ਖੇਤਰੀ ਸਰਸ ਮੇਲੇ ‘ਚ ਦਰਸ਼ਕਾਂ ਨੇ ਮਾਣਿਆ ਮਲਟੀ ਸਟਾਰ ਨਾਈਟ ਦਾ ਰੰਗ
ਸੰਗਰੂਰ, 15 ਅਕਤੂਬਰ (ਹਰਪ੍ਰੀਤ ਕੌਰ ਬਬਲੀ)
ਸੱਭਿਆਚਾਰ ਦੀਆਂ ਵੱਖੋ-ਵੱਖਰੀਆਂ ਵੰਨਗੀਆਂ ਨੂੰ ਪੇਸ਼ ਕਰਦਾ ਖੇਤਰੀ ਸਰਸ ਮੇਲਾ ਸੰਗਰੂਰ ਦੇ ਸਰਕਾਰੀ ਰਣਬੀਰ ਕਾਲਜ ਦੇ ਮੈਦਾਨ ‘ਚ ਸਫਲਤਾਪੂਰਵਕ ਚੱਲ ਰਿਹਾ ਹੈ ਅਤੇ ਹਰ ਵਰਗ ਦੇ ਲੋਕ ਇਸ ਮੇਲੇ ਦਾ ਆਨੰਦ ਮਾਣਨ ਲਈ ਦੂਰੋਂ-ਨੇੜਿਉੰ ਇੱਥੇ ਪੁੱਜ ਰਹੇ ਹਨ। ਮੇਲੇ ਦੇ ਸੱਤਵੇਂ ਦਿਨ ਸੱਭਿਆਚਾਰਕ ਪੇਸ਼ਕਾਰੀਆਂ ਦੇ ਨਾਲ-ਨਾਲ ਮੁੱਖ ਸਟੇਜ ‘ਤੇ ਕਰਵਾਈ ਗਈ ਮਲਟੀ ਸਟਾਰ ਨਾਈਟ ਦਾ ਵੀ ਦਰਸ਼ਕਾਂ ਨੇ ਖ਼ੂਬ ਰੰਗ ਮਾਣਿਆ। ਇਸ ਮੌਕੇ ਪੰਜਾਬੀ ਗਾਇਕੀ ਦੇ ਨਾਮਵਰ ਚਿਹਰਿਆਂ ਜਿਨ੍ਹਾਂ ‘ਚ ਹਰਭਜਨ ਸ਼ੇਰਾ, ਅਰਮਾਨ ਢਿੱਲੋਂ, ਪ੍ਰਭ ਬੈਂਸ, ਚੇਤ ਸਿੰਘ, ਜਸ਼ਨ ਇੰਦਰ, ਸੋਫਿਆ ਇੰਦਰ, ਬਸੰਤ ਕੁਰ ਤੇ ਜੱਸੀ ਧਾਲੀਵਾਲ ਸ਼ਾਮਲ ਹਨ ਨੇ ਆਪਣੀ ਆਵਾਜ਼ ਦਾ ਜਾਦੂ ਬਿਖੇਰ ਕੇ ਸ੍ਰੋਤਿਆਂ ਤੋਂ ਵਾਹੋ-ਵਾਹੀ ਲੁੱਟੀ। ਇਸ ਤੋਂ ਇਲਾਵਾ ਨਾਰਥ ਜ਼ੋਨ ਕਲਚਰਲ ਸੈਂਟਰ (ਐਨ.ਜ਼ੈਡ.ਸੀ.ਸੀ.) ਦੇ ਕਲਾਕਾਰਾਂ ਵੱਲੋਂ ਵੀ ਆਪਣੀਆਂ ਪੇਸ਼ਕਾਰੀਆਂ ਨਾਲ ਸਰੋਤਿਆਂ ਦਾ ਲਗਾਤਾਰ ਮਨੋਰੰਜਨ ਕੀਤਾ ਜਾ ਰਿਹਾ ਹੈ।
ਖੇਤਰੀ ਸਰਸ ਮੇਲੇ ‘ਚ ਵੱਖ-ਵੱਖ ਸੂਬਿਆਂ ਦੇ ਦਸਤਕਾਰਾਂ ਤੇ ਕਾਰੀਗਰਾਂ ਵੱਲੋਂ ਆਪਣੇ ਹੱਥੀਂ ਤਿਆਰ ਕੀਤੀਆਂ ਵਸਤੂਆਂ ਵੀ ਲੋਕਾਂ ਨੂੰ ਲਗਾਤਾਰ ਆਪਣੇ ਵੱਲ ਖਿੱਚ ਰਹੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੇਲੇ ‘ਚ ਰਵਾਇਤੀ ਤੇ ਹੱਥੀ ਤਿਆਰ ਕੀਤੀਆਂ ਚੀਜ਼ਾਂ ਵੇਚਣ ਲਈ 200 ਤੋਂ ਵਧੇਰੇ ਸਟਾਲਾਂ ਦਾ ਪ੍ਰਬੰਧ ਕੀਤਾ ਗਿਆ ਹੈ ਜਿਨ੍ਹਾਂ ‘ਚ ਔਰਤਾਂ ਤੇ ਪੇਂਡੂ ਖੇਤਰਾਂ ਦੇ ਵਸਨੀਕ ਵੀ ਆਪਣੇ ਸੈਲਫ ਹੈਲਪ ਗਰੁੱਪਾਂ ਵੱਲੋਂ ਤਿਆਰ ਕੀਤੇ ਸ਼ੁੱਧ ਤੇ ਕੁਦਰਤੀ ਉਤਪਾਦ ਲੈ ਕੇ ਪਹੁੰਚੇ ਹੋਏ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਸੰਗਰੂਰ ਵਿਖੇ ਚੱਲ ਰਿਹਾ ਖੇਤਰੀ ਸਰਸ ਮੇਲਾ ਲੋਕਾਂ ਨੂੰ ਪੰਜਾਬ ਅਤੇ ਦੇਸ਼ ਦੇ ਹੋਰਨਾਂ ਖ਼ਿੱਤਿਆਂ ਦੇ ਸੱਭਿਆਚਾਰ ਬਾਰੇ ਜਾਣੂ ਕਰਵਾਉਣ ‘ਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਉਨ੍ਹਾਂ ਕਿਹਾ ਕਿ ਦਸਤਕਾਰਾਂ ਅਤੇ ਕਾਰੀਗਰਾਂ ਦੇ ਹੁਨਰ ਤੇ ਪ੍ਰਤਿਭਾ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਸਰਸ ਮੇਲੇ ਦੀ ਹਰ ਸ਼ਾਮ ਨੂੰ ਸਟਾਰ ਨਾਈਟ ਕਰਵਾਈ ਜਾ ਰਹੀ ਹੈ ਅਤੇ ਇਸੇ ਤਹਿਤ 16 ਅਕਤੂਬਰ ਦੀ ਸ਼ਾਮ ਨੂੰ ਲੋਕ ਗਾਇਕ ਤੇ ਫ਼ਨਕਾਰ ਸਤਿੰਦਰ ਸਰਤਾਜ ਸਰੋਤਿਆਂ ਦੇ ਮਨੋਰੰਜਨ ਲਈ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਸੱਭਿਆਚਾਰ ਬਾਰੇ ਜਾਗਰੂਕਤਾ ਦੇ ਨਾਲ-ਨਾਲ ਸੈਲਫ ਹੈਲਪ ਗਰੁੱਪਾਂ ਵੱਲੋਂ ਬਣਾਏ ਜਾ ਰਹੇ ਕੁਦਰਤੀ ਤੇ ਰਵਾਇਤੀ ਉਤਪਾਦਾਂ ਨੂੰ ਲੋਕਾਂ ‘ਚ ਮਕਬੂਲ ਕਰਨ ‘ਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ।