ਝੋਨੇ ਦੀ ਪਰਾਲੀ ਸੰਭਾਲਣ ਲਈ ਪਿੰਡਾਂ ਚ ਮੌਜੂਦ ਖੇਤੀ ਸੰਦਾਂ ਦੀ ਇਕੱਠੀ ਲਿਸਟ ਕੀਤੀ ਜਾ ਰਹੀ ਹੈ ਤਿਆਰ
ਕਿਸਾਨਾਂ ਨੂੰ ਅਪੀਲ ਝੋਨੇ ਦੀ ਪਰਾਲੀ ਨਾ ਜਲਾਉਣ ਬਲਕਿ ਪ੍ਰਬੰਧਨ ਕਰਨ
ਰਘਵੀਰ ਹੈਪੀ ,ਬਰਨਾਲਾ, 30 ਸਤੰਬਰ 2022
ਝੋਨੇ ਦੀ ਪਰਾਲੀ ਦੀ ਨਾੜ ਨੂੰ ਅੱਗ ਨਾ ਲਗਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਲਾਮਬੰਦ ਹੈ । ਪਰਾਲੀ ਨੂੰ ਸਾੜਨ ਕਾਰਨ ਪੈਦਾ ਹੋਣ ਵਾਲੇ ਪ੍ਰਦੂਸ਼ਨ ਅਤੇ ਇਸ ਸਬੰਧੀ ਸਾਕਾਰ ਵਲੋਂ ਦਿੱਤੇ ਗਏ ਆਦੇਸ਼ ਦੀ ਉਲੰਘਣ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਸੈਕਟਰ ਅਫਸਰ ਅਤੇ ਕਲੱਸਟਰ ਕੋਆਰਡੀਨੇਟਰ ਤੈਨਾਤ ਕੀਤੇ ਗਏ ਹਨ । ਇਨ੍ਹਾਂ ਸਾਰੇ ਅਫਸਰਾਂ ਦੀ ਮੀਟਿੰਗ ਦੀ ਅੱਜ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਡਾ ਹਰੀਸ਼ ਨਈਅਰ ਨੇ ਦੱਸਿਆ ਕਿ ਜ਼ਿਲ੍ਹੇ ਨੂੰ ਕਾਨੂੰਗੋ ਸਰਕਲ ਦੇ ਅਨੁਸਾਰ ਵੰਡਿਆ ਗਿਆ ਹੈ। ਉਹਨਾਂ ਦੱਸਿਆ ਕਿ ਇਹ ਸਾਰੇ ਸੈਕਟਰ ਅਫਸਰ ਨੋਡਲ ਅਫਸਰਾਂ ਨਾਲ ਤਾਲਮੇਲ ਰੱਖਣਗੇ। ਜਿਥੇ ਵੀ ਨਾੜ ਨੂੰ ਅੱਗ ਲਗਾਉਣ ਦੀ ਘਟਨਾ ਬਾਰੇ ਪਤਾ ਲੱਗੇਗਾ, ਉੱਥੇ ਸਬੰਧਿਤ ਅਫਸਰ ਜਾ ਕੇ ਮੌਕਾ ਵੇਖਣਗੇ ਅਤੇ ਕਾਨੂੰਨੀ ਕਾਰਵਾਈ ਲਈ ਪੁਲਿਸ ਨੂੰ ਲਿਖਣਗੇ।
ਉਹਨਾਂ ਦੱਸਿਆ ਕਿ ਹੈ ਇਕ ਨੋਡਲ ਅਫਸਰ ਨੂੰ 2 ਤੋਂ 4 ਪਿੰਡ ਦਿੱਤੇ ਗਏ ਹਨ ਅਤੇ ਹਰ ਇਕ 10 ਪਿੰਡਾਂ ਉੱਤੇ ਇਕ ਕਲੱਸਟਰ ਅਫਸਰ ਨੂੰ ਲਗਾਇਆ ਗਿਆ ਹੈ । ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਕਾਨੂੰਗੋ ਹਲਕਾ ਬਰਨਾਲਾ, ਚੰਨਣਵਾਲ ਅਤੇ ਹਲਕਾ ਸੰਘੇੜਾ ਦੇ ਕਲੱਸਟਰ ਅਫਸਰ ਨੇ। ਇਸੇ ਤਰ੍ਹਾਂ ਸਕੱਤਰ ਮਾਰਕੀਟ ਕਮੇਟੀ ਬਰਨਾਲਾ ਨੂੰ ਕਾਨੂੰਗੋ ਹਲਕਾ ਵਜੀਦਕੇ ਕਲਾਂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਾਨੂੰਗੋ ਹਲਕਾ ਧਨੌਲਾ ਅਤੇ ਕਾਨੂੰਗੋ ਹਲਕਾ ਕਾਲੇਕੇ, ਉਪ ਮੰਡਲ ਮਾਜਸਟ੍ਰੇਟ ਤਪਾ ਨੂੰ ਕਾਨੂੰਗੋ ਹਲਕਾ ਰੂੜੇਕੇ, ਢਿਲਵਾਂ ਅਤੇ ਤਪਾ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਨੂੰ ਕਾਨੂੰਗੋ ਹਲਕਾ ਭਦੌੜ ਅਤੇ ਟੱਲੇਵਾਲ, ਸਕੱਤਰ ਮਾਰਕੀਟ ਕਮੇਟੀ ਬਰਨਾਲਾ ਨੂੰ ਮਹਿਲ ਕਲਾਂ ਆਦਿ ਵੰਡੇ ਗਏ ਹਨ।
ਉਹਨਾਂ ਕਿਸਾਨਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਖੇਤਾਂ ‘ਚ ਪਰਾਲੀ ਦੀ ਨਾੜ ਨੂੰ ਅੱਗ ਨਾ ਲਗਾਉਣ। ਉਹਨਾਂ ਦੱਸਿਆ ਕਿ ਸਰਕਾਰ ਵਲੋਂ ਪਰਾਲੀ ਦੇ ਪ੍ਰਬੰਧਾਂ ਲਈ ਮਸ਼ੀਨਾਂ ਵੰਡੀਆਂ ਗਈਆਂ ਹਨ ਜਿਹੜੀਆਂ ਕਿ ਵੱਖ ਵੱਖ ਪਿੰਡਾਂ ‘ਚ ਮੌਜਦ ਨੇ। ਇਸ ਸਬੰਧੀ ਸਾਰੇ ਖੇਤੀ ਸੰਦਾਂ ਦੀ ਲਿਸਟ ਬਣਾ ਕੇ ਸਾਂਝੀ ਕੀਤੀ ਜਾ ਰਹੀ ਹੈ ਜਿਸ ਵਿਚ ਕਿਸ ਪਿੰਡ ‘ਚ ਕਿਹੜੇ ਕਿਸਾਨ ਕੋਲ ਕਿਹੜਾ ਸੰਦ ਹੈ ਉਸ ਸਬੰਧੀ ਸਾਰੇ ਵੇਰਵੇ ਮੌਜੂਦ ਹੋਣਗੇ ।
ਇਸੇ ਤਰ੍ਹਾਂ ਉਹਨਾਂ ਨੇ ਨਗਰ ਕੌਂਸਲ ਦੇ ਕਾਰਜਕਾਰੀ ਅਫਸਰਾਂ ਨੂੰ ਹਿਦਾਅਤ ਕੀਤੀ ਕਿ ਵੱਖ ਵੱਖ ਨਗਰ ਕੌਂਸਲਾਂ ਕੋਲ ਮੌਜੂਦ ਅੱਗ ਬੁਝਾਉਣ ਵਾਲੀਆਂ ਗੱਡੀਆਂ ਨੂੰ ਹਾਈ ਵੇ ਉੱਤੇ ਇਸ ਤਰ੍ਹਾਂ ਨਾਲ ਤੈਨਾਤ ਕੀਤਾ ਜਾਵੇ ਕਿ ਲੋੜ ਪੈਣ ਉੱਤੇ ਇਹ ਗੱਡੀਆਂ ਜਲਦ ਤੋਂ ਜਲਦ ਅੱਗ ਵਾਲੀ ਥਾਂ ਉੱਤੇ ਪਹੁੰਚ ਸਕਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਪਰਮਵੀਰ ਸਿੰਘ, ਉਪ ਮੰਡਲ ਮੈਜਿਸਟ੍ਰੇਟ ਸ਼੍ਰੀ ਗੋਪਾਲ ਸਿੰਘ, ਤਹਿਸੀਲਦਾਰ ਮਿਸ ਦਿਵਿਆ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।