੀ ਪਾਲਣ ਲਈ ਦਿੱਤੀ ਜਾਂਦੀ ਸਿਖਲਾਈ ਤੇ ਸਬਸਿਡੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ ਨਵਜੀਤ ਸਿੰਘ, ਸਹਾਇਕ ਟੈਕਨਾਲੋਜੀ ਮੈਨੇਜਰ ਸੁਖਪਾਲ ਸਿੰਘ, ਬੇਲਦਾਰ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।