ਵਾਰਦਾਤ ਵਿੱਚ ਵਰਤਿਆ ਸਮਾਨ ਬਰਾਮਦ , ਹੁਣ ਲੁੱਟਿਆ ਮਾਲ ਬਰਾਮਦ ਕਰਵਾਉਣ ‘ਚ ਲੱਗੀ ਪੁਲਿਸ
ਰਘਵੀਰ ਹੈਪੀ , ਬਰਨਾਲਾ 10 ਜਨਵਰੀ 2023
ਕਰੀਬ ਦੋ ਹਫਤੇ ਪਹਿਲਾਂ ਤਪਾ ਮੰਡੀ ‘ਚ ਇੱਕ ਜਵੈਲਰ ਸੰਦੀਪ ਕੁਮਾਰ ਦੀ ਦੁਕਾਨ ਤੋਂ ਉਸ ਦੀ ਕੁੱਟਮਾਰ ਕਰਕੇ,ਸੋਨਾ ਲੁੱਟ ਕੇ ਲੈ ਜਾਣ ਵਾਲੇ ਦੋ ਲੁਟੇਰਿਆਂ ਨੂੰ ਸੀਆਈਏ ਦੀ ਟੀਮ ਨੇ ਵਾਰਦਾਤ ਵਿੱਚ ਵਰਤੇ ਸਮਾਨ ਸਣੇ ਗਿਰਫਤਾਰ ਕਰ ਲਿਆ ਹੈ। ਪੁਲਿਸ ਹੁਣ ਲੁਟੇਰਿਆਂ ਤੋਂ ਸਖਤੀ ਨਾਲ ਪੁੱਛਗਿੱਛ ਕਰਕੇ ਲੁੱਟਿਆ ਸੋਨਾ ਬਰਾਮਦ ਕਰਵਾਉਣ ਵਿੱਚ ਜੁਟ ਗਈ ਹੈ। ਦਿਨ ਦਿਹਾੜੇ ਹੋਈ ਇਸ ਵਾਰਦਾਤ ਤੋਂ ਬਾਅਦ ਤਪਾ ਸ਼ਹਿਰ ਹੀ ਨਹੀਂ। ਬਲਕਿ ਇਲਾਕੇ ਅੰਦਰ ਹੀ ਅੰਦਰ ਸਹਿਮ ਅਤੇ ਪੁਲਿਸ ਖਿਲਾਫ ਰੋਸ ਦਾ ਮਾਹੌਲ ਬਣ ਗਿਆ ਸੀ। ਸ਼ਹਿਰ ਵਾਸੀਆਂ ਨੇ ਲੁਟੇਰਿਆਂ ਨੂੰ ਫੜਣ ਲਈ ਮੁਕੰਮਲ ਬੰਦ ਕਰਕੇ,ਲੁੱਟ-ਖੋਹ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਭੇਜਣ ਲਈ ਸੰਘਰਸ਼ ਸ਼ੁਰੂ ਕਰ ਦਿੱਤਾ ਸੀ। ਇਸ ਵਾਰਦਾਤ ਨੂੰ ਵੱਡੀ ਚੁਣੌਤੀ ਵਜੋਂ ਲੈਂਦਿਆਂ ਜਿਲਾ ਪੁਲਿਸ ਮੁਖੀ ਸੰਦੀਪ ਮਲਿਕ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਾਰਦਾਤ ਨੂੰ ਟਰੇਸ਼ ਕਰਨ ਲਈ ਰਮਨੀਸ਼ ਚੌਧਰੀ ਐਸ ਪੀ ਡੀ ਬਰਨਾਲਾ ,ਡੀਐਸਪੀ ਰਵਿੰਦਰ ਸਿੰਘ ਰੰਧਾਵਾਂ, ਸੀਆਈਏ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ, ਐਸਐਚੳ ਤਪਾ ਇੰਸਪੈਕਟਰ ਨਿਰਮਲਜੀਤ ਸਿੰਘ ਸੰਧੂ ਦੀਆਂ ਟੀਮਾਂ ਬਣਾਈਆਂ ਗਈਆਂ, ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਸਨਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਬੁਰਜ ਮਾਨਸ਼ਾਹੀਆ ਬਠਿੰਡਾ ਨੂੰ ਤੱਥਾਂ ਦੇ ਆਧਾਰ ਤੇ ਨਾਮਜ਼ਦ ਕਰਕੇ ਦੋਸ਼ੀਆਂ ਦੇ ਘਰਾਂ ਤੇ ਛਾਪੇਮਾਰੀ ਕੀਤੀ ਗਈ। ਇਸ ਮੌਕੇ ਡੀਐਸਪੀ ਰਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਪੁਲਿਸ ਸੋਰਸ ਦੀ ਇਤਲਾਹ ਤੇ ਮੁੱਖ ਅਫ਼ਸਰ ਨਿਰਮਲਜੀਤ ਸਿੰਘ ਸੰਧੂ ਅਤੇ ਸੀ ਆਈ ਏ ਬਰਨਾਲਾ ਦੇ ਇੰਚਾਰਜ ਬਲਜੀਤ ਸਿੰਘ ਨੇ ਦੋਸ਼ੀ ਸਨਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਨੂੰ ਰਾਮਪੁਰਾ ਰੇਲਵੇ ਸਟੇਸ਼ਨ ਦੇ ਨੇੜੇ ਤੋਂ ਗ੍ਰਿਫਤਾਰ ਕੀਤਾ ਹੈ ਅਤੇ ਦੋਸ਼ੀਆਂ ਤੋਂ ਵਾਰਦਾਤ ਵਿੱਚ ਵਰਤਿਆ ਹਥੌੜਾ,ਮੋਟਰਸਾਈਕਲ ਅਤੇ ਚੋਰੀ ਕੀਤੀ ਗਈ ਚਾਂਦੀ ਦੀ ਚੈਨ ਬਰਾਮਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਤੋਂ ਪੁੱਛਗਿੱਛ ਦੌਰਾਨ ਹੋਰ ਵਾਰਦਾਤਾਂ ਸਬੰਧੀ ਕਈ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ। ਦੋਸ਼ੀਆਂ ਤੋਂ ਲੁੱਟਿਆ ਗਿਆ ਸੋਨੇ ਦਾ ਕੜਾ ਬਰਾਮਦ ਕਰਵਾਉਣ ਲਈ ਯਤਨ ਜ਼ਾਰੀ ਹਨ।