ਰਘਵੀਰ ਹੈਪੀ , ਬਰਨਾਲਾ 25 ਸਤੰਬਰ 2022
ਨਾਮਵਾਰ ਨਾਟਕਕਾਰ ਗੁਰਸ਼ਰਨ ਭਾਅ ਜੀ ਦੀ ਯਾਦ ‘ਚ ਪਿੰਡ ਦੀਵਾਨਾ ਵਿਖੇ 26 ਨੂੰ ਜਾਗੋ ਅਤੇ 27 ਸਤੰਬਰ ਨਾਟਕ ਮੇਲੇ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦੇਣ ਲਈ ਅੱਜ ਪਿੰਡ ਦੀ ਤਿਆਰੀ ਅਤੇ ਪ੍ਰਬੰਧਕੀ ਕਮੇਟੀ ਦੀ ਮੀਟਿੰਗ ਹੋਈ। ਜਿਕਰਯੋਗ ਹੈ ਕਿ 27 ਸਤੰਬਰ 2011 ਨੂੰ ਸਦੀਵੀ ਵਿਛੋੜਾ ਦੇ ਗਏ ਸ਼੍ਰੋਮਣੀ ਨਾਟਕਕਾਰ ਗੁਰਸ਼ਰਨ ਸਿੰਘ ਦੀ ਯਾਦ ‘ਚ ਹਰ ਸਾਲ ਮਨਾਇਆ ਜਾਂਦਾ ਇਨਕਲਾਬੀ ਰੰਗ ਮੰਚ ਦਿਹਾੜਾ ਇਸ ਸਾਲ ਪਿੰਡ ਦੀਵਾਨਾ ਵਿੱਚ ਜੋਸ਼ ਖ਼ਰੋਸ ਨਾਲ਼ ਮਨਾਉਂਣ ਦੀਆਂ ਜ਼ੋਰਦਾਰ ਤਿਆਰੀਆਂ ਮੁਕੰਮਲ ਕਰ ਲਈਆ ਹਨ। ਨਗਰ ਨਿਵਾਸੀ, ਪੰਜਾਬ ਲੋਕ ਸੱਭਿਆਚਾਰਕ ਮੰਚ ਪਲਸ ਮੰਚ, ਪਿੰਡ ਦੀਆਂ ਸਮੂਹ ਸੰਸਥਾਵਾ ਪਲਕਾਂ ਵਿਛਾ ਕੇ ਉਡੀਕ ਕਰ ਰਹੀਆਂ ਹਨ।
ਪ੍ਰਚਾਰ ਮੁਹਿੰਮ, ਘਰ ਘਰ ਸੁਨੇਹਾ, ਲਾਮਬੰਦੀ, ਫੰਡ ਇਕੱਠਾ ਕਰਨ, ਜਾਗੋ,ਲੰਗਰ, ਫਲੈਕਸਾਂ, ਪੰਡਾਲ,ਲਾਈਟ, ਸਾਉੰਡ, ਵਲੰਟੀਅਰ , ਵਿਸ਼ੇਸ਼ ਕਰਕੇ ਔਰਤਾਂ ਦੀ ਸ਼ਮੂਲੀਅਤ ਆਦਿ ਕੰਮਾਂ ਤੇ ਮੁੜ ਝਾਤ ਮਾਰਕੇ ਯਕੀਨੀ ਬਣਾ ਲਿਆ ਹੈ।
ਮੀਂਹ ਦੀ ਪ੍ਰਵਾਹ ਨਾ ਕਰਨਾ ਬਦਲਵੇਂ ਪ੍ਰਬੰਧ ਵੀ ਸੋਚ ਰੱਖੇ ਹਨ। ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਸਹਾਇਕ ਸਕੱਤਰ ਹਰਕੇਸ਼ ਚੌਧਰੀ ਅਤੇ ਸੂਬਾ ਕਮੇਟੀ ਮੈਂਬਰ ਹਰਵਿੰਦਰ ਦੀਵਾਨਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਸ਼ਰਨ ਭਾਅ ਜੀ ਦੀ ਯਾਦ ‘ਚ ਪਿੰਡ ਵਿੱਚ ਮਨਾਇਆ ਜਾਣ ਵਾਲਾ ਪਲੇਠਾ ਨਾਟਕ ਅਤੇ ਗੀਤ ਸੰਗੀਤ ਮੇਲਾ ਯਾਦਗਾਰੀ ਹੋਏਗਾ।
ਨਾਟਕ ਮੇਲੇ ‘ਚ ਹਰਵਿੰਦਰ ਦੀਵਾਨਾ ਅਤੇ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਵਿਚ ਕ੍ਰਮਵਾਰ, ‘ਵਾਜਾਂ ਮਾਰੇ ਜੱਲ੍ਹਿਆਂ ਦਾ ਬਾਗ਼ ‘ ਅਤੇ ਵਿਦਰੋਹੀ ਨਾਟਕ ਖੇਡੇ ਜਾਣਗੇ। ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ, ਲੋਕ ਸੰਗੀਤ ਮੰਡਲੀ ਜੀਦਾ ਅਤੇ ਲੋਕ ਸੰਗੀਤ ਮੰਡਲੀ ਭਦੌੜ ਗੀਤ ਸੰਗੀਤ ਪੇਸ਼ ਕਰਨਗੀਆਂ। ਡਾ. ਨਵਸ਼ਰਨ ,ਡਾ. ਅਰੀਤ, ਮਨਜੀਤ ਔਲਖ ਅਤੇ ਅਮੋਲਕ ਸਿੰਘ ਬੁਲਾਰੇ ਹੋਣਗੇ।
ਅੱਜ ਪਿੰਡ ਵਿੱਚ ਹੋਈ ਮੀਟਿੰਗ ਵਿੱਚ ਸਤਨਾਮ ਦੀਵਾਨਾ, ਹਰਜੀਤ ਸਿੰਘ, ਜਗਦੇਵ ਸਿੰਘ, ਪਵਿੱਤਰ ਸਿੰਘ, ਗੁਰਜੰਟ ਸਿੰਘ, ਬਲਵਿੰਦਰ ਸਿੰਘ ਬਾਬਾ,ਹੁਸ਼ਿਆਰ ਸਿੰਘ, ਕੁਲਵੰਤ ਸਿੰਘ, ਪਾਲੀ ਸਿੰਘ, ਅਜਮੇਰ ਸਿੰਘ, ਗੁਰਦਿਆਲ ਸਿੰਘ ਅਤੇ ਕਰਨੈਲ ਸਿੰਘ ਸ਼ਾਮਲ ਸਨ।