ਬੈਂਕ ਵਿੱਚੋਂ ਰੁਪੱਈਏ ਕੱਢਵਾ ਕੇ ਜਾਂਦੇ ਸਮੇਂ ਰਾਹ ‘ਚੋਂ ਲਾਪਤਾ ਹੋਏ ਤਿੰਨ ਨੌਜਵਾਨ ਦੀ ਸੂਹ ਲਾਉਣ ‘ਚ ਜੁਟੀ ਪੁਲਿਸ
ਵਰਮਾ , ਧਨੌਲਾ ( ਬਰਨਾਲਾ ) 23 ਫਰਵਰੀ 2023
ਸਟੇਟ ਬੈਂਕ ਆਫ ਇੰਡੀਆ (SBI) ਦੀ ਧਨੌਲਾ ਸ਼ਾਖਾ ‘ਚੋਂ ਲੱਖਾਂ ਰੁਪਏ ਦੀ ਰਾਸ਼ੀ ਕੱਢਵਾ ਕੇ ਜਾਂਦੇ ਕਾਲੇਕੇ ਪਿੰਡ ਦੇ ਤਿੰਨ ਨੌਜਵਾਨ ਲੰਘੀ ਕੱਲ੍ਹ ਬਾਅਦ ਦੁਪਿਹਰ ਭੇਦਭਰੀ ਹਾਲਤ ਵਿੱਚ ਲਾਪਤਾ ਹੋ ਗਏ। ਪੁਲਿਸ ਨੇ ਸੂਚਨਾ ਮਿਲਦਿਆਂ ਹੀ ਥਾਣਾ ਧਨੌਲਾ ਵਿਖੇ ਰਪਟ ਦਰਜ਼ ਕਰਕੇ, ਪੁਲਿਸ ਉਨਾਂ ਦੀ ਸੂਹ ਲਗਾਉਣ ਵਿੱਚ ਜੁਟ ਗਈ। ਜਦੋਂਕਿ ਖਬਰ ਲਿਖੇ ਜਾਣ ਤੱਕ ਲਾਪਤਾ ਹੋਏ ਨੌਜਵਾਨਾਂ ਦਾ ਕੋਈ ਥਹੁ ਪਤਾ ਨਹੀਂ ਲੱਗ ਸਕਿਆ। ਲਾਪਤਾ ਤਿੰਨੋਂ ਨੌਜਵਾਨਾਂ ਦੇ ਪਰਿਵਾਰ ਅਤੇ ਪਿੰਡ ਵਿੱਚ ਵੀ ਸਹਿਮ ਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਪ੍ਰਾਪਤ ਸੂਚਨਾ ਅਨੁਸਾਰ ਰਾਜੇਸ਼ ਕੁਮਾਰ (ਰਿੰਕੂ) 23 ਪੁੱਤਰ ਪ੍ਰਕਾਸ਼ ਚੰਦ , ਇੰਦਰਜੀਤ (ਹੈਪੀ) 21 ਪੁੱਤਰ ਦਿਲਵਾਰ ਰਾਮ ਤੇ ਦੀਪਕ (ਨੰਨੂ) 22 ਪੁੱਤਰ ਅਮਰਜੀਤ ਸਰਮਾ ਸਾਰੇ ਵਾਸੀ ਪਿੰਡ ਕਾਲੇਕੇ ਦੇ ਰਹਿਣ ਵਾਲੇ ਹਨ। ਜਦੋਂ ਕਿ ਇੰਨਾਂ ਵਿੱਚੋ ਇੱਕ ਨੌਜਵਾਨ ਇੰਦਰਜੀਤ ਉਰਫ਼ ਹੈਪੀ ਪਿੰਡ ਕਾਲੇਕੇ ਅੰਦਰ ਦੁੱਧ ਦਾ ਕਾਰੋਬਾਰ ਕਰਦੇ ਜਗਸੀਰ ਸਿੰਘ ਜਗਤੇਕਾ ਕੋਲ ਮੁਲਾਜਮ ਦੇ ਤੌਰ ਤੇ ਕੰਮ ਕਰਦਾ ਸੀ। ਜਗਸੀਰ ਸਿੰਘ ਨੇ ਕਿਸੇ ਪ੍ਰੋਗਰਾਮ ਵਿੱਚ ਮਸਰੂਫ ਹੋਣ ਕਾਰਨ ਆਪਣੇ ਮੁਲਾਜਮ ਇੰਦਰਜੀਤ ਹੈਪੀ ਨੂੰ ਚੈੱਕ ਰਾਹੀਂ ਕਰੀਬ 4 ਲੱਖ 50 ਹਜਾਰ ਰੁਪਏ ਕਢਵਾਉਣ ਲਈ ਧਨੌਲਾ ਸਥਿਤ ਐਸ.ਬੀ.ਆਈ. ਦੀ ਬੈਂਕ ਵਿੱਚ ਸ਼ਾਮ ਤਿੰਨ ਕੁ ਵਜੇ ਭੇਜਿਆ ਸੀ। ਬੈਂਕ ਅਧਿਕਾਰੀਆਂ ਅਨੁਸਾਰ ਇੰਦਰਜੀਤ ਉਰਫ਼ ਹੈਪੀ ਵੱਲੋ ਪੈਸੇ ਕਢਵਾਉਣ ਉਪਰੰਤ, ਉੱਥੋਂ ਚਲਿਆ ਗਿਆ ਸੀ।
ਪਰੰਤੂ ਤਿੰਨੋਂ ਨੌਜਵਾਨ ਭੇਦਭਰੀ ਹਾਲਤਾਂ ਵਿੱਚ ਲਾਪਤਾ ਹੋ ਗਏ। ਪਰਿਵਾਰਿਕ ਮੈਂਬਰਾਂ ਨੇ ਕਾਫੀ ਉਡੀਕ ਤੋਂ ਬਾਅਦ ਆਪਣੇ ਪੱਧਰ ਤੇ ਤਲਾਸ ਵੀ ਕੀਤੀ। ਪਰੰਤੂ ਜਦੋਂ ਕੋਈ ਸੁਰਾਗ ਨਾ ਮਿਲਿਆ ਤਾਂ ਉਨਾਂ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ। ਥਾਣਾ ਧਨੌਲਾ ਦੇ ਐਸ.ਐਚ.ੳ. ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਨੌਜਵਾਨਾਂ ਦੇ ਲਾਪਤਾ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਰਪਟ ਦਰਜ਼ ਕਰਕੇ,ਨੌਜਵਾਨਾਂ ਦੀ ਤਲਾਸ਼ ਲਈ ਵਿੱਢ ਦਿੱਤੀ ਹੈ।