ਟੋਲ ਵਾਲਿਆਂ ਨੇ ਮੰਗੀ 522 ਦਿਨ ਦੀ ਹੋਰ ਮੰਜੂਰੀ, ਪਰ ਮਾਨ ਕਹਿੰਦਾ NO
ਮਾਨ ਨੇ ਕੈਪਟਨ ਅਮਰਿੰਦਰ ਤੇ ਬਾਦਲਾਂ ਨੂੰ ਘੇਰਿਆ,,
ਬੀ.ਐਸ. ਬਾਜਵਾ , ਚੰਡੀਗੜ੍ਹ 15 ਦਸੰਬਰ 2022
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫਿਰ ਐਕਸ਼ਨ ਮੋਡ ‘ਚ ਹਨ। ਮਾਨ ਨੇ ਹੁਸ਼ਿਆਰਪੁਰ ਜਿਲ੍ਹੇ ਦੇ ਲਾਚੋਵਾਲ ਟੋਲ ਪਲਾਜ਼ਾ ਨੂੰ ਬੰਦ ਕਰਕੇ, ਟੋਲ ਪਲਾਜ਼ਾ ਕੰਪਨੀ ਦੇ ਖਿਲਾਫ ਐਫ.ਆਈ.ਆਰ. ਵੀ ਦਰਜ਼ ਕਰਵਾ ਦਿੱਤੀ ਹੈ। ਟੋਲ ਪਲਾਜਾ ਤੋਂ ਹੀ ਲਾਈਵ ਪ੍ਰੈਸ ਕਾਨਫਰੰਸ ਕਰਕੇ ਇਹ ਜਾਣਕਾਰੀ ਲੋਕਾਂ ਨੂੰ ਦਿੱਤੀ। ਮਾਨ ਨੇ ਦੱਸਿਆ ਕਿ ਇਹ ਟੋਲ ਪਲਾਜਾ ਵਾਲੀ 27. 90 ਕਿਲੋਮੀਟਰ ਲੰਬੀ ਸੜ੍ਹਕ ਦਾ ਪੰਜਾਬ ਸਰਕਾਰ ਨੇ ਖੁਦ ਪੌਣੇ ਸੱਤ ਕਰੋੜ ਖਰਚ ਕਰਕੇ, ਨਿਰਮਾਣ ਕਰਵਾਇਆ ਸੀ, ਪਰੰਤੂ ਕਰੀਬ 16 ਸਾਲ ਲਈ ਸਿਰਫ ਮੁਰੰਮਤ ਦਾ ਠੇਕਾ 6 ਮਾਰਚ 2007 ਤੋਂ ਪੀ.ਡੀ. ਅਗਰਵਾਲ ਇਨਫਰਾਸਟੱਕਚਰ ਕੰਪਨੀ ਨੂੰ ਦੇ ਦਿੱਤਾ। ਕੰਪਨੀ ਨੂੰ ਹਰ ਦਿਨ ਟੋਲ ਤੋਂ 1 ਲੱਖ 94 ਹਜ਼ਾਰ ਰੁਪਏ ਯਾਨੀ ਸਲਾਨਾ 7 ਕਰੋੜ ਦੇ ਕਰੀਬ ਕੁਲੈਕਸ਼ਨ ਹੁੰਦੀ ਸੀ। ਕੰਪਨੀ ਨੂੰ ਲੋਕਾਂ ਦੀਆਂ ਜੇਬਾਂ ਵਿੱਚੋਂ ਉਦੋਂ ਤੋਂ ਹੁਣ ਤੱਕ ਕਰੀਬ 105 ਕਰੋੜ ਰੁਪਏ ਕੱਢਣ ਦਾ ਮੌਕਾ ਪ੍ਰਦਾਨ ਕਰ ਦਿੱਤਾ। ਮਾਨ ਨੇ ਕਿਹਾ ਕਿ ਕਿੰਨ੍ਹੀਂ ਹੈਰਾਨ ਤੇ ਪ੍ਰੇਸ਼ਾਨ ਕਰਨ ਵਾਲੀ ਗੱਲ ਹੈ ਕਿ ਕੰਪਨੀ ਨੇ ਐਗਰੀਮੈਂਟ ਨੂੰ ਛਿੱਕੇ ਟੰਗ ਕੇ, ਐਗਰੀਮੈਂਟ ਵਿੱਚ ਦਰਜ਼ ਬਹੁਤੀਆਂ ਸ਼ਰਤਾਂ ਦੀ ਪੂਰਤੀ ਹੀ ਨਹੀਂ ਕੀਤੀ। ਪਰੰਤੂ ਅਕਾਲੀ-ਭਾਜਪਾ ਤੇ ਕਾਂਗਰਸੀ ਸਰਕਾਰਾਂ ਨੇ ਲੋਕਾਂ ਦੀ ਹੋ ਰਹੀ ਕਥਿਤ ਲੁੱਟ ਨੂੰ ਰੋਕਣ ਲਈ ਕੋਈ ਯਤਨ ਹੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਟੋਲ ਕੰਪਨੀ ਵਾਲਿਆਂ ਨੇ ਟੋਲ ਤੋਂ ਹੁੰਦੀ ਕੁਲੈਕਸ਼ਨ ਨੂੰ ਜਮ੍ਹਾਂ ਕਰਵਾਉਣ ਲਈ ਪ੍ਰਾਈਵੇਟ ਕਰੰਟ ਖਾਤਾ ਖੁਲਵਾਕੇ ਕੁਲੈਕਸ਼ਨ ਜਮ੍ਹਾਂ ਕਰਵਾਉਂਦੇ ਰਹੇ, ਜਦੋਂਕਿ ਅਜਿਹਾ ਕਰਨਾ ਸਰਕਾਰ ਨਾਲ ਸਿੱਧੀ ਧੋਖਾਧੜੀ ਹੈ। ਮਾਨ ਨੇ ਕਿਹਾ ਕਿ ਹੁਣ ਸਰਕਾਰ ਤੋਂ ਟੋਲ ਕੰਪਨੀ ਨੇ 522 ਦਿਨ ਲਈ ਹੋਰ ਮਿਆਦ ਵਧਾਉਣ ਦੀ ਮੰਗ ਕੀਤੀ। ਜਿਸ ਨੂੰ ਅਸੀਂ ਇਨਕਾਰ ਕਰਕੇ, ਕੰਪਨੀ ਦਾ ਟੋਲ ਰੱਦ ਕਰਕੇ, ਸੜ੍ਹਕ ਨੂੰ ਟੋਲ ਮੁਕਤ ਕਰ ਦਿੱਤਾ। ਸਰਕਾਰ ਨਾਲ ਧੋਖਾਧੜੀ ਕਰਨ ਦੇ ਜੁਰਮ ਵਿੱਚ ਕੰਪਨੀ ਵਾਲਿਆਂ ਖਿਲਾਫ ਠੱਗੀ ਅਤੇ ਜਾਲੀ ਫਰਜੀ ਦਸਤਾਵੇਜ ਤਿਆਰ ਕਰਨ ਦੇ ਜੁਰਮ ਵਿੱਚ ਕੇਸ ਦਰਜ਼ ਕਰਵਾ ਦਿੱਤਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸੂਬੇ ਦੀਆਂ ਸਾਰੀਆਂ ਸੜਕਾਂ ਤੇ ਲੱਗੇ ਟੋਲ ਪਲਾਜਾ ਵਾਲਿਆਂ ਨੂੰ ਚਿੱਠੀ ਜਾਰੀ ਕਰਨ ਦੇ ਹੁਕਮ ਦੇ ਦਿੱਤੇ ਹਨ ਕਿ ਹਰ ਟੋਲ ਤੇ ਟੋਲ ਖਤਮ ਹੋਣ ਦਾ ਮੋਟੇ ਅੱਖਰਾਂ ਵਾਲਾ ਬੋਰਡ ਲਗਾਇਆ ਜਾਵੇ।