19 ਕੌਸਲਰਾਂ ਨੇ ਇਕੱਠੇ ਰਹਿਣ ਲਈ ਪਾਈ ਸੌਂਹ ਤੇ ਕਰਵਾਈ ਅਰਦਾਸ
ਪ੍ਰਧਾਨ ਦੇ ਸਿਰੋਂ ਇੱਕ ਵਾਰ ਲੱਥੀ ਗੱਦੀਓਂ ਲਾਹੇ ਜਾਣ ਦੀ ਤਲਵਾਰ
ਹਰਿੰਦਰ ਨਿੱਕਾ , ਬਰਨਾਲਾ 29 ਅਕਤੂਬਰ 2022
ਸੂਬੇ ਦੀ ਸੱਤਾ ਤੇ ਆਮ ਆਦਮੀ ਪਾਰਟੀ ਦੇ ਕਾਬਿਜ਼ ਹੋਣ ਤੋਂ ਬਾਅਦ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਦੇ ਸਿਰ ਤੇ ਲਟਕਣੀ ਸ਼ੁਰੂ ਹੋਈ,ਗੱਦੀਓਂ ਲਾਹੇ ਜਾਣ ਦੀ ਤਲਵਾਰ ,ਫਿਲਹਾਲ ਇੱਕ ਵਾਰ ,ਚੁੱਕੀ ਗਈ ਹੈ। ਕਿਉਂਕਿ ਅੱਜ ਪਾਰਟੀਬਾਜੀ ਤੋਂ ਉੱਪਰ ਉੱਠ ਕੇ,ਨਗਰ ਦੇ 18 ਕੌਸਲਰਾਂ ਨੇ ਕਾਂਗਰਸੀ ਪ੍ਰਧਾਨ ਦੇ ਮੋਢੇ ਨਾਲ ਮੋਢਾ ਲਾਕੇ ਖੜ੍ਹੇ ਰਹਿਣ ਲਈ, ਮਾਲਵਾ ਖੇਤਰ ਦੇ ਪ੍ਰਸਿੱਧ ਗੁਰਦੁਆਰਾ ਅੜੀਸਰ ਸਾਹਿਬ ਵਿਖੇ ਸੌਹ ਚੁੱਕ ਲਈ ਅਤੇ ਸਾਰਿਆਂ ਨੇ ਹਰ ਮੁਸ਼ਕਿਲ ਘੜੀ ਵਿੱਚ ਇਕੱਠੇ ਰਹਿਣ ਲਈ, ਬਕਾਇਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅਰਦਾਸ ਵੀ ਕੀਤੀ ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ ਅੱਠ ਵਜੇ,ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਸਣੇ 18 ਕੌਸਲਰ/ ਉਨ੍ਹਾਂ ਦੇ ਪਰਿਵਾਰਕ ਮੈਂਬਰ ਹੰਡਿਆਇਆ-ਧੌਲਾ ਲਿੰਕ ਰੋਡ ਤੇ ਸਥਿਤ ਗੁਰਦੁਆਰਾ ਅੜੀਸਰ ਸਾਹਿਬ ਵਿਖੇ ਪਹੁੰਚ ਗਏ। ਜਿਨ੍ਹਾਂ ਵਿੱਚ ਕਾਂਗਰਸ, ਭਾਜਪਾ ਤੇ ਅਕਾਲੀ ਦਲ ਤੋਂ ਇਲਾਵਾ ਆਜ਼ਾਦ ਕੌਸਲਰ ਵੀ ਸ਼ਾਮਿਲ ਸਨ। ਇਨ੍ਹਾਂ ਸਾਰਿਆਂ ਨੇ ਹਰ ਹਾਲਤ ਵਿੱਚ ਪ੍ਰਧਾਨ ਦੇ ਨਾਲ ਖੜ੍ਹੇ ਰਹਿਣ ਅਤੇ ਆਪਸੀ ਏਕਤਾ ਬਣਾਏ ਰੱਖਣ ਲਈ ਸੌਂਹ ਪਾਈ ਤੇ ਅਰਦਾਸ ਵੀ ਕੀਤੀ । ਇੱਥੇ ਹੀ ਬੱਸ ਨਹੀਂ, ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ ਨੇ ਵੀਡੀਓ ਕਾਲ ਕਰਕੇ, ਸੌਹ ਪਾਈ ਤੇ ਅਰਦਾਸ ਵਿੱਚ ਸ਼ਮੂਲੀਅਤ ਕੀਤੀ ਕਿ ਉਹ ਵੀ ਕੌਸਲਰਾਂ ਦੇ ਖਿਲਾਫ ਦਰਜ ਕੇਸ ਵਿਰੁੱਧ ਕੀਤੇ ਜਾਣ ਵਾਲੇ ਸੰਘਰਸ਼ ਵਿੱਚ ਕੌਸਲਰਾਂ ਦੇ ਹੱਕ ਵਿੱਚ ਡਟਕੇ ਖੜ੍ਹਨਗੇ । ਨੀਟਾ ਨੇ ਸਪੱਸ਼ਟ ਕੀਤਾ ਕਿ ਪ੍ਰਧਾਨ ਦੇ ਨਾਲ ਖੜ੍ਹਨ ਸਬੰਧੀ ,ਮੈਂ ਕੋਈ ਸੌਂਹ ਨਹੀਂ ਪਾਈ, ਨਾ ਹੀ ਮੈਨੂੰ ਇਸ ਬਾਰੇ ਕਿਸੇ ਨੇ ਕੁੱਝ ਦੱਸਿਆ ਸੀ। ਕਾਂਗਰਸ ਆਗੂ ਤੇ ਨਗਰ ਕੌਸਲ ਦੇ ਸਾਬਕਾ ਪ੍ਰਧਾਨ ਮੱਖਣ ਸ਼ਰਮਾ ਅਤੇ ਭਾਜਪਾ ਯੁਵਾ ਮੋਰਚਾ ਦੇ ਸੂਬਾਈ ਮੀਤ ਪ੍ਰਧਾਨ ਨੀਰਜ ਜਿੰਦਲ ਨੇ ਇਸ ਸੌਂਹ ਚੁੱਕ ਰਸਮ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਬੇਸ਼ੱਕ ਇਸ ਰਸਮ ਸਮੇਂ ਕੁੱਲ 19 ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਪਰੰਤੂ 3/4 ਹੋਰ ਕੌਸਲਰ ਵੀ,ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸ਼ਹਿਰ ਦੇ ਵਿਕਾਸ ਲਈ ਕਾਇਮ ਹੋਏ ਇਸ ਗਰੁੱਪ ਦੇ ਨਾਲ ਹਨ,ਜਿਹੜੇ ਵੱਖ ਵੱਖ ਕਾਰਣਾਂ ਕਰਕੇ,ਇਸ ਮੌਕੇ ਸ਼ਾਮਿਲ ਨਹੀਂ ਹੋ ਸਕੇ। ਸਾਰਿਆਂ ਨੇ ਇੱਕਸੁਰ ਹੁੰਦਿਆਂ ਕਿਹਾ ਕਿ ਜੇਕਰ ਕਿਸੇ ਵੀ ਕੌਸਲਰ ਜਾਂ ਉਸ ਦੇ ਪਰਿਵਾਰਕ ਮੈਂਬਰ ਤੇ ਕੋਈ ਮੁਸ਼ਕਿਲ ਆਵੇਗੀ ਤਾਂ ਸਾਰੇ ਇੱਕਮੁੱਠ ਹੋ ਕੇ,ਮੁਸ਼ਕਿਲ ਦਾ ਸਾਹਮਣਾ ਕਰਨਗੇ। ਕੌਸਲ ਪ੍ਰਧਾਨ ਰਾਮਣਵਾਸੀਆ ਨੇ ਕਿਹਾ ਕਿ ਸਾਡਾ ਸਾਰਿਆਂ ਦਾ ਮਕਸਦ , ਬਿਨਾਂ ਕਿਸੇ ਪੱਖਪਾਤ ਤੋਂ ਸ਼ਹਿਰ ਦੀ ਬਿਹਤਰੀ ਤੇ ਚੌਤਰਫਾ ਵਿਕਾਸ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਅਸੀਂ ਅਰਦਾਸ ਕੀਤੀ ਹੈ ਕਿ ਕੁੱਝ ਮਹੀਨਿਆਂ ਤੋਂ ਸ਼ਹਿਰ ਦੇ ਵਿਕਾਸ ਕੰਮਾਂ ਵਿੱਚ ਪਿਆ ਅੜਿੱਕਾ ਦੂਰ ਹੋਵੇ, ਉਨ੍ਹਾਂ ਕਿਹਾ ਕਿ ਗੁਰਦੁਆਰਾ ਅੜੀਸਰ ਸਾਹਿਬ ,ਲੋਕਾਂ ਦੀ ਅਥਾਹ ਆਸਥਾ ਤੇ ਸ਼ਰਧਾ ਵਾਲਾ ਅਸਥਾਨ ਹੈ,ਜਿੱਥੇ ਨਤਮਸਤਕ ਹੋ ਕੇ ਅਰਦਾਸ ਕਰਨ ਨਾਲ ਹਰ ਅੜਿੱਕਾ ਦੂਰ ਹੁੰਦਾ ਹੈ ਅਤੇ ਅੜੀ ਸਰ ਹੁੰਦੀ ਹੈ।