EX MLA ਸਰੂਪ ਚੰਦ ਸਿੰਗਲਾ ਨੂੰ ਬਠਿੰਡਾ, ਕੇ.ਕੇ. ਮਲਹੋਤਰਾ ਨੂੰ ਪਟਿਆਲਾ ਤੇ ਗੁਰਮੀਤ ਹੰਡਿਆਇਆ ਨੂੰ ਬਣਾਇਆ ਬਰਨਾਲਾ ਦਾ ਪ੍ਰਧਾਨ
ਮਲਹੋਤਰਾ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਤੇ ਗੁਰਮੀਤ ਨੂੰ ਮਿਲਿਆ ਪਾਰਟੀ ਦੀ ਵਫਾਦਾਰੀ ਦਾ ਲਾਭ
ਭਾਜਪਾ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਨਵੇਂ ਅਹੁਦੇਦਾਰਾਂ ਨੂੰ ਦਿੱਤੀ ਵਧਾਈ
ਹਰਿੰਦਰ ਨਿੱਕਾ , ਪਟਿਆਲਾ/ ਬਰਨਾਲਾ 21 ਦਸੰਬਰ 2022
ਪੰਜਾਬ ਭਾਜਪਾ ਨੇ ਸੂਬੇ ਅੰਦਰ ਪਾਰਟੀ ਦੇ ਜਥੇਬੰਦਕ ਢਾਂਚੇ ‘ਚ ਵੱਡਾ ਫੇਰਬਦਲ ਕਰਦਿਆਂ 31 ਨਵੇਂ ਜਿਲ੍ਹਾ ਪ੍ਰਧਾਨਾਂ ਦੀ ਸੂਚੀ ਜ਼ਾਰੀ ਕਰ ਦਿੱਤੀ ਹੈ। ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਭਾਜਪਾ ਸੂਬਾ ਅਨੁਸ਼ਾਸਨੀ ਕਮੇਟੀ, ਸੂਬਾ ਚੋਣ ਕਮੇਟੀ ਅਤੇ ਵਿਸ਼ੇਸ਼ ਸੱਦੇ ਵਾਲਿਆਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਭਾਜਪਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਮੀਡੀਆ ਨੂੰ ਦਿੱਤੀ।
ਜ਼ਾਰੀ ਸੂਚੀ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਭਰੋਸੇਯੋਗ ਅਤੇ ਕਾਂਗਰਸ ਦੇ ਸਾਬਕਾ ਜਿਲ੍ਹਾ ਪ੍ਰਧਾਨ ਕੇ.ਕੇ. ਮਲਹੋਤਰਾ ਨੂੰ ਪਟਿਆਲਾ ਸ਼ਹਿਰੀ ਦਾ ਜਿਲ੍ਹਾ ਪ੍ਰਧਾਨ , ਸ੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਗੜੀ ਨੂੰ ਪਟਿਆਲਾ ਦਿਹਾਤੀ (ਉੱਤਰੀ) , ਪਾਰਟੀ ਦੇ ਵਫਾਦਾਰ ਤੇ ਬਰਨਾਲਾ ਜਿਲ੍ਹੇ ਅੰਦਰ ਪਾਰਟੀ ਨੂੰ ਪੈਰਾਂ ਸਿਰ ਕਰਨ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਅਤੇ ਹੰਡਿਆਇਆ ਨਗਰ ਪੰਚਾਇਤ ਦੇ ਲਗਾਤਾਰ ਦੂਜੀ ਵਾਰ ਕੌਂਸਲਰ ਬਣੇ ਗੁਰਮੀਤ ਹੰਡਿਆਇਆ ਨੂੰ ਦੁਬਾਰਾ ਬਰਨਾਲਾ ਜਿਲ੍ਹੇ ਦਾ ਪ੍ਰਧਾਨ ਬਣਾਇਆ ਹੈ। ਅੰਮ੍ਰਿਤਸਰ ਦਿਹਾਤੀ ਤੋਂ ਮਨਜੀਤ ਸਿੰਘ ਮੰਨਾ, ਅੰਮ੍ਰਿਤਸਰ ਸ਼ਹਿਰੀ ਤੋਂ ਹਰਵਿੰਦਰ ਸਿੰਘ ਸੰਧੂ, ਬਰਨਾਲਾ ਤੋਂ ਗੁਰਮੀਤ ਸਿੰਘ ਹੰਡਿਆਇਆ, ਬਟਾਲਾ ਤੋਂ ਹਰਸਿਮਰਨ ਸਿੰਘ ਵਾਲੀਆ (ਹੀਰਾ), ਬਠਿੰਡਾ ਦਿਹਾਤੀ ਤੋਂ ਰਵੀਪ੍ਰੀਤ ਸਿੰਘ ਸਿੱਧੂ, ਬਠਿੰਡਾ ਸ਼ਹਿਰੀ ਤੋਂ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਫਰੀਦਕੋਟ ਤੋਂ ਗਗਨਦੀਪ ਸਿੰਘ ਸੁਖੀਜਾ, ਫਤਿਹਗੜ੍ਹ ਸਾਹਿਬ ਤੋਂ ਦੀਦਾਰ ਸਿੰਘ ਭੱਟੀ, ਫਾਜ਼ਿਲਕਾ ਤੋਂ ਰਾਕੇਸ਼ ਧੂੜੀਆ, ਫਿਰੋਜ਼ਪੁਰ ਤੋਂ ਅਵਤਾਰ ਸਿੰਘ ਜੀਰਾ, ਗੁਰਦਾਸਪੁਰ ਤੋਂ ਸ਼ਿਵਵੀਰ ਸਿੰਘ ਰਾਜਨ, ਹੁਸ਼ਿਆਰਪੁਰ ਤੋਂ ਨਿਪੁਨ ਸ਼ਰਮਾ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਤੇ ਲੋਕ ਸਭਾ ਸੰਗਰੂਰ ਦੇ ਇੰਚਾਰਜ ਕੇਵਲ ਸਿੰਘ ਢਿੱਲੋਂ ਨੇ ਸੂਬੇ ਦੇ ਨਵਨਿਯੁਕਤ ਜਿਲ੍ਹਾ ਪ੍ਰਧਾਨਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮੈਨੂੰ ਪੂਰਨ ਵਿਸ਼ਵਾਸ਼ ਹੈ ਸਾਰੇ ਹੀ ਜਿਲ੍ਹਾ ਪ੍ਰਧਾਨ ਪਾਰਟੀ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਦਿਨ ਰਾਤ ਇੱਕ ਕਰ ਦੇਣਗੇ। ਢਿੱਲੋਂ ਨੇ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ ਹਿਤੈਸ਼ੀ ਕੰਮਾਂ ਨੂੰ ਲੋਕਾਂ ਤੱਕ ਲੈ ਕੇ ਜਾਣਾ, ਹੁਣ ਸਮੇਂ ਦੀ ਵੱਡੀ ਲੋੜ ਹੈ। ਤਾਂਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਪਹਿਲਾਂ ਤੋਂ ਜਿਆਦਾ ਸੀਟਾਂ ਜਿਤਾ ਕੇ ਦੇਸ਼ ਨੂੰ ਹੋਰ ਵੀ ਮਜਬੂਤ ਕੀਤਾ ਜਾ ਸਕੇ।