ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ‘ਚ ਲਗਾਇਆ ਖੂਨਦਾਨ ਕੈਂਪ
ਰਘਵੀਰ ਹੈਪੀ , ਬਰਨਾਲਾ 25 ਦਸੰਬਰ 2022
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫ਼ਰਵਾਹੀ ਵਿਖੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ। ਸਕੂਲ ਪ੍ਰਿੰਸੀਪਲ ਸ੍ਰੀਮਤੀ ਨਿਦਾ ਅਲਤਾਫ਼ ਦੀ ਅਗਵਾਈ ਵਿੱਚ ਲੱਗੇ , ਕੈਂਪ ਵਿੱਚ ਕੁੱਲ 45 ਯੂਨਿਟ ਖੂਨ ਇਕੱਠਾ ਕੀਤਾ ਗਿਆ। ਕੈਂਪ ਦਾ ਰਸਮੀ ਆਰੰਭ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਅਤੇ ਡੀ.ਈ.ਓ. ਸ੍ਰੀਮਤੀ ਰੇਣੂ ਬਾਲਾ ਨੇ ਕੀਤਾ। ਐਨ. ਐਸ. ਐਸ. ਇੰਚਾਰਜ ਸ੍ਰੀ ਪਾਵੇਲ ਬਾਂਸਲ ਅਤੇ ਸ੍ਰੀ ਪੰਕਜ ਬਾਂਸਲ ਦੀ ਦੇਖ-ਰੇਖ ਵਿੱਚ ਲੱਗੇ ਇਸ ਕੈਂਪ ਵਿਚ ਸਕੂਲ ਸਟਾਫ਼ ਦੇ ਨਾਲ ਨਾਲ ਬਾਹਰੋਂ ਆਈਆਂ ਕਈ ਸ਼ਖਸੀਅਤਾਂ ਨੇ ਖੂਨਦਾਨ ਕਰਕੇ ਇਸ ਮਹਾਕਾਰਜ ਵਿੱਚ ਆਪਣਾ ਯੋਗਦਾਨ ਪਾਇਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਸ੍ਰੀ ਰਘੂਬੀਰ ਮਾਨ, ਸਹਾਇਕ ਡਾਇਰੈਕਟਰ ਯੂਵਕ ਸੇਵਾਵਾਂ ਵਿਭਾਗ ਨੇ ਵੀ ਇਸ ਵਧੀਆ ਉਪਾਰਲੇ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਵਰਨਣਯੋਗ ਹੈ ਕਿ ਫਰਵਾਹੀ ਸਕੂਲ ਸੂਬੇ ਦੇ ਕੁੱਝ ਉਹ ਚੋਣਵੇਂ ਸਕੂਲਾਂ ਵਿੱਚੋਂ ਹੈ , ਜਿੱਥੇ ਲੰਬੇ ਸਮੇਂ ਤੋਂ ਹਰ ਵਰ੍ਹੇ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ। ਕੈਂਪ ਨੂੰ ਸਫਲਤਾਪੂਰਵਕ ਨੇਪਰੇ ਚੜ੍ਹਾਉਣ ਲਈ ਸਕੂਲ ਵਿਕਾਸ ਕਮੇਟੀ ਅਤੇ ਗਰਾਮ ਪੰਚਾਇਤ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਸਟਾਫ਼ ਦੇ ਨਾਲ-ਨਾਲ ਚੇਅਰਮੈਨ ਸੰਦੀਪ ਸੇਖੋਂ, ਭੋਜਰਾਜ, ਸਰਪੰਚ ਨਰਿੰਦਰ ਕੁਮਾਰ, ਰਣਜੀਤ ਸਿੰਘ, ਰਾਜਿੰਦਰ ਕੁਮਾਰ ਅਤੇ ਰਾਜੀਵ ਕੁਮਾਰ ਵੀ ਹਾਜ਼ਰ ਸਨ।