ਕਲਾ ਅਤੇ ਨਾਟਕ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਉਣ ਵਾਲੀ ਕਮਲਾ ਦੇਵੀ ਦੀ ਕਹਾਣੀ ਦੇਖਣ ਨੂੰ ਮਿਲੀ
ਬਠਿੰਡਾ, 13 ਅਕਤੂਬਰ (ਲੋਕੇਸ਼ ਕੌਂਸਲ)
ਨਾਟਿਅਮ ਪੰਜਾਬ ਵੱਲੋਂ ਚੇਅਰਮੈਨ ਕਸ਼ਿਸ਼ ਗੁਪਤਾ, ਪ੍ਰਧਾਨ ਸੁਦਰਸ਼ਨ ਗੁਪਤਾ ਅਤੇ ਨਿਰਦੇਸ਼ਕ ਕੀਰਤੀ ਕ੍ਰਿਪਾਲ ਦੀ ਅਗਵਾਈ ਹੇਠ ਬਠਿੰਡਾ ਦੇ ਐੱਮ.ਆਰ.ਐੱਸ.ਪੀ.ਟੀ.ਯੂ. ਕੈਂਪਸ ਵਿਖੇ ਕਰਵਾਏ ਜਾ ਰਹੇ 15 ਰੋਜ਼ਾ 11ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੀ 12ਵੀਂ ਸ਼ਾਮ ਨੂੰ ਸੀਗੁੱਲ ਥੀਏਟਰ ਗੁਵਾਹਾਟੀ, ਆਸਾਮ ਦੇ ਕਲਾਕਾਰ ਦਰਸ਼ਕਾਂ ਦੇ ਸਨਮੁੱਖ ਹੋਏ। ਇਸ ਟੀਮ ਵੱਲੋਂ ਵੈਦੇਹੀ ਦਾ ਕੰਨੜਾ ਵਿਚ ਲਿਖਿਆ ਨਾਟਕ ਕਮਲਾ ਦੇਵੀ ਭਾਗੀਰਥੀ ਬਾਈ ਦੀ ਨਿਰਦੇਸ਼ਨਾ ਹੇਠ ਹਿੰਦੀ ਭਾਸ਼ਾ ਵਿਚ ਪੇਸ਼ ਕੀਤਾ ਗਿਆ। ਜਿਸ ਵਿਚ ਕਲਾਕਾਰਾਂ ਨੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਕਲਾ ਅਤੇ ਨਾਟਕ ਨਾਲ ਜੁੜੀ ਮਹਿਲਾ ਕਮਲਾ ਦੇਵੀ ਦੀ ਕਹਾਣੀ ਨੂੰ ਪੇਸ਼ ਕੀਤਾ ਜੋ ਆਪਣੇ ਬਚਪਨ ਤੋਂ ਹੀ ਮੁਸੀਬਤਾਂ ਦਾ ਸਾਹਮਣਾ ਕਰ ਰਹੀ ਹੈ। ਅੱਗੇ ਜਾ ਕੇ ਮਦਰਾਸ ਜਾ ਕੇ ਵੱਸਦੀ ਹੈ ਪਰ ਨਾਟਕ ਕਲਾ ਦਾ ਸਾਥ ਨਹੀਂ ਛੱਡਦੀ ਅਤੇ ਆਜ਼ਾਦੀ ਤੋਂ ਬਾਅਦ ਸੰਗੀਤ ਨਾਟਕ ਅਕਾਦਮੀ ‘ਤੇ ਨੈਸ਼ਨਲ ਸਕੂਲ ਆਫ ਡਰਾਮਾ ਦੀ ਬੁਨਿਆਦ ਰੱਖਣ ਵਿਚ ਵੀ ਯੋਗਦਾਨ ਪਾਉਂਦੀ ਹੈ।
ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ, ਪੰਜਾਬ ਸੰਗੀਤ ਨਾਟਕ ਅਕਾਦਮੀ, ਹਰਿਆਣਾ ਕਲਾ ਪ੍ਰੀਸ਼ਦ ਅਤੇ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਨਾਟਕ ਮੇਲੇ ਦੀ ਇਸ ਸ਼ਾਮ ਦੌਰਾਨ ਪਹੁੰਚੇ ਵਿਸ਼ੇਸ਼ ਮਹਿਮਾਨਾਂ ਅੰਮ੍ਰਿਤ ਲਾਲ ਅਗਰਵਾਲ, ਚੇਅਰਮੈਨ ਜਿਲਾ ਯੋਜਨਾ ਬੋਰਡ, ਡਾ. ਜੇ ਐਸ ਹੁੰਦਲ ਡਾਇਰੈਕਟਰ, ਪੀਯੂ ਰੀਜਨਲ ਸੈਂਟਰ, ਇਕਬਾਲ ਸਿੰਘ ਬੁੱਟਰ ਡਿਪਟੀ ਡੀਈਓ (ਸੈਕੰਡਰੀ), ਪ੍ਰੀਤ ਮਹਿੰਦਰ ਸਿੰਘ ਬਰਾੜ, ਪ੍ਰਧਾਨ ਬਠਿੰਡਾ ਸਾਈਕਲਿੰਗ ਗਰੁੱਪ ਨੇ ਆਪਣੀ ਹਾਜ਼ਰੀ ਨਾਲ ਸ਼ਾਮ ਦੀ ਰੌਣਕ ਵਿੱਚ ਵਾਧਾ ਕੀਤਾ ਅਤੇ ਸ਼ਮਾ ਰੌਸ਼ਨ ਕੀਤੀ। ਮਹਿਮਾਨਾਂ ਅਤੇ ਪ੍ਰਬੰਧਕਾਂ ਨੇ ਨਾਟਕ ਦੇਖਣ ਆਏ ਦਰਸ਼ਕਾਂ ਦੀ ਦਿਲਚਸਪੀ ਅਤੇ ਭਾਰੀ ਗਿਣਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।