ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਸੂਬਾ ਸਰਕਾਰ ਵਚਨਬੱਧ
ਪੰਜਾਬ ਵਿੱਚ ਜੈਵਿਕ ਪ੍ਰੋਸੈਸਿੰਗ ਯੂਨਿਟ ਲਗਾਉਣ ਲਈ ਸਰਕਾਰ ਕਰੇਗੀ ਕੇਂਦਰ ਨਾਲ ਗੱਲਬਾਤ
ਪੰਜਾਬ ਅੰਦਰ ਹਰਿਆਣਾ ਤੋਂ ਘੱਟ ਪ੍ਰਦੂਸ਼ਣ
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸੰਘੋਲ ਵਿਖੇ ਦੇਸ਼ ਦੇ ਦੂਜ਼ੇ ਜੈਵਿਕ ਖੇਤੀ ਪ੍ਰੋਸੈਸਿੰਗ ਪ੍ਰੋਜੈਕਟ ਨੂੰ ਕੀਤਾ ਲੋਕ ਅਰਪਣ
ਅਸ਼ੋਕ ਧੀਮਾਨ , ਸੰਘੋਲ/ਫ਼ਤਹਿਗੜ੍ਹ ਸਾਹਿਬ, 9 ਨਵੰਬਰ 2022
ਅੱਜ ਦੇ ਸਮੇਂ ਅੰਦਰ ਜੈਵਿਕ ਖੇਤੀ ਬਹੁਤ ਜਰੂਰੀ ਅਤੇ ਸਮੇਂ ਦੀ ਮੁੱਖ ਲੋੜ ਹੈ ਕਿਉਂਕਿ ਜਿਸ ਤੇਜੀ ਨਾਲ ਖੇਤੀ ਅੰਦਰ ਕੀਟਨਾਸਕਾਂ ਤੇ ਰਸਾਇਣਾਂ ਦੀ ਅੰਨੇਵਾਹ ਵਰਤੋਂ ਕੀਤੀ ਜਾ ਰਹੀ ਹੈ ਉਸ ਨਾਲ ਮਨੁੱਖੀ ਸਿਹਤ ਨੂੰ ਕਈ ਤਰ੍ਹਾਂ ਦੀਆਂ ਖ਼ਤਰਨਾਕ ਬਿਮਾਰੀਆਂ ਲੱਗਣ ਦਾ ਖਤਰਾ ਬਣਿਆਂ ਰਹਿੰਦਾ ਹੈ ਅਤੇ ਜੈਵਿਕ ਖੇਤੀ ਕਰਕੇ ਹੀ ਮਨੁੱਖੀ ਤੰਦਰੁਸਤੀ ਨੂੰ ਕਾਇਮ ਰੱਖਿਆ ਜਾ ਸਕਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ, ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਸਬ ਡਵੀਜ਼ਨ ਖਮਾਣੋਂ ਦੇ ਸੰਘੋਲ ਵਿਖੇ ਸ਼ਿਆਮਾ ਪ੍ਰਸ਼ਾਦ ਮੁਖਰਜੀ ਰੂ-ਅਰਬਨ ਮਿਸ਼ਨ ਅਧੀਨ 4 ਕਰੋੜ 37 ਲੱਖ ਦੀ ਲਾਗਤ ਨਾਲ ਤਿਆਰ ਹੋਏ ਦੇਸ਼ ਦੇ ਦੂਜ਼ੇ ਪੰਜਾਬ ਐਗਰੋ ਪ੍ਰੋਸੈਸਿੰਗ ਮਿਲ ਆਰਗੈਨਿਕ ਰਾਈਸ ਫਲੋਰ ਦਾ ਉਦਘਾਟਨ ਕਰਨ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਿਕਾਸ ਦੀਆਂ ਰਾਹਾਂ ਤੇ ਤੁਰ ਰਿਹਾ ਹੈ ਅਤੇ ਆਉਦੇ ਸਮੇਂ ਅੰਦਰ ਪੰਜਾਬ ਦੇ ਪਿੰਡਾਂ ਦਾ ਸਰਵਪੱਖੀ ਵਿਕਾਸ ਕਰਕੇ ਪਿੰਡਾਂ ਨੂੰ ਮਾਡਲ ਪਿੰਡ ਬਣਾਇਆ ਜਾਵੇਗਾ।
ਝੌਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਸ. ਧਾਲੀਵਾਲ ਨੇ ਕਿਹਾ ਕਿ ਏਅਰ ਕੁਆਲਿਟੀ ਇੰਡੈਕਸ ਦੀ ਰਿਪੋਰਟ ਅਨੁਸਾਰ ਪੰਜਾਬ ਵਿੱਚ ਹਰਿਆਣਾ ਨਾਲੋਂ ਅੱਧਾ ਪ੍ਰਦੂਸ਼ਣ ਹੈ ਕਿਉਂਕਿ ਸਰਕਾਰ ਵੱਲੋਂ ਕੀਤੇ ਯਦਨਾ ਸਦਕਾ ਅੱਜ ਪੰਜਾਬ ਦੇ ਵਾਤਾਵਰਣ ਵਿੱਚ ਬਹੁਤ ਸੁਧਾਰ ਹੋਇਆ ਹੈ। ਇੱਕ ਹੋਰ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪਹਿਲੀ ਵਾਰ ਪੰਜਾਬ ਅੰਦਰ ਝੋਨੇ ਦੀ ਫਸਲ ਦੀ ਤੈਅ ਸਮੇਂ ਅੰਦਰ ਖਰੀਦ, ਲਿਫਟਿੰਗ ਅਤੇ ਅਦਾਇਗੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ 12 ਘੰਟੇ ਅੰਦਰ ਫਸਲ ਦੀ ਖਰੀਦ ਕੀਤੀ ਗਈ ਅਤੇ 24 ਘੰਟੇ ਦੇ ਅੰਦਰ ਕਿਸਾਨਾਂ ਨੂੰ ਫਸਲ ਦੀ ਅਦਾਇਗੀ ਕਰਨ ਤੋਂ ਇਲਾਵਾ 48 ਘੰਟੇ ਅੰਦਰ ਲਿਫਟਿੰਗ ਵੀ ਕਰਵਾਈ ਗਈ ਜਿਸ ਕਾਰਨ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਵਿੱਚ ਕੋਈ ਦਿੱਕਤ ਪੇਸ਼ ਨਹੀਂ ਆਈ।
ਇਸ ਉਪਰੰਤ ਆਰਗੈਨਿਕ ਰਾਈਸ ਫਲੋਰ ਵਿਖੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸੰਘੋਲ ਦੀ ਧਰਤੀ ਤੇ ਦੇਸ਼ ਦਾ ਇਹ ਦੂਜਾ ਯੂਨਿਟ ਹੈ ਇਸ ਨਾਲ ਸੂਬੇ ਦੇ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਕਾਫੀ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਉਹ ਛੇਤੀ ਹੀ ਕੇਂਦਰ ਸਰਕਾਰ ਨਾਲ ਗੱਲ ਕਰਕੇ ਅਜਿਹੇ ਯੂਨਿਟ ਪੰਜਾਬ ਅੰਦਰ ਹੋਰ ਲਗਾਉਣ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਜੈਵਿਕ ਖੇਤੀ ਨੂੰ ਉਤਸਾਹਤ ਕਰਨ ਲਈ ਅਜਿਹੇ ਪ੍ਰੋਜੈਕਟ ਲਗਾਉਣੇ ਬਹੁਤ ਜਰੂਰੀ ਹਨ। ਉਨ੍ਹਾਂ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਸੂਬੇ ਦੇ ਸਭ ਤੋਂ ਵੱਧ ਜੈਵਿਕ ਖੇਤੀ ਕਰਨ ਵਾਲੇ ਕਿਸਾਨ ਹਨ। ਉਨ੍ਹਾਂ ਦੀ ਫਸਲ ਦਾ ਸਹੀ ਭਾਅ ਮਿਲਣ ਨਾਲ ਜੈਵਿਕ ਖੇਤੀ ਨੂੰ ਹੋਰ ਬੜਾਵਾ ਮਿਲੇਗਾ ਅਤੇ ਸੂਬਾ ਸਰਕਾਰ ਇਸ ਵੱਲ ਪੂਰੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਇਸ ਮੌਕੇ ਜੈਵਿਕ ਖੇਤੀ ਕਰਨ ਵਾਲੇ ਇਲਾਕੇ ਦੇ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਤ ਵੀ ਕੀਤਾ।
ਵਰਨਣਯੋਗ ਹੈ ਕਿ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਖਮਾਣੋਂ ਵਿਖੇ ਸ਼ਿਆਮਾ ਪ੍ਰਸ਼ਾਦ ਮੁਖਰਜੀ ਰੂ-ਅਰਬਨ ਮਿਸ਼ਨ ਅਧੀਨ 4 ਕਰੋੜ 37 ਲੱਖ ਦੀ ਲਾਗਤ ਨਾਲ ਤਿਆਰ ਹੋਏ ਪੰਜਾਬ ਐਗਰੋ ਪ੍ਰੋਸੈਸਿੰਗ ਮਿਲ ਆਰਗੈਨਿਕ ਰਾਈਸ ਅਤੇ ਫਲੋਰ ਸੰਘੋਲ, 50 ਲੱਖ ਦੀ ਲਾਗਤ ਨਾਲ ਤਿਆਰ ਹੋਏ ਆਰ-ਅਰਬਰਨ ਮਾਰਕੀਟ ਸੰਘੋਲ ਦੀਆਂ 12 ਦੁਕਾਨਾਂ ਅਤੇ 25 ਲੱਖ ਦੀ ਲਾਗਤ ਨਾਲ ਬਣੇ ਸੈਨੇਟਰੀ ਪੈਡ ਮੇਕਿੰਗ ਅਤੇ ਪੈਕਿੰਗ ਯੂਨਿਟ ਦਾ ਉਦਘਾਟਨ ਕੀਤਾ। ਇਸ ਮੌਕੇ ਸਾਹਨੇਵਾਲ ਦੇ ਵਿਧਾਇਕ ਸ. ਹਰਦੀਪ ਸਿੰਘ ਮੁੱਢੜੀਆਂ, ਡਿਪਟੀ ਕਮਿਸ਼ਨਰ ਸ੍ਰੀਮਤੀ ਪਰਨੀਤ ਸ਼ੇਰਗਿੱਲ, ਸੰਜੀਵ ਗਰਗ ਜੁਆਇੰਟ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ, ਏ ਡੀ ਸੀ (ਵਿਕਾਸ) ਦਿਨੇਸ਼ ਵਸ਼ਿਸ਼ਟ, ਐਸ ਡੀ ਐਮ ਖਮਾਣੋਂ ਪਰਲੀਨ ਕਾਲੇਕਾ,ਮੰਗਲ ਸਿੰਘ ਚੇਅਰਮੈਨ ਪੰਜਾਬ ਐਗਰੀ, ਰਣਬੀਰ ਸਿੰਘ ਜੀ ਐਮ ਪੰਜਾਬ ਐਗਰੋ, , ਵਿਧਾਇਕ ਬੱਸੀ ਪਠਾਣਾ ਸ. ਰੁਪਿੰਦਰ ਸਿੰਘ ਹੈਪੀ ਦੇ ਪਿਤਾ ਸੂਬੇਦਾਰ ਜਗਜੀਤ ਸਿੰਘ, ਡੀਡੀਪੀਓ ਹਿਤੇਨ ਕਪਿਲਾ, ਮੁੱਖ ਖੇਤੀਬਾੜੀ ਅਫ਼ਸਰ ਕੁਲਵਿੰਦਰ ਸਿੰਘ,ਬੀਡੀਪੀਓ ਪਰਮਵੀਰ ਕੌਰ, ਗੁਰਦੇਵ ਸਿੰਘ ਚੇਅਰਮੈਨ ਪੀ ਏ ਡੀ ਬੀ ਖਮਾਣੋਂ, ਪਵਿੱਤਰ ਸਿੰਘ ਬਲਾਕ ਪ੍ਰਧਾਨ ਖਮਾਣੋਂ, ਵਿਨੋਦ ਮੱਟੂ ਕਾਰਜਕਾਰੀ ਇੰਜੀਨੀਅਰ ਪੰਚਾਇਤੀ ਰਾਜ, ਸਰਪੰਚ ਰਾਕੇਸ਼ ਕੁਮਾਰ, ਸਰਪੰਚ ਗੁਰਪ੍ਰੀਤ ਗੋਪੀ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।