* ਧਨੌਲਾ ਦੇ ਐਸਐਚਉ ਤੋਂ ਤਫਤੀਸ਼ ਬਦਲ ਕੇ ਸੀਆਈਏ ਇੰਚਾਰਜ ਨੂੰ ਦਿੱਤੀ
* ਤਫਤੀਸ਼ ਸੀਆਈਏ ਨੂੰ ਦੇਣ ਤੋਂ ਅਸਲਾ ਐਕਟ ਲਾਉਣ ਦੇ ਮਿਲੇ ਸੰਕੇਤ
ਤਫਤੀਸ਼ ਦੀ ਫਾਈਲ ਮਿਲੀ , ਪੜ੍ਹਨ ਤੋਂ ਬਾਅਦ ਹੋਵੇਗਾ ਅਗਲਾ ਐਕਸ਼ਨ-ਬਲਜੀਤ ਸਿੰਘ
ਹਰਿੰਦਰ ਨਿੱਕਾ ਬਰਨਾਲਾ 6 ਮਈ 2020
ਵਿਵਾਦਿਤ ਪੰਜਾਬੀ ਲੋਕ ਗਾਇਕ ਸਿੱਧੂ ਮੂਸੇਵਾਲੇ ਦੀਆਂ ਸਮੇਂ ਸਮੇਂ ਤੇ ਨਿੱਕਲ ਰਹੀਆਂ ਬੇਸੁਰੀਆਂ ਸੁਰਾਂ ਨੂੰ ਹੁਣ ਬਰਨਾਲਾ ਦਾ ਸੀਆਈਏ ਕੇਂਦਰ ਸੈਟ ਕਰੇਗਾ। ਯਾਨੀ ਸਿੱਧੂ ਮੂਸੇਵਾਲਾ ਤੇ ਉਸ ਦੇ 8 ਹੋਰ ਸਹਿਦੋਸ਼ੀਆਂ ਖਿਲਾਫ ਬਡਬਰ ਪਿੰਡ ਚ, ਕਰਫਿਊ ਦੌਰਾਨ ਏ.ਕੇ. 47 ਨਾਲ ਕੀਤੀ ਗਈ ਫਾਇਰੰਗ ਸਬੰਧੀ ਧਨੌਲਾ ਥਾਣੇ ਚ, ਦਰਜ਼ ਕੇਸ ਦੀ ਜਾਂਚ ਐਸਐਸਪੀ ਸੰਦੀਪ ਗੋਇਲ ਨੇ ਸੀਆਈਏ ਬਰਨਾਲਾ ਦੇ ਇੰਚਾਰਜ ਬਲਜੀਤ ਸਿੰਘ ਨੂੰ ਤਫਤੀਸ਼ ਲਈ ਸੌਂਪ ਦਿੱਤੀ ਹੈ। ਇਸ ਦੀ ਪੁਸ਼ਟੀ ਸੀਆਈਏ ਦੇ ਇੰਚਾਰਜ਼ ਬਲਜੀਤ ਸਿੰਘ ਨੇ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਤਫਤੀਸ਼ ਲਈ ਫਾਇਲ ਉਨ੍ਹਾਂ ਕੋਲ ਪਹੁੰਚ ਗਈ ਹੈ। ਸਫਾ ਮਿਸਲ ਤੇ ਲਿਆਂਦੇ ਸਾਰੇ ਤੱਥਾਂ ਦੀ ਗਹਿਰਾਈ ਨਾਲ ਘੋਖ ਕਰਨ ਤੋਂ ਬਾਅਦ ਉਹ ਕੇਸ ਦਾ ਰੁੱਖ ਤੈਅ ਕਰਕੇ ਦੁੱਧੋਂ ਪਾਣੀ ਨਿਤਾਰ ਦੇਣਗੇ। ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਵਰਨਣਯੋਗ ਹੈ ਕਿ ਸਿੱਧੂ ਮੂਸੇਵਾਲਾ ਨੇ ਸੰਗਰੂਰ ਦੇ ਡੀਐਸਪੀ ਹੈਡਕੁਆਟਰ ਦਲਜੀਤ ਸਿੰਘ ਵਿਰਕ ਦੇ 5 ਗੰਨਮੈਨਾਂ ਤੇ ਹੋਰ ਵਿਅਕਤੀਆਂ ਸਣੇ, ਅਪ੍ਰੈਲ ਮਹੀਨੇ ਦੇ ਅੰਤਿਮ ਦਿਨਾਂ ਚ, ਬਰਨਾਲਾ ਜਿਲ੍ਹੇ ਦੇ ਪਿੰਡ ਬਡਬਰ ਦੇ ਟਿੱਬਿਆਂ ਤੇ ਬਣੀ ਰਾਈਫਲ ਰੇਂਜ ਚ, ਕਰਫਿਊ ਦੇ ਬਾਵਜੂਦ ਏ.ਕੇ. 47 ਨਾਲ ਫਾਇਰੰਗ ਕੀਤੀ ਸੀ। ਇਸ ਦੀ ਵੀਡੀਉ ਵਾਇਰਲ ਹੋਣ ਤੋਂ ਬਾਅਦ ਡੀਜੀਪੀ ਦਿਨਕਰ ਗੁਪਤਾ ਦੀਆਂ ਹਦਾਇਤਾਂ ਅਨੁਸਾਰ ਥਾਣਾ ਧਨੌਲਾ ਚ, ਸਿੱਧੂ ਮੂਸੇਵਾਲਾ , ਕਰਮ ਸਿੰਘ ਲਹਿਲ ਸੰਗਰੂਰ, ਜੰਗਸ਼ੇਰ ਸਿੰਘ ਪਟਿਆਲਾ, ਇੰਦਰ ਗਰੇਵਾਲ ਅਤੇ ਸੰਗਰੂਰ ਦੇ ਏਐਸਆਈ ਬਲਕਾਰ ਸਿੰਘ, ਹੌਲਦਾਰ ਗਗਨਦੀਪ ਸਿੰਘ , ਹੌਲਦਾਰ ਗੁਰਜਿੰਦਰ ਸਿੰਘ ,ਸਿਪਾਹੀ ਜਸਵੀਰ ਅਤੇ ਹਰਵਿੰਦਰ ਸਿੰਘ ਸੰਗਰੂਰ ਦੇ ਖਿਲਾਫ ਅਧੀਨ ਜੁਰਮ 188 ਆਈਪੀਸੀ ਅਤੇ 51 ਡਿਜਾਸਟਰ ਮੈਨੇਜਮੈਂਟ ਐਕਟ ਦੇ ਤਹਿਤ ਕੇਸ ਦਰਜ਼ ਕੀਤਾ ਗਿਆ ਸੀ। ਪਰੰਤੂ ਕੇਸ ਦੇ ਤਫਤੀਸ਼ ਅਧਿਕਾਰੀ ਐਸਐਚਉ ਮੇਜਰ ਸਿੰਘ ਨੇ ਐਫਆਈਆਰ ਚ, ਫਾਇਰੰਗ ਹੋਣ ਦਾ ਜਿਕਰ ਕਰਨ ਤੋਂ ਬਾਅਦ ਵੀ ਅਸਲਾ ਐਕਟ ਦੀ ਧਾਰਾ ਨਹੀਂ ਲਗਾਈ ਸੀ। ਜਿਸ ਤੋਂ ਬਾਅਦ ਪ੍ਰਦੇਸ਼ ਭਰ ਚ, ਦੋਸ਼ੀਆਂ ਖਿਲਾਫ ਅਸਲਾ ਐਕਟ ਦੀ ਧਾਰਾ ਨਾ ਲਾਉਣ ਕਾਰਣ ਬਰਨਾਲਾ ਪੁਲਿਸ ਦੀ ਕਾਰਵਾਈ ਤੇ ਉਂਗਲਾਂ ਉੱਠਣੀਆਂ ਸ਼ੁਰੂ ਹੋ ਗਈਆ ਸਨ। ਹੁਣ ਇਸ ਕੇਸ ਦੀ ਜਾਂਚ ਸੀਆਈਏ ਕੋਲ ਬਦਲ ਜਾਣ ਨਾਲ ਜੁਰਮ ਚ, ਵਾਧਾ ਹੋਣ ਦਾ ਸੰਕੇਤ ਐਸਐਸਪੀ ਨੇ ਦੇ ਦਿੱਤਾ ਹੈ। ਕਿਉਂਕਿ ਕਰਫਿਊ ਦੀ ਉਲੰਘਣਾ ਦੇ ਸਧਾਰਣ ਕੇਸ ਦੀ ਜਾਂਚ ਸੀਆਈਏ ਨੂੰ ਦੇਣ ਦੀ ਕੋਈ ਤੁਕ ਹੀ ਨਹੀਂ ਬਣਦੀ।