ਗੋਲੀ ਮਾਰ ਦੇਣ ਦਾ ਭੈਅ ਦਿਖਾਇਆ ਤੇ,, ਵਾਰਦਾਤ ਤੋਂ ਢਾਈ ਘੰਟੇ ਬਾਅਦ ਪੁਲਿਸ ਨੂੰ ਦਿੱਤੀ ਇਤਲਾਹ
ਹਰਿੰਦਰ ਨਿੱਕਾ , ਬਰਨਾਲਾ 22 ਦਸੰਬਰ 2022
ਬਰਨਾਲਾ-ਬਾਜਾਖਾਨਾ ਰੋਡ ਤੇ ਦੋ ਅਣਪਛਾਤੇ ਲੁਟੇਰੇ ਇੱਕ ਸ਼ੈਲਰ ਮਾਲਿਕ ਤੋਂ ਗੋਲੀ ਮਾਰ ਦੇਣ ਦਾ ਭੈਅ ਦਿਖਾ ਕੇ ਪੰਜ ਲੱਖ ਰੁਪਏ ਕੈਸ਼ ਲੁੱਟ ਕੇ ਫਰਾਰ ਹੋ ਗਏ। ਪੁਲਿਸ ਨੇ ਸ਼ੈਲਰ ਮਾਲਿਕ ਦੇ ਬਿਆਨ ਪਰ, ਅਣਪਛਾਤੇ ਲੁਟੇਰਿਆਂ ਖਿਲਾਫ ਕੇਸ ਦਰਜ਼ ਕਰਕੇ,ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਹ ਵਾਰਦਾਤ ਲੰਘੀ ਕੱਲ੍ਹ ਸ਼ਾਮ ਕਰੀਬ 7 ਵਜੇ ਦੀ ਹੈ। ਪੁਲਿਸ ਨੂੰ ਦਿੱਤੀ ਸ਼ਕਾਇਤ ‘ਚ ਇੰਦਰਜੀਤ ਕੁਮਾਰ ਪੁੱਤਰ ਬਲਰਾਮ ਦਾਸ ਵਾਸੀ ਨਿਹਾਲ ਸਿੰਘ ਵਾਲਾ, ਜਿਲ੍ਹਾ ਮੋਗਾ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਕਰੀਬ ਸਾਢੇ ਛੇ ਵਜੇ ਉਹ ਆਪਣੇ ਪੁੱਤਰ ਸਣੇ ਆਈ-20 ਕਾਰ ਵਿੱਚ ਬਰਨਾਲਾ ਤੋਂ ਸ਼ੈਲਰ ਦੀ ਪੇਮੈਂਟ ਲੈ ਕੇ ਜਾ ਰਿਹਾ ਸੀ। ਉਹ ਰਾਸਤੇ ਵਿੱਚ ਪੱਖੋ ਕੈਂਚੀਆਂ ਟੋਲ ਪਲਾਜ਼ਾ ਤੇ ਚੱਲ ਰਹੇ ਲੰਗਰ ਤੇ ਰੁਕ ਕੇ ਚਾਹ ਪੀਣ ਲੱਗ ਗਿਆ। ਇਸੇ ਦੌਰਾਨ 2 ਨੌਜਵਾਨ , ਕਾਰ ਕੋਲ ਆਏ ਤੇ ਉਨ੍ਹਾਂ ਪੱਖੋ ਕੈਂਚੀਆਂ ਤੱਕ ਲੈ ਕੇ ਜਾਣ ਲਈ ਕਿਹਾ। ਪਰੰਤੂ, ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਤਾਂ ਨਿਹਾਲ ਸਿੰਘ ਵਾਲਾ ਵੱਲ ਜਾਣਾ ਹੈ, ਤਾਂ ਦੋਵੇਂ ਮੂੰਹ ਢੱਕੇ ਨੌਜਵਾਨ ਇਹ ਕਹਿ ਕੇ ਕਾਰ ਵਿੱਚ ਬੈਠ ਗਏ ਕਿ ਤੁਸੀਂ, ਪੁਲ ਦੇ ਮੋੜ ਤੱਕ ਸਾਨੂੰ ਛੱਡ ਦਿਉ। ਜਦੋਂ ਪੁਲ ਕੋਲ ਜਾ ਕੇ, ਉਨਾਂ ਨੂੰ ਉਤਰ ਜਾਣ ਲਈ ਕਿਹਾ ਤਾਂ, ਉਨਾਂ ਸਾਨੂੰ ਕਾਰ ਦੀ ਪਿਛਲੀ ਸੀਟ ਤੇ ਬੈਠ ਜਾਣ ਲਈ ਤੇ ਕਾਰ ਦੀ ਚਾਬੀ ਫੜ੍ਹਾ ਦੇਣ ਲਈ ਕਿਹਾ, ਨਾਂਹ ਨੁੱਕਰ ਕਰਨ ਤੇ ਦੋਵਾਂ ਲੁਟੇਰਿਆਂ ਨੇ ਕਿਹਾ ਕਿ ਜੋ ਕੁੱਝ ਨਗਦੀ ਤੁਹਾਡੇ ਕੋਲ ਹੈ, ਫੜ੍ਹਾ ਦਿਉ, ਨਹੀਂ, ਗੋਲੀ ਮਾਰ ਦਿਆਂਗੇ। ਡਰ ਦੇ ਮਾਰੇ ਅਸੀਂ ਉਨ੍ਹਾਂ ਨੂੰ 5 ਲੱਖ ਰੁਪਏ ਕੈਸ਼ ਫੜ੍ਹਾ ਦਿੱਤੇ। ਦੋਵੇਂ ਲੁਟੇਰੇ, ਕੈਸ਼ ਲੁੱਟ ਕੇ ਮੌਕੇ ਤੋਂ ਪੈਦਲ ਹੀ ਫਰਾਰ ਹੋ ਗਏ। ਇਹ ਲੁੱਟ ਦੀ ਵਾਰਦਾਤ ਕਰੀਬ 6.55 ਸ਼ਾਮ ਵੇਲੇ ਵਾਪਰੀ ਤੇ ਅਸੀਂ ਪਿਉ-ਪੁੱਤ ਜਾਨ ਨੂੰ ਖਤਰਾ ਭਾਂਪਦਿਆਂ ਕਾਰ ਵਿੱਚ ਬਹਿ ਕੇ ਹੀ ਨਿਹਾਲ ਸਿੰਘ ਵਾਲਾ ਵੱਲ ਚਲ ਪਏ। ਉਨਾਂ ਨਿਹਾਲ ਸਿੰਘ ਵਾਲਾ ਵਿਖੇ ਪਹੁੰਚ ਕੇ ਹੀ, ਐਸ.ਐਸ.ਪੀ. ਬਰਨਾਲਾ ਨੂੰ ਫੋਨ ਕਰਕੇ,ਲੁੱਟ ਦੀ ਵਾਰਦਾਤ ਬਾਰੇ ਦੱਸਿਆ । ਥਾਣਾ ਸ਼ਹਿਣਾ ਦੇ ਐਸ.ਐਚ.ੳ. ਨੇ ਦੱਸਿਆ ਕਿ ਲੁੱਟ ਦੀ ਵਾਰਦਾਤ ਕਰੀਬ 7 ਵਜੇ ਵਾਪਰੀ ਤੇ ਪੁਲਿਸ ਨੂੰ ਇਸ ਦੀ ਜਾਣਕਾਰੀ ਕਰੀਬ ਢਾਈ ਘੰਟੇ ਬਾਅਦ ਦਿੱਤੀ ਗਈ। ਸੂਚਨਾ ਮਿਲਿਦਿਆਂ ਹੀ ਪੁਲਿਸ ਪਾਰਟੀ ਮੌਕਾ ਵਾਰਦਾਤ ਤੇ ਪਹੁੰਚੀ। ਇੰਦਰਜ਼ੀਤ ਕੁਮਾਰ ਦੇ ਬਿਆਨ ਪਰ, ਅਣਪਛਾਤੇ ਦੋਸ਼ੀਆਂ ਵਿਰੁੱਧ ਅਧੀਨ ਜੁਰਮ 379 B, 34 ਆਈ.ਪੀ.ਸੀ. ਤਹਿਤ ਥਾਣਾ ਸ਼ਹਿਣਾ ਵਿਖੇ ਕੇਸ ਦਰਜ਼ ਕਰਕੇ,ਦੋਸ਼ੀਆਂ ਦੀ ਸ਼ਨਾਖਤ ਅਤੇ ਤਲਾਸ਼ ਸ਼ੁਰੂ ਕਰ ਦਿੱਤੀ ਹੈ।