ਸਟੇਟ ਰੈਂਕਿੰਗ ਟੇਬਲ ਟੈਨਿਸ ਟੂਰਨਾਮੈਂਟ ਸਫ਼ਲਤਾਪੂਰਵਕ ਕਰਵਾਇਆ
ਬਰਨਾਲਾ (ਰਘੁਵੀਰ)
ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਅਧੀਨ ਇੱਥੇ ਲਾਲ ਬਹਾਦੁਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਵਿਖੇ ਕਰਵਾਇਆ ਤਿੰਨ ਰੋਜ਼ਾ ਤੀਜਾ ਪੰਜਾਬ ਸਟੇਟ ਰੈਂਕਿੰਗ ਟੇਬਲ ਟੈਨਿਸ ਟੂਰਨਾਮੈਂਟ ਸਫ਼ਲਤਾਪੂਰਵਕ ਪੂਰਵਕ ਸਮਾਪਤ ਹੋਇਆ ਜਿਸ ਵਿਚ ਪੰਜਾਬ ਭਰ ਤੋਂ 300 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ।
ਬਰਨਾਲਾ ਡਿਸਟ੍ਰਿਕਟ ਟੇਬਲ ਟੈਨਿਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰੀ ਰੰਜੀਵ ਗੋਇਲ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਪੰਜਾਬ ਦੇ ਪਟਿਆਲਾ, ਜਲੰਧਰ, ਫਤਹਿਗੜ੍ਹ ਸਾਹਿਬ, ਲੁਧਿਆਣਾ, ਅੰਮ੍ਰਿਤਸਰ, ਬਠਿੰਡਾ ਸਣੇ ਕਈ ਜ਼ਿਲ੍ਹਿਆਂ ਤੋਂ ਖਿਡਾਰੀਆਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਲੜਕੇ ਅਤੇ ਲੜਕੀਆਂ (ਅੰਡਰ 11) ਉਮਰ ਵਰਗ ਵਿੱਚ ਕ੍ਰਮਵਾਰ ਅੰਮ੍ਰਿਤਸਰ ਦੇ ਤ੍ਰਿਜਲ ਵੋਹਰਾ ਅਤੇ ਫਤਹਿਗੜ੍ਹ ਸਾਹਿਬ ਦੀ ਦ੍ਰਿਸ਼ਟੀ ਨੇ ਬਾਜ਼ੀ ਮਾਰੀ। ਲੜਕੇ ਅਤੇ ਲੜਕੀਆਂ (ਅੰਡਰ 13) ਵਿੱਚ ਅੰਮ੍ਰਿਤਸਰ ਦੇ ਤ੍ਰਿਜਲ ਵੋਹਰਾ ਅਤੇ ਕ੍ਰਿਸ਼ਵੀ ਨੇ ਬਾਜ਼ੀ ਮਾਰੀ। ਲੜਕੇ ਅਤੇ ਲੜਕੀਆਂ (ਅੰਡਰ 15) ਵਿੱਚ ਲੁਧਿਆਣਾ ਦੇ ਵਿਹਾਨ ਵਰਮਾ, ਲੁਧਿਆਣਾ ਦੀ ਗੁਲਸ਼ੀਨ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਲੜਕੇ ਅਤੇ ਲੜਕੀਆਂ (ਅੰਡਰ 17) ‘ਚ ਹਰਕੁੰਵਰ ਸਿੰਘ ਅਤੇ ਮਾਨਿਆ ਨੇ ਪਹਿਲਾ ਸਥਾਨ ਮੱਲਿਆ। ਲੜਕੇ ਅਤੇ ਲੜਕੀਆਂ (ਅੰਡਰ 19) ਚ ਸੋਨੂੰ ਤੇ ਗੁਰਸ਼ੀਨ ਨੇ ਪਹਿਲਾ ਸਥਾਨ ਹਾਸਲ ਕੀਤਾ। ਮੈੱਨ ਸਿੰਗਲ, ਵਿਮੈੱਨ ਸਿੰਗਲ ਮੁਕਾਬਲਾ ਕ੍ਰਮਵਾਰ ਨਮਨ ਅਤੇ ਆਰੂਸ਼ੀ ਨੇ ਜਿੱਤਿਆ।
ਇਸ ਮੌਕੇ ਐਸੋਸੀਏਸ਼ਨ ਦੇ ਸੀਨੀਅਰ ਵਾਈਸ ਪ੍ਰਧਾਨ ਆਸ਼ੂਤੋਸ਼ ਧਰਨੀ, ਪ੍ਰਦੀਪ ਅਗਰਵਾਲ, ਪੰਕਜ ਬਾਂਸਲ, ਰਾਕੇਸ਼ ਕੁਮਾਰ, ਚੰਦਨ, ਵਿਜੈ ਬਾਂਸਲ, ਕਰਨ ਬਾਂਸਲ, ਕੋਚ ਬਰਿੰਦਰਜੀਤ ਕੌਰ, ਐਲਬੀਐਸ ਕਾਲਜ ਦੇ ਪ੍ਰਿੰਸੀਪਲ ਨੀਲਮ ਸ਼ਰਮਾ ਆਦਿ ਹਾਜ਼ਰ ਸਨ।